ਮਾਨਸਾ ਦੀ ਕੁੜੀ ਦੀ ਨਵਾਂਗਰਾਉਂ ''ਚ ਦੋ ਸਹੇਲੀਆਂ ਨੇ ਕੀਤੀ ਕੁੱਟਮਾਰ, ਪਾੜੇ ਕੱਪੜੇ
Monday, Mar 12, 2018 - 07:25 PM (IST)

ਨਵਾਂਗਰਾਉਂ : ਮੋਹਾਲੀ ਵਿਚ ਨੌਕਰੀ ਕਰਨ ਵਾਲੀ ਮਾਨਸਾ ਦੀ ਲੜਕੀ ਨੂੰ ਨਵਾਂਗਰਾਉਂ ਵਿਚ ਉਸ ਦੀਆਂ ਦੋ ਸਹੇਲੀਆਂ ਨੇ ਆਪਣੇ ਪ੍ਰੇਮੀਆਂ ਨਾਲ ਮਿਲ ਕੇ ਉਸ ਦੀ ਕੁੱਟਮਾਰ ਕੀਤੀ। ਪਹਿਲਾਂ ਉਸ ਨੂੰ ਕੁੱਟਿਆ ਗਿਆ ਅਤੇ ਫਿਰ ਉਸ ਦੇ ਕੱਪੜੇ ਪਾੜ ਦਿੱਤੇ ਗਏ। ਇਥੇ ਹੀ ਬਸ ਨਹੀਂ ਇਸ ਤੋਂ ਬਾਅਦ ਉਕਤ ਲੜਕੀ ਨੂੰ ਨੰਗਾ ਕਰਕੇ ਘਸੀਟਦੇ ਹੋਏ ਉਸ ਦੀ ਵੀਡੀਓ ਵੀ ਬਣਾਈ ਗਈ। ਇਸ ਦੌਰਾਨ ਜਦੋਂ ਪੀੜਤ ਲੜਕੀ ਦਾ ਪ੍ਰੇਮੀ ਗੁਰਸੇਵਕ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀਆਂ ਨੇ ਉਸ ਦੀ ਵੀ ਕੁੱਟਮਾਰ ਕੀਤੀ। ਇਸ ਦਰਮਿਆਨ ਗੁਰਸੇਵਕ ਨੇ ਪੁਲਸ ਨੂੰ ਫੋਨ ਕਰ ਦਿੱਤਾ ਪਰ ਇਕ ਦੋਸ਼ੀ ਲੜਕਾ ਮੌਕੇ ਤੋਂ ਫਰਾਰ ਹੋ ਗਿਆ ਪਰ ਪੁਲਸ ਨੇ ਦੋਵੇਂ ਦੋਸ਼ੀ ਲੜਕੀਆਂ ਨੂੰ ਗ੍ਰਿਫਤਾਰ ਕਰ ਲਿਆ।
ਨਵਾਂਗਰਾਉਂ ਥਾਣਾ ਪੁਲਸ ਨੇ ਅਮਨਦੀਪ ਕੌਰ ਅਤੇ ਰੀਤ ਖਿਲਾਫ ਆਈ. ਪੀ. ਸੀ. ਦੀ ਧਾਰਾ 452, 354 ਬੀ, 323, 380 ਆਈ. ਟੀ. ਐਕਟ ਤੇ 34 ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਪੀੜਤ ਲੜਕੀ ਆਪਣੇ ਪ੍ਰੇਮੀ ਗੁਰਸੇਵਕ ਨਾਲ 4 ਫਰਵਰੀ ਨੂੰ ਹੀ ਇਥੇ ਕਿਰਾਏ 'ਤੇ ਰਹਿਣ ਆਈ ਸੀ। ਪੀੜਤਾ ਨੇ ਕਿਹਾ ਕਿ ਉਹ ਲੋਕਾਂ ਤੋਂ ਮਦਦ ਦੀ ਗੁਹਾਰ ਲਗਾਉਂਦੀ ਹੋਈ ਸਰੀਰ ਢਕਣ ਲਈ ਕੱਪੜੇ ਮੰਗਦੀ ਰਹੀ ਪਰ ਕਿਸੇ ਨੇ ਉਸ ਦੀ ਮਦਦ ਨਹੀਂ ਕੀਤੀ। ਬਾਅਦ ਵਿਚ ਇਕ ਮਹਿਲਾ ਨੇ ਆਪਣਾ ਛਾਲ ਦਿੱਤਾ ਅਤੇ ਆਪਣੇ ਘਰੋਂ ਕੱਪੜੇ ਲਿਆ ਕੇ ਦਿੱਤੇ।
ਇਸ ਕਾਰਨ ਹੋਈ ਵਾਰਦਾਤ
ਪੀੜਤਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਸ ਦੀ ਪ੍ਰੇਮੀ ਨਾਲ ਮੁਲਾਕਾਤ ਹੋਈ, ਦੋਵੇਂ ਇਕੱਠੇ ਰਹਿਣ ਲੱਗੇ। ਅਮਨਦੀਪ ਆਪਣੇ ਪ੍ਰੇਮੀ ਵਿੱਕੀ ਨਾਲ ਜ਼ੀਰਕਪੁਰ 'ਚ ਰਹਿੰਦੀ ਹੈ। ਕੁਝ ਦਿਨ ਪਹਿਲਾਂ ਦੋਵਾਂ 'ਚ ਹਿਸ ਹੋ ਗਈ ਤਾਂ ਵਿੱਕੀ ਉਸ ਦੇ ਪ੍ਰੇਮੀ ਗੁਰਸੇਵਕ ਕੋਲ ਰਹਿਣ ਆ ਗਿਆ। ਗੁਰਸੇਵਕ ਨੇ ਦੋਵਾਂ ਵਿਚ ਸੁਲ੍ਹਾ ਕਰਵਾ ਦਿੱਤੀ ਤਾਂ ਵਿੱਕੀ ਮੁੜ ਅਮਨਦੀਪ ਕੋਲ ਚਲਾ ਗਿਆ। ਇਸ ਤੋਂ ਬਾਅਦ ਅਮਨਦੀਪ ਉਸ 'ਤੇ ਸ਼ੱਕ ਕਰਨ ਲੱਗ ਗਈ ਕਿ ਉਸ ਦੇ ਵਿੱਕੀ ਨਾਲ ਸੰਬੰਧ ਹਨ।