ਮਾਨਸਾ ’ਚ ਥਾਣੇਦਾਰ ਤੋਂ ਦੁਖ਼ੀ 30 ਸਾਲਾ ਕੁੜੀ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ਤੋਂ ਹੋਇਆ ਵੱਡਾ ਖ਼ੁਲਾਸਾ

Monday, Feb 13, 2023 - 06:25 PM (IST)

ਮਾਨਸਾ ’ਚ ਥਾਣੇਦਾਰ ਤੋਂ ਦੁਖ਼ੀ 30 ਸਾਲਾ ਕੁੜੀ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ਤੋਂ ਹੋਇਆ ਵੱਡਾ ਖ਼ੁਲਾਸਾ

ਮਾਨਸਾ (ਪਰਮਦੀਪ ਰਾਣਾ) : ਮਾਨਸਾ 'ਚ ਇਕ ਕੁੜੀ ਵੱਲੋਂ ਰੇਲਗੱਡੀ ਅੱਗੇ ਆ ਕੇ ਖ਼ੁਦਕਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਕੁੜੀ ਦੀ ਪਛਾਣ ਅਮਨਦੀਪ ਕੌਰ (30) ਵਜੋਂ ਹੋਈ ਹੈ, ਜੋ ਕਿ ਕਿਰਾਏ 'ਤੇ ਮਾਨਸਾ ਰਹਿ ਰਹੇ ਸੀ। ਮ੍ਰਿਤਕ ਕੁੜੀ ਦੇ ਪਰਿਵਾਰਿਕ ਮੈਂਬਰਾਂ ਨੇ ਇਸ ਸਬੰਧੀ ਗੱਲ ਕਰਦਿਆਂ ਇਕ ਥਾਣੇਦਾਰ 'ਤੇ ਗੰਭੀਰ ਇਲਜ਼ਾਮ ਲਗਾਏ ਹਨ। ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਕੁੜੀ ਦੇ ਥਾਣੇਦਾਰ ਬਿੱਕਰ ਸਿੰਘ ਨਾਲ ਨਾਜਾਇਜ਼ ਸਬੰਧ ਸਨ ਅਤੇ ਉਹ ਪਿਛਲੇ 9 ਮਹੀਨਿਆਂ ਤੋਂ ਇਕੱਠੇ ਰਹਿ ਰਹੇ ਸਨ। ਪਰਿਵਾਰ ਨੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਕੁੜੀ ਦਾ ਕਾਤਲ ਬਿੱਕਰ ਸਿੰਘ ਹੀ ਹੈ ਤੇ ਉਸਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

ਸੁਸਾਈਡ ਨੋਟ 'ਚ ਲਿਖਿਆ 'ਦੁਖ਼ੀ ਹੋ ਕੇ ਕਰ ਰਹੀ ਹਾਂ ਖ਼ੁਦਕੁਸ਼ੀ'

ਅਮਨਦੀਪ ਕੌਰ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਲਿਖੇ ਸੁਸਾਈਡ ਨੋਟ 'ਚ ਲਿਖਿਆ ਕੇ ਉਸ ਦੇ ਪਤੀ ਜਤਿੰਦਰ ਸਿੰਘ ਦੀ ਮੌਤ ਹੋ ਗਈ ਤੇ ਅੱਜ ਤੋਂ 9 ਮਹੀਨੇ ਪਹਿਲਾਂ ਬਿੱਕਰ ਸਿੰਘ ਨੇ ਮੇਰੇ ਤੇ ਮੇਰੇ ਪਰਿਵਾਰ ਨੇ ਗੱਲ ਕੀਤੀ ਸੀ ਕਿ ਮੇਰੇ ਤੇ ਮੇਰੀ ਕੁੜੀ ਲਈ ਸਭ ਕੁਝ ਕਰੇਗਾ ਅਤੇ ਉਸ ਨੇ ਮੈਨੂੰ ਪਤਨੀ ਮੰਨ ਲਿਆ। ਉਸ ਨੇ ਲਿਖਿਆ ਕੇ ਡੇਢ ਮਹੀਨੇ ਪਹਿਲਾਂ ਮੈਂ ਪ੍ਰੇਗਨੈਂਟ ਹੋ ਗਈ ਅਤੇ ਉਹ ਬੱਚਾ ਬਿੱਕਰ ਸਿੰਘ ਦਾ ਸੀ ਪਰ ਬਿੱਕਰ ਸਿੰਘ ਨੇ ਉਸ ਨੂੰ ਇਬੋਰਸ਼ਿਨ ਪੀਲਸ ਖਵਾ ਕੇ ਬੱਚੇ ਨੂੰ ਖ਼ਤਮ ਕਰ ਦਿੱਤਾ। ਜਿਸ ਤੋਂ ਬਾਅਦ ਬਿੱਕਰ ਸਿੰਘ ਨੇ ਮੈਨੂੰ ਜਲੀਲ ਅਤੇ ਮੇਰੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜੋ ਮੇਰੇ ਤੋਂ ਝੱਲਿਆ ਨਹੀਂ ਜਾਂਦਾ। ਇਸ ਲਈ ਮੈਂ ਬਿੱਕਰ ਸਿੰਘ ਤੋਂ ਤੰਗ ਹੋ ਕੇ ਖ਼ੁਦਕੁਸ਼ੀ ਕਰ ਰਹੀ ਹਾਂ। ਆਖੀਰ ਉਸ ਨੇ ਮੰਗ ਕੀਤੀ ਕਿ ਬਿੱਕਰ ਸਿੰਘ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। 

PunjabKesari

ਇਹ ਵੀ ਪੜ੍ਹੋ- ਸੁਖਬੀਰ ਬਾਦਲ ਨੇ ਪੰਜਾਬ ਸਰਕਾਰ 'ਤੇ ਖੜ੍ਹੇ ਕੀਤੇ ਸਵਾਲ, ਵਪਾਰ ਦੇ ਮੁੱਦੇ 'ਤੇ ਕਹੀ ਵੱਡੀ ਗੱਲ

ਕੀ ਕਹਿਣਾ ਹੈ ਮ੍ਰਿਤਕ ਕੁੜੀ ਦੇ ਪਰਿਵਾਰ ਦਾ

ਇਸ ਬਾਰੇ ਗੱਲ ਕਰਦਿਆਂ ਮ੍ਰਿਤਕ ਅਮਨਦੀਪ ਦੀ ਮਾਤਾ ਅੰਗਰੇਜ਼ ਕੌਰ ਨੇ ਕਿਹਾ ਕਿ ਬੀਤੀ ਰਾਤ ਏ. ਐੱਸ. ਆਈ. ਬਿੱਕਰ ਸਿੰਘ ਨੇ ਸਾਨੂੰ ਫੋਨ ਕਰਕੇ ਕਿਹਾ ਕਿ ਉਨ੍ਹਾਂ ਦੀ ਕੁੜੀ ਨੇ ਰੇਲਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ ਕਰ ਲਈ ਹੈ। ਉਸ ਤੋਂ ਬਾਅਦ ਅਸੀਂ ਜਿਸ ਨੰਬਰ ਤੋਂ ਫੋਨ ਆਇਆ ਸੀ, ਉਸ 'ਤੇ ਵਾਰ-ਵਾਰ ਕਾਲ ਕੀਤੀ ਪਰ ਨੰਬਰ ਬੰਦ ਆ ਰਿਹਾ ਸੀ। ਫਿਰ ਪਰਿਵਾਰ ਨੇ ਮਾਨਸਾ ਆ ਕੇ ਰੇਲਵੇ ਸਟੇਸ਼ਨ ਜਾ ਕੇ ਪੁੱਛਗਿੱਛ ਕੀਤੀ, ਅਮਨਦੀਪ ਕੌਰ ਦੇ ਘਰ ਜਾ ਕੇ ਦੇਖਿਆ ਪਰ ਉਹ ਕਿਤੇ ਨਹੀਂ ਮਿਲੀ। ਉਨ੍ਹਾਂ ਵੱਲੋਂ ਕੁੜੀ ਦੀ ਕਾਫ਼ੀ ਭਾਲ ਕੀਤੀ ਗਈ ਪਰ ਉਸ ਦਾ ਕੁਝ ਪਤਾ ਨਹੀਂ ਲੱਗਾ। ਮਾਤਾ ਨੇ ਦੱਸਿਆ ਫਿਰ ਜਦੋਂ ਸਵੇਰੇ ਅਸੀਂ ਮੁੜ ਤੋਂ ਕੁੜੀ ਦੀ ਭਾਲ 'ਚ ਨਿਕਲੇ ਤਾਂ ਪੁਲਸ ਦਾ ਫੋਨ ਆਇਆ ਕਿ ਰੇਲਵੇ ਲਾਈਨ ਤੋਂ ਇਕ ਲਾਸ਼ ਮਿਲੀ ਹੈ ਤੇ ਜਦੋਂ ਉੱਥੇ ਜਾ ਕੇ ਦੇਖਿਆ ਤਾਂ ਉਹ ਲਾਸ਼ ਅਮਨਦੀਪ ਦੀ ਸੀ। 

ਇਹ ਵੀ ਪੜ੍ਹੋ- ਟੈਡੀ ਡੇਅ ’ਤੇ ਬਠਿੰਡਾ ਦੇ ਰੈਸਟੋਰੈਂਟ ’ਚ ਚੱਲੇ ਘਸੁੰਨ ਮੁੱਕੇ, ਵੀਡੀਓ ’ਚ ਦੇਖੋ ਕਿਵੇਂ ਹੋਇਆ ਘਮਸਾਨ

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਜਤਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ 1 ਵਜੇ ਦੇ ਕਰੀਬ ਸੂਚਨਾ ਮਿਲੀ ਸੀ ਕਿ ਇਕ ਔਰਤ ਦੀ ਲਾਸ਼ ਰੇਲਵੇ ਲਾਈਨ 'ਤੇ ਪਈ ਹੋਈ ਹੈ। ਸੂਚਨਾ ਮਿਲਣ 'ਤੇ ਜਦੋਂ ਮੌਕੇ 'ਤੇ ਪਹੁੰਚ ਕੇ ਦੇਖਿਆ ਗਿਆ ਤਾਂ ਉਸ ਲਾਸ਼ ਕੋਲੋਂ ਚਾਬੀਆਂ ਦਾ ਇਕ ਗੁੱਛਾ ਬਰਾਮਦ ਹੋਇਆ। ਰਾਤ ਹੋਣ ਕਾਰਨ ਔਰਤ ਦੀ ਪਛਾਣ ਨਹੀਂ ਹੋ ਸਕੀ ਸੀ ਪਰ ਸਵੇਰੇ ਉਸ ਦੀ ਪਛਾਣ ਅਮਨਦੀਪ ਵਜੋਂ ਹੋਈ , ਜੋ ਕਿ ਮਾਨਸਾ 'ਚ ਹੀ ਕਿਰਾਏ 'ਤੇ ਰਹਿ ਰਹੀ ਸੀ। ਇਸ ਤੋਂ ਬਾਅਦ ਕੁੜੀ ਦੇ ਪਰਿਵਾਰ 'ਚੋਂ ਉਸ ਦੇ ਮਾਮਾ, ਭਰਾ ਤੇ ਕੁਝ ਗੁਆਂਢੀਆਂ ਦੀ ਹਾਜ਼ਰੀ 'ਚ ਜਦੋਂ ਘਰ ਦੀ ਤਲਾਸ਼ੀ ਲਈ ਗਈ ਤਾਂ ਪੁਲਸ ਨੂੰ ਉੱਥੋਂ ਇਕ ਸੁਸਾਈਡ ਨੋਟ ਬਰਾਮਦ ਹੋਇਆ, ਜਿਸ ਵਿੱਚ ਅਮਨਦੀਪ ਕੌਰ ਨੇ ਬਿੱਕਰ ਸਿੰਘ ਨਾਮ ਦੇ ਥਾਣੇਦਾਰ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਹੈ। ਪੁਲਸ ਨੇ ਸੁਸਾਈਡ ਨੋਟ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ ਅਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 
 


author

Simran Bhutto

Content Editor

Related News