NRI ਮੁੰਡੇ ਨਾਲ ਵਿਆਹ ਕਰਵਾ ਅਮਰੀਕਾ ਪੁੱਜੀ ਕੁੜੀ, ਅਸਲੀਅਤ ਸਾਹਮਣੇ ਆਈ ਤਾਂ ਸਹੁਰਿਆਂ ਦੇ ਉੱਡੇ ਹੋਸ਼
Monday, Aug 08, 2022 - 12:18 PM (IST)
ਘਨੌਰ (ਅਲੀ) : ਨੇੜਲੇ ਪਿੰਡ ਸਰਾਲਾ ਖੁਰਦ ਦੇ ਜੰਮਪਲ ਰਾਜਿੰਦਰ ਸਿੰਘ ਪੁੱਤਰ ਰਾਧਾ ਕ੍ਰਿਸ਼ਨ ਨੇ ਦੱਸਿਆ ਕਿ ਕਿ ਉਨ੍ਹਾਂ ਦੀ ਨੂੰਹ ਨੇ ਉਨ੍ਹਾਂ ਦੇ ਪੁੱਤਰ ਸਤਿੰਦਰ ਸਿੰਘ ਨਾਲ ਵਿਆਹ ਕਰਵਾਉਣ ਦੇ ਬਾਵਜੂਦ ਦੂਜਾ ਵਿਆਹ ਕਰਵਾ ਕੇ ਸਾਡੇ ਨਾਲ ਧੋਖਾ ਕੀਤਾ ਹੈ। ਰਾਜਿੰਦਰ ਸਿੰਘ ਅੱਜ-ਕੱਲ੍ਹ ਅਮਰੀਕਾ ’ਚ ਰਹਿ ਰਹੇ ਹਨ। ਜਾਣਕਾਰੀ ਦਿੰਦਿਆਂ ਰਾਜਿੰਦਰ ਸਿੰਘ ਅਤੇ ਮੁੰਡੇ ਦੇ ਮਾਮਾ ਜਸਵਿੰਦਰ ਸਿੰਘ ਸੋਨੇਮਾਜਰਾ ਹਲਕਾ ਘਨੌਰ ਨੇ ਦੱਸਿਆ ਕਿ ਉਨ੍ਹਾਂ ਨੇ ਐੱਨ. ਆਰ. ਆਈ. ਵਿੰਗ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਨ੍ਹਾਂ ਦੇ ਪੁੱਤਰ ਸਤਿੰਦਰ ਸਿੰਘ ਦਾ ਵਿਆਹ 28 ਅਕਤੂਬਰ, 2019 ਨੂੰ ਭਾਰਤ ਦੇ ਰੀਤੀ-ਰਿਵਾਜ਼ਾਂ ਨਾਲ ਪੂਨਰਵਾਸੂ ਸ਼ਰਮਾ ਪੁੱਤਰੀ ਰਾਜੇਸ਼ ਕੁਮਾਰ ਵਾਸੀ ਫਰੀਦਕੋਟ ਨਾਲ ਹੋਇਆ ਸੀ। ਦੋਵੇਂ ਪਤੀ-ਪਤਨੀ ਇਕ ਮਹੀਨਾ ਪਰਿਵਾਰ ਨਾਲ ਭਾਰਤ ’ਚ ਇਕੱਠੇ ਰਹੇ ਅਤੇ 10 ਦਿਨ ਲਈ ਦੋਵੇਂ ਪਤੀ-ਪਤਨੀ ਮਲੇਸ਼ੀਆ ਦੇ ਟੂਰ ’ਤੇ ਵੀ ਗਏ ਸਨ। ਇਸ ਤੋਂ ਬਾਅਦ ਨਵੰਬਰ 2019 ਦੇ ਆਖ਼ਰੀ ਹਫ਼ਤੇ ’ਚ ਸਾਡਾ ਸਾਰਾ ਪਰਿਵਾਰ ਅਮਰੀਕਾ ਆ ਗਿਆ, ਜਦੋਂ ਕਿ ਸਾਡੀ ਨੂੰਹ ਪੂਨਰਵਾਸੂ ਸ਼ਰਮਾ ਭਾਰਤ ’ਚ ਹੀ ਕਦੇ ਸਹੁਰੇ ਪਰਿਵਾਰ ਅਤੇ ਕਦੇ ਆਪਣੇ ਮਾਪਿਆਂ ਕੋਲ ਰਹਿੰਦੀ ਰਹੀ। ਅਸੀਂ ਅਮਰੀਕਾ ਜਾ ਕੇ ਨੂੰਹ ਦੇ ਕਾਗਜ਼ਾਂ ਦੀ ਫਾਈਲ ਅਪਲਾਈ ਕਰ ਦਿੱਤੀ ਪਰ ਕੋਰੋਨਾ ਸੰਕਟ ਦੌਰਾਨ ਲਾਕਡਾਊਨ ਲੱਗਾ ਹੋਣ ਕਰ ਕੇ ਸਾਡੀ ਨੂੰਹ ਦਾ ਅਮਰੀਕਾ ਆਉਣਾ ਲੇਟ ਹੋ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ਭਰ ਦੀਆਂ ਤਹਿਸੀਲਾਂ 'ਚ ਅੱਜ ਕਾਲੋਨਾਈਜ਼ਰਾਂ ਤੇ ਪ੍ਰਾਪਰਟੀ ਡੀਲਰਾਂ ਵੱਲੋਂ ਧਰਨਾ-ਪ੍ਰਦਰਸ਼ਨ
ਉਨ੍ਹਾਂ ਨੇ ਦੱਸਿਆ ਕਿ ਮੇਰੀ ਨੂੰਹ ਪੂਨਰਵਾਸੂ ਸ਼ਰਮਾ 12 ਮਾਰਚ, 2022 ਨੂੰ ਸਾਡੇ ਕੋਲ ਅਮਰੀਕਾ ਪਹੁੰਚ ਗਈ। ਅਸੀਂ ਸਾਰੇ ਪਰਿਵਾਰ ਸਮੇਤ ਅਮਰੀਕਾ ਇਕੱਠੇ ਰਹਿੰਦੇ ਰਹੇ। ਉਨ੍ਹਾਂ ਦੱਸਿਆ ਕਿ ਹਫ਼ਤੇ 10 ਦਿਨਾਂ ਬਾਅਦ ਵਿਅਕਤੀ ਸੌਰਵ ਕੁਮਾਰ ਵਾਸੀ ਸਾਹਨੇਵਾਲ ਨੇ ਸਾਡੇ ਨਾਲ ਸੰਪਰਕ ਕੀਤਾ ਕਿ ਇਹ ਜੋ ਕੁੜੀ ਤੁਸੀਂ ਰੱਖੀ ਹੋਈ ਹੈ, ਇਹ ਮੇਰੇ ਘਰਵਾਲੀ ਹੈ। ਉਸ ਸਮੇਂ ਸਾਡੇ ਪੈਰਾਂ ਥੱਲਿਓਂ ਜ਼ਮੀਨ ਖ਼ਿਸਕ ਗਈ। ਉਸ ਵਿਅਕਤੀ ਨੇ ਸਾਡੇ ਕੋਲ ਸਾਰੇ ਪਰੂਫ, ਵੀਡੀਓ, ਤਸਵੀਰਾਂ ਆਦਿ ਸਮੇਤ ਵਿਆਹ ’ਚ ਹੋਣ ਵਾਲੇ ਸਾਰੇ ਰੀਤੀ-ਰਿਵਾਜ਼ਾਂ ਦੀਆਂ ਫੋਟੋਆਂ ਭੇਜ ਦਿੱਤੀਆਂ। ਮੁੰਡੇ ਵਾਲਿਆਂ ਦੇ ਕਹਿਣ ਮੁਤਾਬਕ ਕਿ ਸੌਰਵ ਕੁਮਾਰ ਨੇ ਇਹ ਵੀ ਦੱਸਿਆ ਕਿ ਪੂਨਰਵਾਸੂ ਸ਼ਰਮਾ ਸਾਡੇ ਨਾਲ ਵੀ ਧੋਖਾ ਕਰ ਕੇ ਅਤੇ ਕੁੱਝ ਪੈਸੇ ਹੜੱਪ ਕੇ ਇੱਥੋਂ ਮੈਨੂੰ ਛੱਡ ਕੇ ਚਲੀ ਗਈ ਹੈ। ਇਸ ਸਬੰਧੀ ਜਦੋਂ ਸਤਿੰਦਰ ਸਿੰਘ ਪੁੱਤਰ ਰਾਜਿੰਦਰ ਸਿੰਘ ਨੇ ਆਪਣੀ ਪਤਨੀ ਪੂਨਰਵਾਸੂ ਸ਼ਰਮਾ ਨੂੰ ਪੁੱਛਿਆ ਤਾਂ ਉਸ ਨੇ ਪਰਿਵਾਰ ਨਾਲ ਝਗੜਾ ਕੀਤਾ ਅਤੇ 15 ਅਪ੍ਰੈਲ, 2022 ਨੂੰ ਬਿਨਾਂ ਦੱਸੇ ਘਰੋਂ ਚਲੀ ਗਈ, ਜੋ ਕਿ ਅਮਰੀਕਾ ਦੀ ਪੱਕੀ ਪੀ. ਆਰ. ਹੈ। ਉਸ ਨਾਲ ਕੋਈ ਸੰਪਰਕ ਵੀ ਨਹੀਂ ਹੋ ਰਿਹਾ। ਉਨ੍ਹਾਂ ਪੁਲਸ ਐੱਨ. ਆਰ. ਆਈ. ਵਿੰਗ ਅਤੇ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕਰਦਿਆਂ ਕਿਹਾ ਕਿ ਦੋ ਪਰਿਵਾਰਾਂ ਦੇ ਚਿਰਾਗਾਂ ਦੀ ਜ਼ਿੰਦਗੀ ਬਰਬਾਦ ਕਰਨ ਵਾਲੀ ਪੂਨਰਵਾਸੂ ਸ਼ਰਮਾ ’ਤੇ ਕਰਵਾਈ ਕਰਦਿਆਂ ਉਸ ਨੂੰ ਅਮਰੀਕਾ ਤੋਂ ਡਿਪੋਰਟ ਕਰ ਕੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ : ਪੰਜਾਬ ਦੇ 6 ਆਈ. ਟੀ. ਆਈ. ਸੰਸਥਾਨਾਂ 'ਚ ਡਰੋਨ ਬਣਾਉਣ ਤੇ ਉਡਾਉਣ ਦੀ ਦਿੱਤੀ ਜਾਵੇਗੀ ਟ੍ਰੇਨਿੰਗ
ਕੁੜੀ ਦੇ ਪਿਤਾ ਨੇ ਮਾਮਲੇ ’ਤੇ ਜਤਾਈ ਅਣਜਾਣਤਾ
ਇਸ ਸਬੰਧੀ ਜਦੋਂ ਭਾਰਤ ਰਹਿੰਦੇ ਕੁੜੀ ਦੇ ਪਿਤਾ ਰਾਜੇਸ਼ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੇਰੀ ਕੁੜੀ ਵੱਲੋਂ ਕਰਵਾਏ ਦੂਜੇ ਵਿਆਹ ਬਾਰੇ ਮੈਨੂੰ ਕੁੱਝ ਨਹੀਂ ਪਤਾ ਸੀ। ਉਨ੍ਹਾਂ ਕਿਹਾ ਕਿ ਜਦੋਂ ਮੇਰੀ ਕੁੜੀ ਅਮਰੀਕਾ ਰਾਜਿੰਦਰ ਸਿੰਘ ਦੇ ਪਰਿਵਾਰ ’ਚ ਸੀ ਤਾਂ ਉਨ੍ਹਾਂ ਦਾ ਫਰਜ਼ ਬਣਦਾ ਸੀ ਕਿ ਉਹ ਮੇਰੇ ਨਾਲ ਇਸ ਘਟਨਾ ਸਬੰਧੀ ਗੱਲ ਕਰਦੇ। ਉਨ੍ਹਾਂ ਕਿਹਾ ਕਿ ਮੇਰੀ ਕੁੜੀ ਬਿਗਾਨੇ ਮੁਲਕ ’ਚ ਕਿਵੇਂ ਰਹਿ ਰਹੀ ਹੈ, ਉਸ ਦੀ ਸਾਨੂੰ ਬਹੁਤ ਚਿੰਤਾ ਹੈ।
ਦੂਜੇ ਪਤੀ ਨੇ ਗੱਲ ਕਰਨ ਤੋਂ ਵੱਟਿਆ ਪਾਸਾ
ਜਦੋਂ ਦੂਜਾ ਵਿਆਹ ਕਰਵਾਉਣ ਵਾਲੇ ਪਤੀ ਸੌਰਭ ਕੁਮਾਰ ਸ਼ਰਮਾ ਨਾਲ ਗੱਲ ਕੀਤੀ ਤਾਂ ਉਸ ਨੇ ਮੀਡੀਆ ਨੂੰ ਕੋਈ ਵੀ ਗੱਲਬਾਤ ਦੱਸਣ ਤੋਂ ਪਾਸਾ ਹੀ ਵੱਟ ਲਿਆ ਪਰ ਉਸ ਦੀ ਮਾਤਾ ਫੋਨ ਅਤੇ ਆਡੀਓ ਰਿਕਾਰਡਿੰਗ ’ਚ ਸਭ ਕੁੱਝ ਮੰਨ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ