ਆਖ਼ਿਰਕਾਰ ਲੱਭ ਗਈ ਫਿਰੋਜ਼ਪੁਰ ਤੋਂ ''ਲਾਪਤਾ'' ਹੋਈ ਕੁੜੀ, PUBG ਨਹੀਂ, ਇਹ ਤਾਂ ਮਾਮਲਾ ਹੀ ਹੋਰ ਨਿਕਲਿਆ
Wednesday, Dec 11, 2024 - 04:22 AM (IST)
ਫਿਰੋਜ਼ਪੁਰ (ਕੁਮਾਰ)– ਪਿਛਲੇ ਮਹੀਨੇ ਸਰਹੱਦੀ ਪਿੰਡ ਜਲੋਕੇ ਦੀ ਇਕ ਲੜਕੀ 22 ਨਵੰਬਰ ਦੀ ਸਵੇਰ ਨੂੰ ਭੇਦਭਰੀ ਹਾਲਤ ’ਚ ਆਪਣੇ ਘਰ ਤੋਂ ਲਾਪਤਾ ਹੋ ਗਈ ਸੀ ਅਤੇ ਇਹ ਮੰਨਿਆ ਜਾ ਰਿਹਾ ਸੀ ਕਿ ਪਬ-ਜੀ ਗੇਮ ਖੇਡਦੇ ਹੋਏ ਉਹ ਡਿਪਰੈਸ਼ਨ ’ਚ ਆ ਕੇ ਕਿਤੇ ਚਲੀ ਗਈ ਹੈ। ਪਰ ਦੂਜੇ ਪਾਸੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਇਹ ਸ਼ੱਕ ਜ਼ਾਹਿਰ ਕੀਤਾ ਸੀ ਕਿ ਉਨ੍ਹਾਂ ਦੀ ਬੇਟੀ ਨੂੰ ਕੋਈ ਅਣਪਛਾਤਾ ਵਿਅਕਤੀ ਗੁੰਮਰਾਹ ਕਰ ਕੇ ਆਪਣੇ ਨਾਲ ਲੈ ਗਿਆ ਹੈ। ਡੀ.ਐੱਸ.ਪੀ. ਸਬ ਡਿਵੀਜ਼ਨ ਫਿਰੋਜ਼ਪੁਰ ਕਰਨ ਸ਼ਰਮਾ ਨੇ ਦੱਸਿਆ ਕਿ ਉਸ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਥਾਣਾ ਮਮਦੋਟ ਦੀ ਪੁਲਸ ਵਲੋਂ ਅਗਵਾ ਕਰਨ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ- FIR ਦਰਜ ਹੋਣ ਮਗਰੋਂ ਰਣਜੀਤ ਸਿੰਘ ਢੱਡਰੀਆਂਵਾਲੇ ਦਾ ਪਹਿਲਾ ਬਿਆਨ ਆਇਆ ਸਾਹਮਣੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਥਾਣਾ ਮਮਦੋਟ ਦੇ ਐੱਸ.ਐੱਚ.ਓ. ਇੰਸਪੈਕਟਰ ਅਭਿਨਵ ਚੌਹਾਨ ਦੀ ਅਗਵਾਈ ਹੇਠ ਲੜਕੀ ਨੂੰ ਬਰਾਮਦ ਕਰਨ ਲਈ ਟੀਮ ਦਾ ਗਠਨ ਕੀਤਾ ਗਿਆ ਅਤੇ ਇੰਸਪੈਕਟਰ ਅਭਿਨਵ ਚੌਹਾਨ ਅਤੇ ਉਨ੍ਹਾਂ ਦੀ ਟੀਮ ਨੇ ਟੈਕਨੀਕਲ ਅਤੇ ਸੀਕ੍ਰੇਟ ਸੋਰਸਿਜ਼ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਇਸ ਲੜਕੀ ਨੂੰ ਗਾਜ਼ੀਆਬਾਦ ਤੋਂ ਸੁਰੱਖਿਅਤ ਬਰਾਮਦ ਕਰ ਲਿਆ ਹੈ।
ਡੀ.ਐੱਸ.ਪੀ. ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ’ਚ ਇਸ ਲੜਕੀ ਨੇ ਦੱਸਿਆ ਹੈ ਕਿ ਉਸ ਦੀ ਪਬ ਜੀ ਗੇਮ ਖੇਡਦੇ ਹੋਏ ਗਾਜ਼ੀਆਬਾਦ ਦੇ ਇਕ ਰਾਹੁਲ ਨਾਂ ਦੇ ਲੜਕੇ ਨਾਲ ਦੋਸਤੀ ਹੋ ਗਈ ਸੀ ਅਤੇ ਉਹ ਦੋਵੇਂ 22 ਨਵੰਬਰ ਨੂੰ ਸਵੇਰੇ 6 ਵਜੇ ਫਿਰੋਜ਼ਪੁਰ ’ਚ ਮਿਲੇ ਸਨ ਅਤੇ ਗਾਜ਼ੀਆਬਾਦ ਤੋਂ ਆਇਆ ਇਹ ਲੜਕਾ ਉਸ ਨੂੰ ਬੱਸ ਰਾਹੀਂ ਆਪਣੇ ਨਾਲ ਗਾਜੀਆਬਾਦ ਲੈ ਗਿਆ ਸੀ।
ਉਨ੍ਹਾਂ ਦੱਸਿਆ ਕਿ ਰਾਹੁਲ ਅਜੇ ਤੱਕ ਫਰਾਰ ਹੈ ਜਦੋਂ ਕਿ ਪੁਲਸ ਵਲੋਂ ਇਸ ਲੜਕੀ ਨੂੰ ਬਰਾਮਦ ਕਰ ਕੇ ਉਸ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੁਲਸ ਵਲੋਂ ਇਸ ਲੜਕੀ ਦਾ ਮੈਡੀਕਲ ਕਰਵਾਇਆ ਜਾਵੇਗਾ ਅਤੇ ਥਾਣਾ ਮਮਦੋਟ ਦੀ ਪੁਲਸ ਵਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।