ਸਹੁਰਿਆਂ ਵੱਲੋਂ ਕੁੜੀ ਦੀ ਬੇਰਿਹਮੀ ਨਾਲ ਕੁੱਟਮਾਰ, ਜ਼ਹਿਰੀਲੀ ਵਸਤੂ ਦੇਣ ਦੇ ਦੋਸ਼
Tuesday, May 12, 2020 - 03:41 PM (IST)

ਸ਼ੇਰਪੁਰ (ਅਨੀਸ਼) : ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਗੰਗੋਹਰ ਨਾਲ ਸਬੰਧਤ ਵਿਆਹੁਤਾ ਲੜਕੀ ਦੀ ਸਹੁਰਾ ਪਰਿਵਾਰ ਵਲੋਂ ਬੇਰਹਿਮੀ ਨਾਲ ਕੀਤੀ ਗਈ ਕੁੱਟਮਾਰ ਕੀਤੀ ਗਈ, ਜਿਸ ਤੋਂ ਬਾਅਦ ਲੜਕੀ ਨੂੰ ਲੁਧਿਆਣਾ ਦੇ ਨਿੱਜੀ ਹਸਪਤਾਲ ’ਚ ਇਲਾਜ ਲਈ ਭਰਤੀ ਕਰਾਇਆ ਗਿਆ ਹੈ। ਜਾਣਕਾਰੀ ਮੁਤਾਬਕ ਕਰੀਬ 5 ਸਾਲ ਪਹਿਲਾਂ ਵਿਆਹੀ ਉਕਤ ਵਿਆਹੁਤਾ ਲੜਕੀ ਤਿੰਨ ਸਾਲਾ ਧੀ ਦੀ ਮਾਂ ਅਤੇ ਪਿਤਾ ਬਾਹਰੀ ਦੱਸੀ ਜਾ ਰਹੀ ਹੈ, ਲੜਕੀ ਦੀ ਬੇਰਹਿਮੀ ਨਾਲ ਕੀਤੀ ਗਈ ਕੁੱਟਮਾਰ ਤੋਂ ਬਾਅਦ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਲੜਕੀ ਦੇ ਫੁੱਫੜ ਨਾਜਮ ਸਿੰਘ ਹੇੜੀਕੇ ਅਤੇ ਅਕਾਲੀ ਆਗੂ ਜਸਵਿੰਦਰ ਸਿੰਘ ਦੀਦਾਰਗੜ੍ਹ ਨੇ ਸਹੁਰਾ ਪਰਿਵਾਰ ਖ਼ਿਲਾਫ਼ ਦੋਸ਼ ਲਾਉਂਦਿਆਂ ਕਿਹਾ ਕਿ ਲੜਕੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਉਪਰੰਤ ਲੜਕੀ ਨੂੰ ਜ਼ਹਿਰੀਲੀ ਵਸਤੂ ਦੇ ਦਿੱਤੀ ਗਈ, ਜਿਸ ਕਰ ਕੇ ਉਕਤ ਲੜਕੀ 9 ਮਈ ਤੋਂ ਪਹਿਲਾਂ ਰਾਏਕੋਟ ਦੇ ਕਿਸੇ ਨਿੱਜੀ ਹਸਪਤਾਲ ’ਚ ਜ਼ੇਰੇ ਇਲਾਜ ਸੀ ਅਤੇ ਹੁਣ ਲੜਕੀ ਦੀ ਹਾਲਤ ਜ਼ਿਆਦਾ ਵਿਗੜਨ ਕਰ ਕੇ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਖੇ ਜ਼ੇਰੇ ਇਲਾਜ ਰੱਖੀ ਹੋਈ ਹੈ। ਲੜਕੀ ਦੇ ਫੁੱਫੜ ਨਾਜਮ ਸਿੰਘ ਨੇ ਦੱਸਿਆ ਕਿ ਪਿਛਲੇ 5 ਸਾਲ ਤੋਂ ਹੀ ਉਕਤ ਲੜਕੀ ਤਸ਼ੱਦਦ ਦਾ ਸ਼ਿਕਾਰ ਹੁੰਦੀ ਆ ਰਹੀ ਸੀ, ਉਨ੍ਹਾਂ ਬੇਰਹਿਮੀ ਨਾਲ ਕੁੱਟਮਾਰ ਕਰਨ ਵਾਲੇ ਸਹੁਰਾ ਪਰਿਵਾਰ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਥਾਣਾ ਮਹਿਲ ਕਲਾਂ ਦੇ ਥਾਣਾ ਮੁਖੀ ਹਰਬੰਸ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਰੁੱਕਾ ਮਿਲਣ ਤੋਂ ਬਾਅਦ ਪੀੜਤ ਲੜਕੀ ਦੇ ਬਿਆਨ ਦਰਜ ਕਰਨ ਲਈ ਹਸਪਤਾਲ ਪੁਲਸ ਪਾਰਟੀ ਗਈ ਸੀ ਪਰ ਲੜਕੀ ਬਿਆਨ ਦੇਣ ਦੇ ਕਾਬਲ ਨਾ ਹੋਣ ਕਰ ਕੇ ਅਗਲੇਰੀ ਕਾਰਵਾਈ ਨਹੀਂ ਹੋ ਸਕੀ। ਥਾਣਾ ਮੁਖੀ ਨੇ ਕਿਹਾ ਕਿ ਜੇਕਰ ਫਿਰ ਵੀ ਲੜਕੀ ਬਿਆਨ ਦੇਣ ਦੇ ਕਾਬਲ ਨਾ ਰਹੀ ਤਾਂ ਪੁਲਸ ਵੱਲੋਂ ਲੜਕੀ ਦੇ ਪੇਕੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ।