ਜਲੰਧਰ: ਸਪਾ ਸੈਂਟਰ 'ਚ ਹੋਏ ਗੈਂਗਰੇਪ ਦੇ ਮਾਮਲੇ ਦਾ ਮਾਸਟਰਮਾਈਂਡ ਆਸ਼ੀਸ਼ ਤੇ ਸਾਥੀ ਇੰਦਰ ਗ੍ਰਿਫ਼ਤਾਰ

Sunday, May 23, 2021 - 10:20 AM (IST)

ਜਲੰਧਰ: ਸਪਾ ਸੈਂਟਰ 'ਚ ਹੋਏ ਗੈਂਗਰੇਪ ਦੇ ਮਾਮਲੇ ਦਾ ਮਾਸਟਰਮਾਈਂਡ ਆਸ਼ੀਸ਼ ਤੇ ਸਾਥੀ ਇੰਦਰ ਗ੍ਰਿਫ਼ਤਾਰ

ਜਲੰਧਰ (ਜ. ਬ.)– ਮਾਡਲ ਟਾਊਨ ਸਥਿਤ ਕਲਾਊਡ ਸਪਾ ਸੈਂਟਰ ਵਿਚ ਨਾਬਾਲਗ ਕੁੜੀ ਨਾਲ ਗੈਂਗਰੇਪ ਦੇ ਮਾਮਲੇ ਵਿਚ ਪੁਲਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲਸ ਨੇ ਗੈਂਗਰੇਪ ਦੀ ਘਟਨਾ ਵਿਚ ਲੋੜੀਂਦੇ ਅਤੇ ਮਾਮਲੇ ਦੇ ਮਾਸਟਰਮਾਈਂਡ ਆਸ਼ੀਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਤਾ ਲੱਗਾ ਹੈ ਕਿ ਦੇਰ ਰਾਤ ਪੁਲਸ ਨੇ ਆਸ਼ੀਸ਼ ਨੂੰ ਕਾਬੂ ਕੀਤਾ। ਪੁਲਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਪਤਾ ਲੱਗਾ ਹੈ ਕਿ ਆਸ਼ੀਸ਼ ਦੇ ਨਾਲ-ਨਾਲ ਉਸ ਦੇ ਇਕ ਹੋਰ ਸਾਥੀ ਇੰਦਰ ਨੂੰ ਵੀ ਪੁਲਸ ਨੇ ਕਾਬੂ ਕਰ ਲਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਦੇਰ ਰਾਤ ਦੋਵਾਂ ਨੂੰ ਕਾਬੂ ਕਰਨ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਲਈ ਗਠਿਤ ਐੱਸ. ਆਈ. ਟੀ. ਨੇ ਸੀ. ਆਈ. ਸਟਾਫ਼ ਵਿਚ ਜਾ ਕੇ ਉਨ੍ਹਾਂ ਦੋਵਾਂ ਕੋਲੋਂ ਪੁੱਛਗਿੱਛ ਕੀਤੀ ਹੈ। ਦੋਵਾਂ ਮੁਲਜ਼ਮਾਂ ਨੇ ਪੁਲਸ ਸਾਹਮਣੇ ਅਸਲੀਅਤ ਉਗਲ ਦਿੱਤੀ ਹੈ ਪਰ ਪੁਲਸ ਅਧਿਕਾਰੀਆਂ ਨੇ ਇਸ ਬਾਰੇ ਅਜੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਹੈ।

ਜਾਣਕਾਰੀ ਮਿਲੀ ਹੈ ਕਿ ਆਸ਼ੀਸ਼ ਅਤੇ ਇੰਦਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਉਨ੍ਹਾਂ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ 6 ਮਈ ਨੂੰ ਮਾਡਲ ਟਾਊਨ ਦੇ ਕਲਾਊਡ ਸਪਾ ਸੈਂਟਰ ਵਿਚ ਇਕ ਲੁਧਿਆਣਾ ਨਿਵਾਸੀ 15 ਸਾਲਾ ਨਾਬਾਲਗਾ ਨਾਲ ਗੈਂਗਰੇਪ ਹੋਇਆ ਸੀ, ਜਿਸ ਵਿਚ ਕਲਾਊਡ ਸਪਾ ਸੈਂਟਰ ਦਾ ਮਾਲਕ ਆਸ਼ੀਸ਼ ਬਹਿਲ, ਸੋਹਿਤ, ਜੋਤੀ, ਇੰਦਰ ਅਤੇ ਅਰਸ਼ਦ ਖਾਨ ਸ਼ਾਮਲ ਸਨ। ਜੋਤੀ ਅਤੇ ਸੋਹਿਤ ਪਹਿਲਾਂ ਹੀ ਪੁਲਸ ਦੇ ਹੱਥੇ ਚੜ੍ਹ ਚੁੱਕੇ ਹਨ।

ਇਹ ਵੀ ਪੜ੍ਹੋ: ਜਲੰਧਰ: ਭਾਬੀ ਨਾਲ ਰੰਗਰਲੀਆਂ ਮਨਾ ਰਹੇ ਪਤੀ ਨੂੰ ਪਤਨੀ ਨੇ ਰੰਗੇ ਹੱਥੀਂ ਫੜਿਆ, ਫਿਰ ਜੋ ਹੋਇਆ ਉਹ ਤਾਂ ਹੱਦ ਹੋ ਗਈ

PunjabKesari

ਕ੍ਰਾਈਮ ਸੀਨ ’ਤੇ ਜੋਤੀ ਨੇ ਉਗਲੀ ਮਾਮਲੇ ਦੀ ਅਸਲੀਅਤ
ਗ੍ਰਿਫ਼ਤਾਰ ਮਹਿਲਾ ਸਾਜ਼ਿਸ਼ਕਰਤਾ ਜੋਤੀ ਨੂੰ ਸਪਾ ਵਿਚ ਲਿਜਾ ਕੇ ਕ੍ਰਾਈਮ ਸੀਨ ਰੀ-ਕ੍ਰੀਏਟ ਕਰਵਾਇਆ ਗਿਆ। ਦੂਜੇ ਪਾਸੇ ਪੁਲਸ ਨੇ ਸ਼ਨੀਵਾਰ ਸਾਰਾ ਦਿਨ ਜੋਤੀ ਕੋਲੋਂ ਪੁੱਛਗਿੱਛ ਕੀਤੀ, ਜਿਸ ਵਿਚ ਜੋਤੀ ਵੱਲੋਂ ਦਾਅਵਾ ਕੀਤਾ ਗਿਆ ਤਾਂ ਇਸ ਮਾਮਲੇ ਦਾ ਮਾਸਟਰਮਾਈਂਡ ਆਸ਼ੀਸ਼ ਹੀ ਹੈ। ਜੋਤੀ ਨੇ ਕਿਹਾ ਕਿ ਲੜਕੀਆਂ ਲਈ ਕਾਲ ਆਸ਼ੀਸ਼ ਦੀ ਹੀ ਆਉਂਦੀ ਸੀ। ਓਧਰ ਪੁਲਸ ਜੋਤੀ ਦਾ ਹੋਰ ਰਿਮਾਂਡ ਲੈਣ ਦੀ ਤਿਆਰੀ ਕਰ ਰਹੀ ਹੈ। ਪੁਲਸ ਸੂਤਰਾਂ ਅਨੁਸਾਰ ਜੋਤੀ ਡਰੱਗਜ਼ ਦੀ ਇੰਨੀ ਆਦੀ ਹੈ ਕਿ ਪੁਲਸ ਵੱਲੋਂ ਪੁੱਛਗਿੱਛ ਦੌਰਾਨ ਉਸਨੂੰ ਦੌਰਾ ਪੈ ਗਿਆ। ਇਸ ਦੌਰਾਨ ਪੁਲਸ ਨੂੰ ਡਾਕਟਰੀ ਸਹਾਇਤਾ ਲੈਣੀ ਪਈ। ਇਸ ਕਾਰਨ ਪੁਲਸ ਨੂੰ ਉਸ ਕੋਲੋਂ ਪੁੱਛਗਿੱਛ ਕਰਨ ਵਿਚ ਕਾਫੀ ਦਿੱਕਤ ਵੀ ਆ ਰਹੀ ਹੈ।

ਇਹ ਵੀ ਪੜ੍ਹੋ: ਭੁਲੱਥ ਦੇ ਹੋਟਲ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਪੁਲਸ ਨੇ ਛਾਪਾ ਮਾਰ ਰੰਗੇ ਹੱਥੀਂ ਫੜਿਆ ਜੋੜਾ

ਅਰਸ਼ਦ ਦੀ ਭਾਲ ’ਚ ਯੂ. ਪੀ. ਪੁਲਸ ਦੀ ਮਦਦ
ਮੁਲਜ਼ਮ ਅਰਸ਼ਦ ਖਾਨ ਦੀ ਭਾਲ ਵਿਚ ਅੰਮ੍ਰਿਤਸਰ, ਫਗਵਾੜਾ ਅਤੇ ਫਿਲੌਰ ਵਿਚ ਛਾਪੇ ਮਾਰੇ ਜਾ ਰਹੇ ਹਨ। ਅਰਸ਼ਦ ਖ਼ਾਨ ਦੀ ਭਾਲ ਵਿਚ ਪੁਲਸ ਨੇ ਲੁਧਿਆਣਾ ਤੋਂ ਲੈ ਕੇ ਉੱਤਰ ਪ੍ਰਦੇਸ਼ ਤੱਕ ਟਰੈਪ ਲਾਇਆ ਹੋਇਆ ਹੈ। ਦੂਜੇ ਪਾਸੇ ਹੁਣ ਐੱਸ. ਆਈ. ਟੀ. ਵੱਲੋਂ ਵੱਖ-ਵੱਖ ਜ਼ਿਲਿਆਂ ਦੀ ਪੁਲਸ ਨਾਲ ਸੰਪਰਕ ਕੀਤਾ ਗਿਆ ਹੈ। ਦੂਜੇ ਪਾਸੇ ਲੁਧਿਆਣਾ ਦੇ ਰਹਿਣ ਵਾਲੇ ਗੈਰੀ ਜਿਹੜਾ ਕਿ ਕਾਰ ਵਿਚ ਪੀੜਤਾ ਨੂੰ ਲੁਧਿਆਣਾ ਤੋਂ ਜਲੰਧਰ ਲਿਆਇਆ ਸੀ, ਦੀ ਭਾਲ ਵਿਚ ਲੁਧਿਆਣਾ ਰੂਰਲ ਦੇ ਵੱਖ-ਵੱਖ ਇਲਾਕਿਆਂ ਵਿਚ ਛਾਪੇ ਮਾਰੇ ਜਾ ਰਹੇ ਹਨ। ਲੁਧਿਆਣਾ ਦੇ ਜੋਧਾਂ ਪਿੰਡ ਵਿਚ ਉਸਦੇ ਘਰ ਨੂੰ ਤਾਲਾ ਲੱਗਿਆ ਮਿਲਿਆ ਹੈ।

ਇਨ੍ਹਾਂ ਇਲਾਕਿਆਂ ’ਚ ਚੱਲ ਰਹੇ ਸਪਾ ਸੈਂਟਰਾਂ ’ਤੇ ਪੁਲਸ ਦੀ ਨਜ਼ਰ
ਜਾਣਕਾਰੀ ਅਨੁਸਾਰ ਪੁਲਸ ਸ਼ਹਿਰ ਵਿਚ ਚੱਲ ਰਹੇ ਅੱਯਾਸ਼ੀ ਅਤੇ ਸਪਾ ਸੈਂਟਰਾਂ ਦੀ ਜਾਂਚ ਵਿਚ ਲੱਗ ਗਈ ਹੈ। ਪੁਲਸ ਨੂੰ ਹੁਣ ਤੱਕ ਆਸ਼ੀਸ਼ ਦੇ ਅਰਬਨ ਅਸਟੇਟ, 66 ਫੁੱਟੀ ਰੋਡ, ਛੋਟੀ ਬਾਰਾਦਰੀ, ਸੂਰਿਆ ਐਨਕਲੇਵ, ਕਰੋਲ ਬਾਗ, ਮਾਡਲ ਟਾਊਨ ਅਤੇ ਬਸਤੀ ਬਾਵਾ ਖੇਲ ਲੈਦਰ ਕੰਪਲੈਕਸ ਵਿਚ ਸਥਿਤ ਸਪਾ ਸੈਂਟਰ ਬਾਰੇ ਜਾਣਕਾਰੀ ਮਿਲੀ ਹੈ। ਪੁਲਸ ਇਨ੍ਹਾਂ ਨੂੰ ਸੀਲ ਕਰਨ ਦੀਆਂ ਤਿਆਰੀਆਂ ਕਰ ਰਹੀ ਹੈ।

PunjabKesari

ਇਹ ਵੀ ਪੜ੍ਹੋ: ਜਲੰਧਰ: ਗੈਂਗਰੇਪ ਦੇ ਮਾਮਲੇ 'ਚ ਗ੍ਰਿਫ਼ਤਾਰ ਜੋਤੀ ਦੇ ਖ਼ੁਲਾਸਿਆਂ ਤੋਂ ਪੁਲਸ ਵੀ ਹੈਰਾਨ, ਇੰਝ ਚੱਲਦੀ ਸੀ ਇਹ ਗੰਦੀ ਖੇਡ

ਪੀ. ਪੀ. ਆਰ. ਦਾ ਰੈਸਟੋਰੈਂਟ ਮਾਲਕ ਸਵਾਲਾਂ ਦੇ ਘੇਰੇ ’ਚ
ਜਲੰਧਰ ਦੇ ਕਲਾਊਡ ਸਪਾ ਸੈਂਟਰ ’ਚ ਨਾਬਾਲਗਾ ਨਾਲ ਗੈਂਗਰੇਪ ਦੇ ਮੁੱਖ ਮੁਲਜ਼ਮ ਆਸ਼ੀਸ਼ ਉਰਫ਼ ਦੀਪਕ ਬਹਿਲ ਨਾਲ ਸਬੰਧਾਂ ਨੂੰ ਲੈ ਕੇ ਪੀ. ਪੀ. ਆਰ. ਮਾਲ ਦਾ ਰੈਸਟੋਰੈਂਟ ਮਾਲਕ ਫਿਰ ਤੋਂ ਸਵਾਲਾਂ ਦੇ ਘੇਰੇ ਵਿਚ ਹੈ। ਰੈਸਟੋਰੈਂਟ ਦੇ ਮਾਲਕ ਦੇ ਆਸ਼ੀਸ਼ ਨਾਲ ਸਬੰਧ ਰਹੇ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਲੰਧਰ ਪੁਲਸ ਹੁਣ ਆਸ਼ੀਸ਼ ਦੀ ਕਾਲ ਡਿਟੇਲਜ਼ ਵਿਚੋਂ ਨੰਬਰ ਕੱਢ ਕੇ ਲੋਕਾਂ ਨੂੰ ਸੱਦਣ ਦੀ ਤਿਆਰੀ ਕਰ ਰਹੀ ਹੈ, ਜਿਨ੍ਹਾਂ ਦੀ ਅਕਸਰ ਆਸ਼ੀਸ਼ ਨਾਲ ਗੱਲ ਹੁੰਦੀ ਸੀ। ਇਸੇ ਵਿਚ ਰੈਸਟੋਰੈਂਟ ਮਾਲਕ ਦਾ ਵੀ ਨੰਬਰ ਆਇਆ ਹੈ। ਹਾਲ ਹੀ ਵਿਚ ਜਦੋਂ ਰੈਸਟੋਰੈਂਟ ਖੋਲ੍ਹਿਆ ਗਿਆ ਸੀ ਤਾਂ ਉਸ ਸਮੇਂ ਵੀ ਆਸ਼ੀਸ਼ ਓਪਨਿੰਗ ਵਿਚ ਸ਼ਾਮਲ ਹੋਇਆ ਸੀ। ਇਸ ਗੱਲ ਨੂੰ ਲੈ ਕੇ ਪੁਲਸ ਹੋਰ ਵੀ ਜਾਂਚ ਕਰ ਰਹੀ ਹੈ।

ਵੱਡਾ ਸਵਾਲ : ਕਿਥੋਂ ਆਉਂਦੀ ਸੀ ਆਸ਼ੀਸ਼ ਕੋਲ ਡਰੱਗਜ਼
ਜ਼ਿਲ੍ਹਾ ਪੁਲਸ ਨੂੰ ਆਸ਼ੀਸ਼ ਦੇ ਮਾਮਲੇ ਵਿਚ ਇਕ ਵੱਡੀ ਲੀਡ ਮਿਲੀ ਹੈ ਕਿ ਉਸ ਕੋਲ ਜਿਹੜੀਆਂ ਲੜਕੀਆਂ ਮੁਹੱਈਆ ਕਰਵਾਈਆਂ ਜਾਂਦੀਆਂ ਸਨ, ਉਹ ਅਕਸਰ ਡਰੱਗਜ਼ ਦੀਆਂ ਆਦੀ ਹੁੰਦੀਆਂ ਸਨ। ਇਹ ਖੁਲਾਸਾ ਜੋਤੀ ਨੇ ਵੀ ਪੁੱਛਗਿੱਛ ਵਿਚ ਕੀਤਾ ਹੈ। ਹੁਣ ਇਹ ਪਤਾ ਲੱਗਾ ਹੈ ਕਿ ਆਸ਼ੀਸ਼ ਦੀ ਕਾਲ ਡਿਟੇਲਜ਼ ਵਿਚੋਂ ਕੁਝ ਅਜਿਹੇ ਸ਼ੱਕੀ ਨੰਬਰ ਮਿਲੇ ਹਨ, ਜਿਨ੍ਹਾਂ ਦਾ ਡਰੱਗਜ਼ ਦੇ ਧੰਦੇ ਨਾਲ ਸਬੰਧ ਹੋ ਸਕਦਾ ਹੈ। ਪੁਲਸ ਇਨ੍ਹਾਂ ਨੰਬਰਾਂ ਦੀ ਜਾਂਚ ਕਰਕੇ ਅੱਗੇ ਦੀ ਕਾਰਵਾਈ ਦੀ ਤਿਆਰੀ ਕਰ ਰਹੀ ਹੈ।

ਇਹ ਵੀ ਪੜ੍ਹੋ: ਜਲੰਧਰ ਦੇ ਡੀ. ਸੀ. ਦੀ ਸਖ਼ਤੀ, ਕੋਵਿਡ ਮਰੀਜ਼ਾਂ ਤੋਂ ਵਾਧੂ ਚਾਰਜ ਕਰਨ ਵਾਲੇ ਪ੍ਰਾਈਵੇਟ ਹਸਪਤਾਲਾਂ ਦੀ ਹੁਣ ਖੈਰ ਨਹੀਂ

10 ਤੋਂ 30 ਹਜ਼ਾਰ ਪ੍ਰਤੀ ਲੜਕੀ ਕਮਿਸ਼ਨ
ਖ਼ਬਰ ਤਾਂ ਇਹ ਵੀ ਮਿਲੀ ਹੈ ਕਿ ਆਸ਼ੀਸ਼ ਦੇ ਸੰਪਰਕ ਵਿਚ ਜੋਤੀ ਤੋਂ ਇਲਾਵਾ ਵੀ ਕੁਝ ਲੋਕ ਹਨ, ਜਿਹੜੇ ਉਸ ਨੂੰ ਲੜਕੀਆਂ ਮੁਹੱਈਆ ਕਰਵਾਉਂਦੇ ਸਨ, ਜਿਸ ਬਦਲੇ ਆਸ਼ੀਸ਼ ਉਨ੍ਹਾਂ ਨੂੰ ਕਮਿਸ਼ਨ ਦਿੰਦਾ ਸੀ। ਪਤਾ ਲੱਗਾ ਹੈ ਕਿ ਆਸ਼ੀਸ਼ ਇਕ ਲੜਕੀ ਬਦਲੇ 10 ਤੋਂ ਲੈ ਕੇ 30 ਹਜ਼ਾਰ ਰੁਪਏ ਤੱਕ ਕਮਿਸ਼ਨ ਦਿੰਦਾ ਸੀ। ਪਤਾ ਲੱਗਾ ਹੈ ਕਿ ਆਸ਼ੀਸ਼ ਕੋਲ ਜੋਤੀ ਤੋਂ ਇਲਾਵਾ ਵੀ ਕਈ ਹੋਰ ਦਲਾਲ ਸਨ, ਜਿਹੜੀਆਂ ਲੜਕੀਆਂ ਮੁਹੱਈਆ ਕਰਵਾਉਂਦੇ ਸਨ। ਆਸ਼ੀਸ਼ ਦੇ ਮੋਬਾਇਲ ਦੀ ਟਰੇਸਿੰਗ ਵਿਚ ਵੀ ਅਜਿਹੇ ਕੁਝ ਲੋਕਾਂ ਦੇ ਨੰਬਰ ਸਾਹਮਣੇ ਆਏ ਹਨ, ਜਿਹੜੇ ਪੰਜਾਬ ਤੋਂ ਬਾਹਰ ਦੇ ਹਨ। ਪੁਲਸ ਇਨ੍ਹਾਂ ਨੰਬਰਾਂ ਤੋਂ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਿਰ ਇਨ੍ਹਾਂ ਲੋਕਾਂ ਦਾ ਆਸ਼ੀਸ਼ ਨਾਲ ਕੀ ਸਬੰਧ ਸੀ। ਆਸ਼ੀਸ਼ ਦੇ ਮੋਬਾਇਲ ਤੋਂ ਦਿੱਲੀ ਅਤੇ ਯੂ. ਪੀ. ਦੇ ਕੁਝ ਨੰਬਰ ਮਿਲੇ ਹਨ, ਜਿਨ੍ਹਾਂ ’ਤੇ ਮਹੀਨੇ ਵਿਚ 5 ਤੋਂ 10 ਵਾਰ ਫੋਨ ਕਰਦਾ ਸੀ। ਉਹ ਕਿਉਂ ਫੋਨ ਕਰਦਾ ਸੀ ਅਤੇ ਉਨ੍ਹਾਂ ਨੰਬਰਾਂ ’ਤੇ ਕੀ ਡੀਲ ਕੀਤੀ ਜਾਂਦੀ ਸੀ, ਇਹ ਜਾਂਚ ਦਾ ਵਿਸ਼ਾ ਹੈ।

ਗਾਹਕ ਦੇ ਅਨੁਸਾਰ ਬਣਦਾ ਸੀ ਪੈਕੇਜ
ਸ਼ਹਿਰ ਅਤੇ ਸ਼ਹਿਰ ਤੋਂ ਬਾਹਰ ਦੇ ਸ਼ੌਕੀਨ ਲੋਕਾਂ ਨੂੰ ਖੁਸ਼ ਕਰਨ ਲਈ ਆਸ਼ੀਸ਼ ਕੋਲ ਮਠਿਆਈ ਦੀ ਦੁਕਾਨ ਵਾਂਗ ਪੈਕੇਜ ਹੁੰਦੇ ਸਨ। ਜਿੰਨੀ ਮਠਿਆਈ ਦੀ ਕੀਮਤ ਜ਼ਿਆਦਾ, ਓਨਾ ਮਠਿਆਈ ਦਾ ਮਜ਼ਾ। ਪਤਾ ਲੱਗਾ ਹੈ ਕਿ ਆਸ਼ੀਸ਼ ਗਾਹਕ ਦੀ ਡਿਮਾਂਡ ਅਨੁਸਾਰ ਹੋਟਲ ਵਿਚ ਬੁਕਿੰਗ ਵੀ ਕਰਵਾਉਂਦਾ ਸੀ। ਬੁਕਿੰਗ ਦੌਰਾਨ ਲੜਕੀਆਂ ਮੁਹੱਈਆ ਕਰਵਾਈਆਂ ਜਾਂਦੀਆਂ ਸਨ ਅਤੇ ਇਕ ਰਾਤ ਦੇ 20 ਹਜ਼ਾਰ ਰੁਪਏ ਵਸੂਲ ਕਰ ਲਏ ਜਾਂਦੇ ਸਨ। ਇਸ ਮਾਮਲੇ ਵਿਚ ਖਾਸ ਗੱਲ ਜਿਹੜੀ ਸਾਹਮਣੇ ਆਈ ਹੈ ਕਿ ਪੈਕੇਜ ਵਿਚ ਆਲੀਸ਼ਾਨ ਹੋਟਲ ਦਾ ਰੂਮ, ਮਹਿੰਗੀ ਸ਼ਰਾਬ ਅਤੇ ਸ਼ਬਾਬ ਮੁਹੱਈਆ ਕਰਵਾਇਆ ਜਾਂਦਾ ਸੀ। ਇਹ ਪੈਕੇਜ ਗਾਹਕ ਅਨੁਸਾਰ ਬਣਾਇਆ ਜਾਂਦਾ ਸੀ। ਜਿੰਨਾ ਪੈਕੇਜ ਵਧਦਾ ਜਾਂਦਾ, ਓਨੀ ਸ਼ਰਾਬ ਅਤੇ ਸ਼ਬਾਬ ਦੀ ਕੁਆਲਿਟੀ ਵਧਦੀ ਜਾਂਦੀ। ਇਹ ਵੀ ਪਤਾ ਲੱਗਾ ਹੈ ਕਿ ਸ਼ਹਿਰ ਅਤੇ ਸ਼ਹਿਰ ਤੋਂ ਬਾਹਰ ਕਈ ਤਰ੍ਹਾਂ ਦੇ ਆਯੋਜਨ ਆਸ਼ੀਸ਼ ਐਂਡ ਟੀਮ ਵੱਲੋਂ ਕੀਤੇ ਜਾਂਦੇ ਸਨ।

ਇਹ ਵੀ ਪੜ੍ਹੋ:  ਜਲੰਧਰ: ਗੈਂਗਰੇਪ ਦੀ ਸ਼ਿਕਾਰ ਕੁੜੀ ਦੀ ਮਾਂ ਬੋਲੀ, 'ਜਾਨ ਤੋਂ ਮਾਰਨ ਦੀਆਂ ਮਿਲ ਰਹੀਆਂ ਨੇ ਧਮਕੀਆਂ'

ਇਹ ਕੀਤੇ 5 ਵੱਡੇ ਖੁਲਾਸੇ 
1. ਆਸ਼ੀਸ਼ ਨੇ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸਪਾ ਸੈਂਟਰ ਦਾ ‘ਗੰਦਾ ਧੰਦਾ’
2. ਅੰਮ੍ਰਿਤਸਰ ਦੇ ਸੇਠ ਨਾਲ ਮਿਲ ਕੇ ਜਲੰਧਰ ਵਿਚ ਖੋਲ੍ਹੇ ਸਪਾ ਸੈਂਟਰ
3. ਜਲੰਧਰ ਦੇ ਕਈ ਇਲਾਕਿਆਂ ’ਚ ਪਾਰਟਨਰਸ਼ਿਪ ਨਾਲ ਚਲਾ ਰਿਹਾ ਸਪਾ ਸੈਂਟਰ
4. ਲੁਧਿਆਣਾ ਵਿਚ ਵੀ ਕੰਮ ਫੈਲਾਉਣ ਦੀ ਆਸ਼ੀਸ਼ ਕਰ ਰਿਹਾ ਸੀ ਤਿਆਰੀ
5. ਸਮੇਂ-ਸਮੇਂ ’ਤੇ ਸਪਾ ਸੈਂਟਰ ਦੇ ਬਦਲਦਾ ਰਹਿੰਦਾ ਸੀ ਨਾਂ

ਜੋਤੀ ਦੇ ਵੱਡੇ ਖ਼ੁਲਾਸੇ 
1. ਹੋ ਚੁੱਕੇ ਹਨ ਤਿੰਨ ਵਿਆਹ, ਖੁਦ ਨੂੰ ਦੱਸਦੀ ਹੈ ਵਿਧਵਾ
2. ਲਗਭਗ 7 ਸਾਲ ਤੋਂ ਹੈ ਇਸ ਧੰਦੇ ’ਚ ਸ਼ਾਮਲ
3. ਜੋਤੀ ਦਾ ਲੁਧਿਆਣਾ ਵਿਚ ਹੈ ਆਪਣਾ ਸਪਾ ਸੈਂਟਰ
4. ਲੁਧਿਆਣਾ ਦੇ ਹੀ ਕਈ ਸਪਾ ਸੈਂਟਰਾਂ ਵਿਚ ਲੜਕੀਆਂ ਕੀਤੀਆਂ ਸਪਲਾਈ
5. ਦਲਾਲੀ ਤੋਂ ਹੀ ਕਮਾ ਲੈਂਦੀ ਹੈ ਵਧੀਆ ਰਕਮ

ਇਹ ਵੀ ਪੜ੍ਹੋ:  ਜਲੰਧਰ: ਬਾਲ ਵਿਆਹ ਦੀ ਸੂਚਨਾ ਪਾ ਕੇ ਪਹੁੰਚੀ ਅਫ਼ਸਰਾਂ ਦੀ ਟੀਮ, ਬਾਅਦ ’ਚ ਸਾਹਮਣੇ ਆਇਆ ਇਹ ਸੱਚ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

shivani attri

Content Editor

Related News