ਜਦੋਂ ਕੁੜੀ ਅਗਵਾ ਕਰਨ ਦੀ ਸੂਚਨਾ ਨੇ ਦਾਖਾ ਪੁਲਸ ਨੂੰ ਪਾਇਆ ਵਖਤ
Saturday, Aug 24, 2019 - 12:14 PM (IST)

ਮੁੱਲਾਂਪੁਰ ਦਾਖਾ (ਕਾਲੀਆ) : ਥਾਣਾ ਦਾਖਾ ਦੀ ਪੁਲਸ ਨੂੰ ਉਦੋਂ ਹੱਥਾਂ-ਪੈਰਾਂ ਦੀ ਪੈ ਗਈ ਜਦੋਂ ਪਿੰਡ ਗੁੜੇ ਤੋਂ ਕੁੜੀ ਦੇ ਅਗਵਾ ਕਰਨ ਦੀ ਖ਼ਬਰ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਮਿਲੀ ਪਰ ਪੁਲਸ ਦੇ ਪੁੱਜਣ 'ਤੇ ਮਾਮਲਾ ਕੁਝ ਹੋਰ ਹੀ ਸਾਹਮਣੇ ਆਇਆ ਤਾਂ ਪੁਲਸ ਨੇ ਸੁੱਖ ਦਾ ਸਾਹ ਲਿਆ। ਜਾਣਕਾਰੀ ਅਨੁਸਾਰ ਪੁਲਸ ਨੂੰ ਕੰਟਰੋਲ ਰੂਮ ਤੋਂ ਇਕ ਵਿਅਕਤੀ ਵਲੋਂ ਸੂਚਨਾ ਮਿਲੀ ਸੀ ਕਿ ਉਸ ਦੀ ਲੜਕੀ ਨੂੰ ਅਗਵਾ ਕਰ ਲਿਆ ਗਿਆ ਹੈ।
ਸੂਚਨਾ ਦੇ ਆਧਾਰ 'ਤੇ ਜਦੋਂ ਐੱਸ. ਐੱਚ. ਓ. ਥਾਣਾ ਦਾਖਾ ਹਰਜਿੰਦਰ ਸਿੰਘ ਆਪਣੀ ਪੁਲਸ ਪਾਰਟੀ ਨਾਲ ਪਿੰਡ ਗੁੜੇ ਪੁੱਜੇ ਤਾਂ ਇਕ ਘਰ 'ਚ ਪਿੰਡ ਵਾਲਿਆਂ ਨੇ 2 ਨੌਜਵਾਨਾਂ ਨੂੰ ਕਾਬੂ ਕੀਤਾ ਹੋਇਆ ਸੀ ਅਤੇ ਇਕ ਲੜਕੀ ਨਸ਼ੇ 'ਚ ਧੁੱਤ ਪਈ ਸੀ। ਪੁੱਛਗਿੱਛ 'ਤੇ ਲੜਕੀ ਦੇ ਪਿਤਾ ਨੇ ਦੱਸਿਆ ਕਿ ਲੜਕੀ ਨੇੜਲੇ ਪਿੰਡ ਦੇ ਕਾਲਜ 'ਚ ਮਨਾਏ ਜਾ ਰਹੇ ਤੀਆਂ ਦੇ ਪ੍ਰੋਗਰਾਮ ਨੂੰ ਦੇਖਣ ਗਈ ਸੀ ਅਤੇ ਉਸ ਨੂੰ ਨੇੜਲੇ ਪਿੰਡ ਦੇ 2 ਨੌਜਵਾਨ ਅਗਵਾ ਕਰ ਕੇ ਲੈ ਗਏ ਅਤੇ ਉਸ ਨੂੰ ਨਸ਼ੇ ਦੀ ਡੋਜ਼ ਦੇ ਦਿੱਤੀ। ਪੁਲਸ ਨੇ ਦੋਵਾਂ ਨੌਜਵਾਨਾਂ ਨੂੰ ਪੁੱਛਗਿੱਛ ਲਈ ਥਾਣੇ ਲਿਆਂਦਾ ਅਤੇ ਨਸ਼ੇ ਵਿਚ ਧੁੱਤ ਲੜਕੀ ਨੂੰ ਪਹਿਲਾਂ ਸਥਾਨਕ ਕਸਬੇ ਦੇ ਇਕ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ।
ਜਦੋਂ ਇਸ ਮਾਮਲੇ ਬਾਰੇ ਡੀ. ਐੱਸ. ਪੀ. ਦਾਖਾ ਗੁਰਬੰਸ ਸਿੰਘ ਬੈਂਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੋਵੇਂ ਨੌਜਵਾਨਾਂ ਤੋਂ ਪੁੱਛ-ਪੜਤਾਲ ਕਰਨ ਉਪਰੰਤ ਪਤਾ ਲੱਗਾ ਕਿ ਉਨ੍ਹਾਂ ਕਿਸੇ ਲੜਕੀ ਨੂੰ ਅਗਵਾ ਨਹੀਂ ਕੀਤਾ ਸਗੋਂ ਉਕਤ ਲੜਕੀ ਦੀ ਇਕ ਨੌਜਵਾਨ ਨਾਲ ਦੋਸਤੀ ਸੀ, ਜਿਹੜੀ ਉਨ੍ਹਾਂ ਨੂੰ ਆਪਣੀ ਮਰਜ਼ੀ ਨਾਲ ਐਕਟਿਵਾ 'ਤੇ ਸਵਾਰ ਹੋ ਕੇ ਮਿਲਣ ਆਈ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਮਾਮਲਾ ਗੰਭੀਰ ਜਾਪਦਾ ਹੋਣ ਕਰ ਕੇ ਲੜਕੀ ਦੇ ਹੋਸ਼ ਆਉਣ ਉਪਰੰਤ ਬਿਆਨ ਲਏ ਜਾਣਗੇ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।