ਗਟਰ ''ਚ ਡਿੱਗਣ ਨਾਲ ਬੱਚੀ ਦੀ ਮੌਤ
Friday, Jul 14, 2017 - 02:07 AM (IST)

ਕਲਾਨੌਰ, (ਮਨਮੋਹਨ)- ਬਲਾਕ ਕਲਾਨੌਰ ਅਧੀਨ ਪੈਂਦੇ ਪਿੰਡ ਉੱਪਲ ਵਿਖੇ ਨਿਰਮਾਣ ਅਧੀਨ ਚਰਚ 'ਚ ਪਾਣੀ ਨਾਲ ਭਰੇ ਖੁੱਲ੍ਹੇ ਗਟਰ 'ਚ ਇਕ ਮਾਸੂਮ ਬੱਚੀ ਦੇ ਖੇਡਦੇ ਸਮੇਂ ਡਿੱਗਣ ਕਾਰਨ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਦੀ ਜਾਣਕਾਰੀ ਦਿੰਦਿਆਂ ਮ੍ਰਿਤਕਾ ਮਾਨਸੀ (7) ਦੀ ਮਾਤਾ ਪਰਮਜੀਤ ਨੇ ਦੱਸਿਆ ਕਿ ਮਾਨਸੀ ਜਦੋਂ ਚਰਚ 'ਚ ਖੇਡਣ ਗਈ ਤਾਂ ਅਚਾਨਕ ਉਥੇ ਬਣਾਏ ਗਟਰ, ਜਿਸ ਉਪਰ ਸਲੈਬ ਵੀ ਨਹੀਂ ਸੀ ਅਤੇ ਪਾਣੀ ਨਾਲ ਭਰਿਆ ਹੋਇਆ ਸੀ, ਵਿਚ ਡਿੱਗ ਪਈ। ਕੁਝ ਸਮੇਂ ਬਾਅਦ ਪਤਾ ਲੱਗਣ 'ਤੇ ਲੋਕਾਂ ਵੱਲੋਂ ਮਾਨਸੀ ਨੂੰ ਗਟਰ 'ਚੋਂ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਮਾਨਸੀ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਸੀਂ ਕਈ ਵਾਰ ਚਰਚ ਦੇ ਪਾਸਟਰ ਨੂੰ ਬੇਨਤੀ ਕੀਤੀ ਸੀ ਕਿ ਠੇਕੇਦਾਰ ਨੂੰ ਕਹਿ ਕੇ ਇਸ ਗਟਰ ਨੂੰ ਸਲੈਬ ਨਾਲ ਢੱਕ ਦਿੱਤਾ ਜਾਵੇ ਪਰ ਕੋਈ ਧਿਆਨ ਨਹੀਂ ਸੀ ਦਿੱਤਾ ਗਿਆ, ਜਿਸ ਕਾਰਨ ਠੇਕੇਦਾਰ ਤੇ ਪਾਦਰੀ ਦੀ ਲਾਪ੍ਰਵਾਹੀ ਕਾਰਨ ਮਾਸੂਮ ਮਾਨਸੀ ਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋਣਾ ਪਿਆ।
ਪੁਲਸ ਥਾਣਾ ਕਲਾਨੌਰ ਵਿਖੇ ਸੂਚਨਾ ਮਿਲਦੇ ਹੀ ਤੁਰੰਤ ਘਟਨਾ ਸਥਾਨ 'ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਕਾਨੂੰਨੀ ਕਾਰਵਾਈ ਕਰਦਿਆਂ ਚਰਚ ਦੇ ਪਾਦਰੀ ਸੁਖਦੇਵ ਮਸੀਹ ਅਤੇ ਚਰਚ ਦਾ ਨਿਰਮਾਣ ਕਰਵਾ ਰਹੇ ਠੇਕੇਦਾਰ ਹਾਨੂਕ ਮਸੀਹ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।