ਪੰਜਾਬ ਸਰਕਾਰ ਨੇ ਡਿਵੈਲਪਰਜ਼ ਨੂੰ ਦਿੱਤੀ ਸੌਗਾਤ, ਬਕਾਏ ’ਤੇ ਵਿਆਜ਼ ’ਚ ਕੀਤੀ ਕਟੌਤੀ

Wednesday, Dec 15, 2021 - 01:43 PM (IST)

ਪੰਜਾਬ ਸਰਕਾਰ ਨੇ ਡਿਵੈਲਪਰਜ਼ ਨੂੰ ਦਿੱਤੀ ਸੌਗਾਤ, ਬਕਾਏ ’ਤੇ ਵਿਆਜ਼ ’ਚ ਕੀਤੀ ਕਟੌਤੀ

ਚੰਡੀਗੜ੍ਹ (ਅਸ਼ਵਨੀ) : ਇੱਕ ਪਾਸੇ ਜਿੱਥੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਲਗਾਤਾਰ ਪੰਜਾਬ ’ਤੇ ਵਧਦੇ ਕਰਜ਼ੇ ਨੂੰ ਲੈ ਕੇ ਚਿੰਤਾ ਪ੍ਰਗਟ ਕਰ ਰਹੇ ਹਨ ਤਾਂ ਦੂਜੇ ਪਾਸੇ ਚੰਨੀ ਸਰਕਾਰ ਨੇ ਡਿਵੈਲਪਰਜ਼ ਦੇ ਬਕਾਏ ’ਤੇ ਵਿਆਜ਼ ਮੁਆਫੀ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਮੰਤਰੀ ਮੰਡਲ ਨੇ ਡਿਵੈਲਪਰਾਂ ਦੇ ਬਾਕੀ ਬਕਾਏ ਜਿਵੇਂ ਕਿ ਈ. ਡੀ. ਸੀ. ’ਤੇ 10 ਫੀਸਦੀ ਸਾਧਾਰਣ ਵਿਆਜ਼ ਪਲੱਸ 3 ਫੀਸਦੀ ਜ਼ੁਰਮਾਨਾ ਵਿਆਜ ਘਟਾ ਕੇ ਸ਼ਹਿਰੀ ਵਿਕਾਸ ਅਥਾਰਟੀ ਵਿਚ 8.5 ਫੀਸਦੀ ਸਾਲਾਨਾ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਮੰਤਰੀ ਮੰਡਲ ਨੇ ਨਵੇਂ ਅਤੇ ਚੱਲ ਰਹੇ ਪ੍ਰਾਜੈਕਟਾਂ ਲਈ ਵਿਆਜ਼ ਦੀਆਂ ਸਾਧਾਰਣ ਅਤੇ ਜ਼ੁਰਮਾਨਾ ਦਰਾਂ ਨੂੰ ਘਟਾ ਕੇ 7.5 ਫੀਸਦੀ ਸਾਲਾਨਾ ਅਤੇ 10 ਫੀਸਦੀ ਸਾਲਾਨਾ ਕਰਨ ਦਾ ਫੈਸਲਾ ਕੀਤਾ ਹੈ।

229 ਸਕੂਲਾਂ ਨੂੰ ਅਪਗ੍ਰੇਡ ਕਰਨ ’ਤੇ ਮੋਹਰ
ਕੈਬਨਿਟ ਨੇ 229 ਸਕੂਲਾਂ ਨੂੰ ਵੱਖ-ਵੱਖ ਪੱਧਰ ’ਤੇ ਅਪਗ੍ਰੇਡ ਕਰਨ ਲਈ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਵਿਚ 46 ਐਲੀਮੈਂਟਰੀ ਸਕੂਲਾਂ ਨੂੰ ਮਿਡਲ ਸਕੂਲ, 100 ਮਿਡਲ ਸਕੂਲਾਂ ਨੂੰ ਹਾਈ ਸਕੂਲ ਅਤੇ 83 ਹਾਈ ਸਕੂਲਾਂ ਨੂੰ ਸੀਨੀਅਰ ਸੈਕੰਡਰੀ ਸਕੂਲਾਂ ਦੇ ਤੌਰ ’ਤੇ ਅਪਗ੍ਰੇਡ ਕੀਤਾ ਜਾਵੇਗਾ। 

ਇਹ ਵੀ ਪੜ੍ਹੋ : ਮੁੱਖ ਮੰਤਰੀ ਚੰਨੀ ਨੇ ਸੰਗਰੂਰ ਲਈ 1050 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ

ਸਿਹਤ ਕਰਮਚਾਰੀਆਂ ਦੇ 775 ਆਸਾਮੀਆਂ ਸਿਰਜਣ ਨੂੰ ਮਨਜ਼ੂਰੀ
ਮੰਤਰੀ ਮੰਡਲ ਨੇ 28 ਸਿਹਤ ਸੰਸਥਾਵਾਂ (ਮੁੱਢਲਾ ਸਿਹਤ ਕੇਂਦਰ, ਕੰਮਿਊਨਿਟੀ ਹੈਲਥ ਸੈਂਟਰ ਅਤੇ ਸਭ ਡਵੀਜ਼ਨਲ ਹਸਪਤਾਲ ਆਦਿ) ਨੂੰ ਅਪਗ੍ਰੇਡ ਕਰ ਕੇ ਸੀਨੀਅਰ ਮੈਡੀਕਲ ਅਫਸਰ, ਮੈਡੀਕਲ ਅਫਸਰ, ਸਟਾਫ ਨਰਸ, ਫਾਰਮਾਸਿਸਟ, ਲੈਬਾਰਟਰੀ ਤਕਨੀਸ਼ੀਅਨ ਆਦਿ ਸਮੇਤ 775 ਆਸਾਮੀਆਂ ਸਿਰਜਣ ਲਈ ਮਨਜ਼ੂਰੀ ਦੇ ਦਿੱਤੀ ਹੈ। ਮੰਤਰੀ ਮੰਡਲ ਨੇ ਕਮਿਊਨਿਟੀ ਹੈਲਥ ਸੈਂਟਰ ਮੋਰਿੰਡਾ ਵਿਚ ਨਵਾਂ ਟਰਾਮਾ ਸੈਂਟਰ ਖੋਲ੍ਹਣ ਦੀ ਮਨਜ਼ੂਰੀ ਵੀ ਦੇ ਦਿੱਤੀ ਹੈ। ਇਨ੍ਹਾਂ ਸੰਸਥਾਵਾਂ ਦੇ ਅਪਗ੍ਰੇਡ ਹੋਣ ਨਾਲ ਵੱਖ-ਵੱਖ ਕਾਡਰਾਂ ਦੇ 706 ਨਵੇਂ ਅਹੁਦੇ ਸਿਰਜੇ ਜਾਣਗੇ। ਇਸੇ ਤਰ੍ਹਾਂ ਮੰਤਰੀ ਮੰਡਲ ਨੇ ਪਠਾਨਕੋਟ ਅਤੇ ਜਲੰਧਰ ਵਿਚ ਟਰਾਮਾ ਸੈਂਟਰਾਂ ਲਈ ਵੱਖ-ਵੱਖ ਕਾਡਰ ਦੀਆਂ 69 ਨਵੀਆਂ ਆਸਾਮੀਆਂ ਸਿਰਜਣ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਮੰਤਰੀ ਮੰਡਲ ਨੇ ਇਨ੍ਹਾਂ ਸਿਹਤ ਸੰਸਥਾਵਾਂ ਨੂੰ ਅਪਗ੍ਰੇਡ ਕਰਨ ਦੇ ਕਾਰਨ ਵਿਭਾਗ ਦੇ ਨਿਯਮਾਂ ਅਨੁਸਾਰ 50 ਆਸਾਮੀਆਂ ਨੂੰ ਖ਼ਤਮ ਕਰਨ ਦੀ ਮਨਜ਼ੂਰੀ ਵੀ ਦੇ ਦਿੱਤੀ ਹੈ।

ਕੇਂਦਰੀ ਜੇਲ੍ਹ, ਸ੍ਰੀ ਗੋਇੰਦਵਾਲ ਸਾਹਿਬ ਲਈ 513 ਆਸਾਮੀਆਂ ਸਿਰਜਣ ਅਤੇ ਭਰਨ ਦੀ ਮਨਜ਼ੂਰੀ
ਮੰਤਰੀ ਮੰਡਲ ਨੇ ਸ੍ਰੀ ਗੋਇੰਦਵਾਲ ਸਾਹਿਬ ਵਿਚ ਨਵੀਂ ਬਣੀ ਕੇਂਦਰੀ ਜੇਲ੍ਹ ਨੂੰ ਕਾਰਜਸ਼ੀਲ ਕਰਨ ਲਈ 513 ਨਵੀਆਂ ਆਸਾਮੀਆਂ ਸਿਰਜਣ ਅਤੇ ਭਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਉੱਥੇ ਹੀ, ਪੰਜਾਬ ਜਲ ਸਪਲਾਈ ਅਤੇ ਸਵੱਛਤਾ ‘ਡੀ’ (ਫੀਲਡ ਵਰਕਰਜ਼) ਸੇਵਾ ਨਿਯਮ-2021 ਬਣਾਉਣ ਨੂੰ ਵੀ ਮੰਤਰੀ ਮੰਡਲ ਨੇ ਮਨਜ਼ੂਰੀ ਦਿੱਤੀ ਹੈ।           

ਇਹ ਵੀ ਪੜ੍ਹੋ : ਕੇਜਰੀਵਾਲ ਦੱਸਣ ਕੋਵਿਡ ’ਚ ਦਿੱਲੀ ਦੀ ਜਨਤਾ ਪੰਜਾਬ ’ਚ ਕਿਉਂ ਆਉਂਦੀ ਰਹੀ ਇਲਾਜ ਕਰਵਾਉਣ : ਸੋਨੀ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News