ਗੱਜ-ਵੱਜ ਕੇ ਕਰਨਾ ਸੀ ਧੀ ਦਾ ਵਿਆਹ, ਤਾਰੀਖ਼ ਨੇੜੇ ਆਉਂਦੇ ਹੀ ਮੁੰਡੇ ਵਾਲਿਆਂ ਦੀ ਕਰਤੂਤ ਨੇ ਉਡਾਏ ਹੋਸ਼
Friday, Jun 09, 2023 - 12:02 PM (IST)
ਲੁਧਿਆਣਾ (ਰਾਜ) : ਕੁੜੀ ਨਾਲ ਮੰਗਣੀ ਤੋਂ ਬਾਅਦ ਵਿਆਹ ਦੀ ਤਾਰੀਖ਼ ਤੈਅ ਹੋ ਗਈ। ਜਦੋਂ ਤਾਰੀਖ਼ ਨੇੜੇ ਆਈ ਤਾਂ ਮੁੰਡੇ ਅਤੇ ਉਸ ਦੇ ਪਰਿਵਾਰ ਨੇ ਦਾਜ ’ਚ ਕੈਸ਼ ਅਤੇ ਗੱਡੀ ਦੀ ਮੰਗ ਕੀਤੀ। ਕੁੜੀ ਵਾਲਿਆਂ ਨੇ ਮੰਗ ਪੂਰੀ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਮੁੰਡੇ ਵਾਲਿਆਂ ਨੇ ਵਿਆਹ ਕਰਨ ਤੋਂ ਹੀ ਇਨਕਾਰ ਕਰ ਦਿੱਤਾ। ਇਸ ’ਤੇ ਕੁੜੀ ਵਾਲਿਆਂ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ, ਜਿਸ ਦੀ ਜਾਂਚ ਤੋਂ ਬਾਅਦ ਵਰਿੰਦਰ ਕੁਮਾਰ ਦੀ ਸ਼ਿਕਾਇਤ ’ਤੇ ਅੰਮ੍ਰਿਤਸਰ ਦੇ ਰਹਿਣ ਵਾਲੇ ਮੁਲਜ਼ਮ ਮੁੰਡੇ ਗੁਰਸਾਹਿਬ ਸਿੰਘ, ਪਰਮਜੀਤ ਸਿੰਘ ਅਤੇ ਨਰਿੰਦਰ ਕੌਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਫੀਲਡਗੰਜ ਦੇ ਰਹਿਣ ਵਾਲੇ ਵਰਿੰਦਰ ਨੇ ਪੁਲਸ ਨੂੰ ਸ਼ਿਕਾਇਤ ’ਚ ਦੱਸਿਆ ਕਿ ਉਸ ਦੀ ਭਤੀਜੀ ਦਾ ਵਿਆਹ ਗੁਰਸਾਹਿਬ ਸਿੰਘ ਨਾਲ ਤੈਅ ਹੋਇਆ ਸੀ। 2 ਅਕਤੂਬਰ, 2022 ਨੂੰ ਵਿਆਹ ਦੀ ਤਾਰੀਖ਼ ਵੀ ਤੈਅ ਹੋ ਗਈ ਪਰ ਵਿਆਹ ਤੋਂ ਕੁੱਝ ਦਿਨ ਪਹਿਲਾਂ ਮੁਲਜ਼ਮਾਂ ਨੇ ਉਨ੍ਹਾਂ ਤੋਂ 20 ਲੱਖ ਰੁਪਏ ਕੈਸ਼ ਅਤੇ ਇਕ ਲਗਜ਼ਰੀ ਗੱਡੀ ਦੀ ਮੰਗ ਕੀਤੀ।
ਇਹ ਵੀ ਪੜ੍ਹੋ : ਲੋਪੋਕੇ ਪੁਲਸ ਤੇ BSF ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਕਰੋੜਾਂ ਦੀ ਹੈਰੋਇਨ ਬਰਾਮਦ
ਜਦੋਂ ਉਨ੍ਹਾਂ ਨੇ ਇੰਨਾ ਦਾਜ ਦੇਣ ਤੋਂ ਅਸਮਰੱਥਤਾ ਜਤਾਈ ਤਾਂ ਮੁਲਜ਼ਮਾਂ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਧੀ ਦੇ ਵਿਆਹ ਦੀਆਂ ਤਿਆਰੀਆਂ ਕਰਦੇ ਪਰਿਵਾਰ ਦੇ ਹੋਸ਼ ਉੱਡ ਗਏ। ਇਸ ਤਰ੍ਹਾਂ ਵਿਆਹ ਟੁੱਟਣ ’ਤੇ ਉਨ੍ਹਾਂ ਦੀ ਰਿਸ਼ਤੇਦਾਰੀ ’ਚ ਕਾਫੀ ਬੇਇੱਜ਼ਤੀ ਹੋਈ। ਫਿਰ ਉਨ੍ਹਾਂ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦੇ ਕੇ ਇਨਸਾਫ਼ ਦੀ ਮੰਗ ਕੀਤੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ