ਘਰ ਉਪਰੋਂ ਲੰਘਦੀਆਂ ਨੀਵੀਆਂ ਬਿਜਲੀ ਦੀਆਂ ਤਾਰਾਂ ਬਣੀਆਂ ਲੋਕਾਂ ਦੀ ਜਾਨ ਦਾ ''ਖੌਅ''

Monday, Jun 19, 2017 - 07:54 AM (IST)

ਬੱਧਨੀ ਕਲਾਂ  (ਮਨੋਜ) - ਇਸ ਖੇਤਰ ਦੇ ਪਿੰਡ ਲੋਪੋਂ ਦੀ ਇਕ ਬਸਤੀ ਦੇ ਘਰਾਂ ਦੀਆਂ ਛੱਤਾਂ ਉਪਰੋਂ ਲੰਘਦੀਆਂ ਬਿਜਲੀ ਦੀਆਂ ਨੀਵੀਆਂ ਤਾਰਾਂ ਲੋਕਾਂ ਦੀ ਜਾਨ ਦਾ 'ਖੌਅ' ਬਣ ਗਈਆਂ ਹਨ। ਇਨ੍ਹਾਂ ਘਰਾਂ 'ਚ ਰਹਿਣ ਵਾਲੇ ਲੋਕਾਂ ਦੀ ਇਕ ਔਰਤ ਸੁਖਮਨ ਕੌਰ ਪਤਨੀ ਹਰਜਿੰਦਰ ਸਿੰਘ ਬੀਤੇ ਦਿਨ ਦੇਰ ਸ਼ਾਮ ਤਾਰਾਂ ਦੀ ਲਪੇਟ 'ਚ ਆ ਗਈ, ਜਿਸ ਨੂੰ ਇਕ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਕਾਰਨ ਅੱਜ ਲੋਕਾਂ ਨੇ ਪਾਵਰਕਾਮ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਇੱਥੋਂ ਤਾਰਾਂ ਦੀ ਲਾਈਨ ਹਟਾਉਣ ਦੀ ਮੰਗ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ।  ਇਸ ਮੌਕੇ ਪ੍ਰਦਰਸ਼ਨਕਾਰੀਆਂ ਸਾਧੂ ਸਿੰਘ, ਸ਼ਿੰਦਰ ਸਿੰਘ, ਦਰਸ਼ਨ ਸਿੰਘ, ਨਿਰਮਲ ਸਿੰਘ, ਜਗਜੀਤ ਸਿੰਘ ਅਤੇ ਬਲਜੀਤ ਸਿੰਘ ਨੇ ਦੱਸਿਆ ਕਿ ਘਰਾਂ ਦੀਆਂ ਛੱਤਾਂ ਤੋਂ ਨੀਵੀਆਂ ਤਾਰਾਂ ਲੰਘਣ ਕਾਰਨ ਲੋਕਾਂ ਦਾ ਆਪਣੇ ਹੀ ਘਰਾਂ ਦੀਆਂ ਛੱਤਾਂ 'ਤੇ ਚੜ੍ਹਨਾ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਤਾਰਾਂ ਦੀ ਲਾਈਨ ਨੂੰ ਹਟਾਉਣ ਲਈ ਉਹ ਕਈ ਵਾਰ ਇਸ ਸਬੰਧੀ ਪਾਵਰਕਾਮ ਦੇ ਅਧਿਕਾਰੀਆਂ ਨੂੰ ਜਾਣੂ ਕਰਵਾ ਚੁੱਕੇ ਹਨ ਪਰ ਪਾਵਰਕਾਮ ਵੱਲੋਂ ਇਸ ਲਾਈਨ ਨੂੰ ਹਟਾਉਣ ਲਈ ਹਜ਼ਾਰਾਂ ਰੁਪਏ ਦਾ ਖਰਚ ਮਹਿਕਮੇ ਕੋਲ ਜਮ੍ਹਾ ਕਰਵਾਉਣ ਸਬੰਧੀ ਕਿਹਾ ਗਿਆ ਹੈ ਪਰ ਇੰਨੇ ਪੈਸੇ ਗਰੀਬ ਲੋਕ ਭਰਨ ਤੋਂ ਅਸਮਰਥ ਹਨ।
ਉਨ੍ਹਾਂ ਮੰਗ ਕੀਤੀ ਸਰਕਾਰ ਅਤੇ ਪ੍ਰਸ਼ਾਸਨ ਮਹਿਕਮੇ ਨੂੰ ਇਹ ਹੁਕਮ ਤੁਰੰਤ ਜਾਰੀ ਕਰੇ ਕਿ ਮਹਿਕਮਾ ਸਰਕਾਰੀ ਪੱਧਰ 'ਤੇ ਇਸ ਲਾਈਨ ਨੂੰ ਹਟਾਵੇ। ਉਨ੍ਹਾਂ ਭਰੇ ਮਨ ਨਾਲ ਦੱਸਿਆ ਕਿ ਜੇਕਰ ਇਸ ਸਮੱਸਿਆ ਵੱਲ ਜਲਦ ਧਿਆਨ ਨਾ ਦਿੱਤਾ ਗਿਆ ਤਾਂ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।  ਇਸ ਦੌਰਾਨ ਪ੍ਰਦੀਪ ਕੌਰ, ਗੁਰਮੀਤ ਕੌਰ, ਮੋਹਨ ਸਿੰਘ, ਸੁਖਦੇਵ ਸਿੰਘ, ਨਿਰਮਲ ਸਿੰਘ, ਸ਼ਿੰਦਰ ਸਿੰਘ, ਮਨਦੀਪ ਸਿੰਘ, ਬੇਅੰਤ ਸਿੰਘ, ਰਾਜ ਕੌਰ, ਲਵਪ੍ਰੀਤ ਸਿੰਘ, ਚਰਨਜੀਤ ਕੌਰ, ਹਰਜਿੰਦਰ ਕੌਰ, ਰਾਜਵਿੰਦਰ ਕੌਰ, ਸਰਬਜੀਤ ਕੌਰ, ਕੁਲਦੀਪ ਕੌਰ, ਜਸਵਿੰਦਰ ਕੌਰ, ਕਮਲਜੀਤ ਸਿੰਘ ਆਦਿ ਮੌਜੂਦ ਸਨ।


Related News