ਲਾਵਾਰਿਸ ਹਾਲਤ ''ਚ ਮਿਲੀ ਲੜਕੀ ਦੀ ਮੌਤ
Saturday, Oct 21, 2017 - 07:05 AM (IST)
ਖਮਾਣੋਂ (ਜਟਾਣਾ, ਅਜੈ) - ਪਿਛਲੇ ਦਿਨੀਂ ਖਮਾਣੋਂ ਦੇ ਸਿਵਲ ਹਸਪਤਾਲ ਨੇੜੇ ਲਾਵਾਰਿਸ ਹਾਲਤ ਵਿਚ ਮਿਲੀ ਰੋਗੀ ਲੜਕੀ ਦੀ ਅੱਜ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਇਹ ਲੜਕੀ ਖਮਾਣੋਂ ਸਿਵਲ ਹਸਪਤਾਲ ਦੇ ਨੇੜੇ ਬੀਮਾਰੀ ਦੀ ਹਾਲਤ ਵਿਚ ਪੁਲਸ ਨੂੰ ਮਿਲੀ ਸੀ, ਉਸ ਤੋਂ ਬਾਅਦ ਥਾਣਾ ਮੁਖੀ ਨਵਦੀਪ ਸਿੰਘ, ਥਾਣੇਦਾਰ ਤਰਨਜੀਤ ਸਿੰਘ, ਹੌਲਦਾਰ ਹਰਿੰਦਰ ਸਿੰਘ ਨੇ ਉਕਤ ਲੜਕੀ ਨੂੰ ਸਿਵਲ ਹਸਪਤਾਲ ਖਮਾਣੋਂ ਵਿਖੇ ਭਰਤੀ ਕਰਵਾਇਆ, ਜਿਸਨੇ ਆਪਣਾ ਨਾਂ ਅਮਨਪ੍ਰੀਤ ਕੌਰ ਪੁੱਤਰੀ ਰਣਧੀਰ ਸਿੰਘ ਦੱਸਿਆ ਸੀ ਤੇ ਪਿੰਡ ਜਾਂ ਹੋਰ ਪਤਾ ਦੱਸ ਨਹੀਂ ਸਕੀ।
ਉਸਨੂੰ ਡਾਕਟਰਾਂ ਨੇ ਗੰਭੀਰ ਹਾਲਤ ਹੋਣ ਕਰਕੇ ਚੰਡੀਗੜ੍ਹ ਦੇ ਸੈਕਟਰ-32 ਸਰਕਾਰੀ ਹਸਪਤਾਲ ਵਿਚ ਰੈਫਰ ਕਰ ਦਿੱਤਾ, ਜਿਥੇ ਪੁਲਸ ਸੂਤਰਾਂ ਮੁਤਾਬਿਕ ਰਾਤ ਨੂੰ ਉਕਤ ਲੜਕੀ ਦੀ ਮੌਤ ਹੋ ਗਈ। ਪੁਲਸ ਕਰਮਚਾਰੀਆਂ ਨੇ ਦੱਸਿਆ ਕਿ ਲੜਕੀ ਦੀ ਲਾਸ਼ ਪਛਾਣ ਲਈ ਚੰਡੀਗੜ੍ਹ ਵਿਖੇ ਸੈਕਟਰ-32 ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰੱਖੀ ਗਈ ਹੈ ਜੇਕਰ ਕਿਸੇ ਵਿਅਕਤੀ ਨੂੰ ਉਕਤ ਲੜਕੀ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹ ਖਮਾਣੋਂ ਪੁਲਸ ਜਾਂ ਉਕਤ ਹਸਪਤਾਲ ਵਿਖੇ ਸੰਪਰਕ ਕਰ ਸਕਦਾ ਹੈ।
