ਆਰਮੀ ਅਫਸਰ ਬਣ ਕੇ ਕੁੜੀ ਨਾਲ 47 ਹਜ਼ਾਰ ਦੀ ਮਾਰੀ ਠੱਗੀ
Wednesday, Aug 25, 2021 - 05:39 PM (IST)

ਬਠਿੰਡਾ (ਵਰਮਾ) : ਜਲੰਧਰ ਦੀ ਰਹਿਣ ਵਾਲੀ ਜੋਤੀ ਚੱਢਾ ਦੀ ਪਤਨੀ ਪਵਨ ਚੱਢਾ ਨੇ ਐੱਸ. ਐੱਸ. ਪੀ ਬਠਿੰਡਾ ਨੂੰ ਸ਼ਿਕਾਇਤ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਛਾਉਣੀ ਵਿਚ ਇਕ ਵਿਅਕਤੀ ਜਿਸ ਨੇ ਫੌਜ ਦਾ ਅਧਿਕਾਰੀ ਹੋਣ ਦਾ ਦਾਅਵਾ ਕੀਤਾ ਸੀ ਨੇ ਉਸ ਨਾਲ ਠੱਗੀ ਮਾਰੀ ਹੈ। ਉਕਤ ਨੇ ਦੱਸਿਆ ਕਿ ਉਸ ਨੇ ਸੋਸ਼ਲ ਸਾਈਟ ਵਿਚ ਹੌਂਡਾ ਐਕਟਿਵਾ ਦਾ ਇਸ਼ਤਿਹਾਰ ਦਿੱਤਾ ਸੀ। ਉਕਤ ਇਸ਼ਤਿਹਾਰ ਵਿਚ ਕਿਹਾ ਗਿਆ ਸੀ ਕਿ ਵਾਹਨ ਦੀ ਹਾਲਤ ਬਿਹਤਰ ਹੋਣ ਦੇ ਨਾਲ ਇਸਨੂੰ ਸਸਤੀ ਕੀਮਤ ’ਤੇ ਵੇਚ ਰਿਹਾ ਹੈ। ਇਸ ਸਕੂਟਰੀ ਨੂੰ ਖਰੀਦਣ ਲਈ ਉਸ ਵਿਅਕਤੀ ਵਲੋਂ ਦਿੱਤੇ ਗਏ ਨੰਬਰ ’ਤੇ ਸੰਪਰਕ ਕੀਤਾ ਜਿਸ ਨੇ ਆਪਣਾ ਨਾਮ ਆਨੰਦ ਕੁਮਾਰ ਤ੍ਰਿਪਾਠੀ ਦੱਸਿਆ ਅਤੇ ਆਪਣੇ ਆਪ ਨੂੰ ਬਠਿੰਡਾ ਛਾਉਣੀ ਵਿਚ ਤਾਇਨਾਤ ਦੱਸਿਆ। ਮੁਲਜ਼ਮ ਨੇ ਸਕੂਟਰੀ ਦੇ ਨਾਮ ’ਤੇ ਉਸ ਕੋਲੋਂ ਕਰੀਬ 47000 ਰੁਪਏ ਆਨਲਾਈਨ ਇਕੱਠੇ ਕੀਤੇ, ਜਿਸ ਦੀ ਉਸ ਕੋਲ ਰਸੀਦ ਹੈ।
ਉਸਨੇ ਇਹ ਰਕਮ ਦੋਸ਼ੀ ਨੂੰ ਤਿੰਨ ਕਿਸ਼ਤਾਂ ਵਿਚ ਅਦਾ ਕੀਤੀ। ਇੰਨਾ ਹੀ ਨਹੀਂ, ਉਸ ਨੂੰ ਵਿਸ਼ਵਾਸ ਦਿਵਾਉਣ ਲਈ, ਉਕਤ ਵਿਅਕਤੀ ਨੇ ਭਾਰਤੀ ਫੌਜ ਦਾ ਲੈਟਰ ਪੈਡ ਅਤੇ ਲੋਗੋ ਵੀ ਆਨਲਾਈਨ ਪਾ ਦਿੱਤਾ ਸੀ। ਰਕਮ ਦੇਣ ਤੋਂ ਬਾਅਦ ਜਦੋਂ ਉਸ ਨੇ ਸਕੂਟੀ ਦੇਣ ਦੀ ਗੱਲ ਕੀਤੀ ਤਾਂ ਉਕਤ ਵਿਅਕਤੀ ਨੇ ਝਿਜਕਣਾ ਸ਼ੁਰੂ ਕਰ ਦਿੱਤਾ, ਜਦੋਂ ਕਿ ਉਸ ਤੋਂ ਆਰਮੀ ਟਰਾਂਸਪੋਰਟ ਫੀਸ ਦੇ ਨਾਂ 'ਤੇ 5000 ਰੁਪਏ ਦੀ ਵਾਧੂ ਰਕਮ ਦੀ ਮੰਗ ਕੀਤੀ। ਫਿਲਹਾਲ, ਇਸ ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਐੱਸ.ਐੱਸ.ਪੀ. ਨੇ ਜਾਂਚ ਦੇ ਆਦੇਸ਼ ਦਿੱਤੇ ਹਨ ਪਰ ਅੱਜ ਤੱਕ ਉਕਤ ਦੋਸ਼ੀਆਂ ਦੇ ਬਾਰੇ ਵਿਚ ਖੁਲਾਸਾ ਨਹੀਂ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜਸਥਾਨ, ਦਿੱਲੀ ਤੋਂ ਬਾਅਦ ਹੁਣ ਪੰਜਾਬ ਵਿਚ ਅਜਿਹੇ ਰੈਕੇਟ ਸਰਗਰਮ ਹੋ ਰਹੇ ਹਨ। ਇਸ ਤਰ੍ਹਾਂ ਦੀ ਧੋਖਾਧੜੀ ਪਿਛਲੇ ਦੋ-ਤਿੰਨ ਸਾਲਾਂ ਵਿੱਚ ਵਧੀ ਹੈ।