12 ਸਾਲ ਦੀ ਬੱਚੀ ਨਾਲ ਇਸ ਦਰਿੰਦੇ ਨੇ ਕੀਤੀ ਸੀ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਵਾਰਦਾਤ, ਹੁਣ ਪੁੱਜਾ ਪੁਲਸ ਰਿਮਾਂਡ ''ਤੇ
Saturday, Aug 12, 2017 - 07:08 PM (IST)
ਜਲੰਧਰ(ਮਹੇਸ਼)— 6ਵੀਂ ਜਮਾਤ ਵਿਚ ਪੜ੍ਹਦੀ 12 ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ ਕਰਕੇ ਉਸ ਨੂੰ ਗਰਭਵਤੀ ਬਣਾਉਣ ਵਾਲੇ ਦੋਸ਼ੀ ਮੂਲ ਤੌਰ 'ਤੇ ਵੈਸਟ ਬੰਗਾਲ ਨਿਵਾਸੀ ਸੁਦਰਸ਼ਨ ਨੂੰ ਸ਼ੁੱਕਰਵਾਰ ਥਾਣਾ ਸਦਰ ਦੀ ਪੁਲਸ ਨੇ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ, ਜਦੋਂਕਿ ਪੀੜਤ ਬੱਚੀ ਅਨਮੋਲ (ਕਾਲਪਨਿਕ ਨਾਂ) ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪਰਾਗਪੁਰ ਪੁਲਸ ਚੌਕੀ ਇੰਚਾਰਜ ਐੱਸ. ਆਈ. ਰਵਿੰਦਰ ਕੁਮਾਰ ਨੇ ਦੱਸਿਆ ਕਿ ਪਿੰਡ ਨੰਗਲ ਨਗਰ ਖਾਂ ਵਿਚ ਕਿਰਾਏ 'ਤੇ ਰਹਿੰਦੇ ਕਰੀਬ 45 ਸਾਲ ਦੇ ਦੋਸ਼ੀ ਸੁਦਰਸ਼ਨ ਨੇ ਮਕਾਨ ਮਾਲਕ ਦੀ ਬੇਟੀ ਨੂੰ ਤਿੰਨ ਮਹੀਨੇ ਤਕ ਆਪਣੀ ਹਵਸ ਦਾ ਸ਼ਿਕਾਰ ਬਣਾਉਂਦੇ ਹੋਏ ਉਸ ਨੂੰ ਗਰਭਵਤੀ ਕਰ ਦਿੱਤਾ ਸੀ।
ਪੁਲਸ ਨੇ ਪੀੜਤ ਬੱਚੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਦੋਸ਼ੀ ਕਿਰਾਏਦਾਰ ਖਿਲਾਫ ਥਾਣਾ ਸਦਰ ਵਿਚ ਕੇਸ ਦਰਜ ਕਰਕੇ ਉਸ ਨੂੰ ਵੀਰਵਾਰ ਹੀ ਗ੍ਰਿਫਤਾਰ ਕਰ ਲਿਆ ਸੀ। ਦੋ ਦਿਨ ਦੇ ਰਿਮਾਂਡ ਦੌਰਾਨ ਦੋਸ਼ੀ ਸੁਦਰਸ਼ਨ ਤੋਂ ਪੁਲਸ 12 ਸਾਲ ਦੀ ਬੱਚੀ ਨਾਲ ਕੀਤੇ ਗਏ ਜਬਰ-ਜ਼ਨਾਹ ਨੂੰ ਲੈ ਕੇ ਪੁੱਛਗਿੱਛ ਕਰ ਰਹੀ ਹੈ। ਪੀੜਤ ਬੱਚੀ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
