ਬੇੜਾ ਗਰਕ : ਸ਼ਮਸ਼ਾਨਘਾਟ ''ਚ ਲਕੜਾਂ ਵੀ ਨਹੀਂ ਛੱਡ ਰਹੇ ਇਸ ਪਿੰਡ ਦੇ ਨਸ਼ੇੜੀ
Monday, Jan 27, 2020 - 04:26 PM (IST)

ਗਿੱਦੜਬਾਹਾ (ਸੰਧਿਆ) - ਨਸ਼ੇੜੀ ਨੌਜਵਾਨਾਂ ਨੇ ਸ਼ਰਮਿੰਦਗੀ ਦੀਆਂ ਸਾਰੀਆਂ ਹੱਦਾਂ ਉਸ ਸਮੇਂ ਪਾਰ ਕਰ ਦਿੱਤੀਆਂ, ਜਦੋਂ ਉਹ ਗਿੱਦੜਬਾਹਾ ਦੇ ਲਾਈਨੋਂ ਪਾਰ ਇਲਾਕੇ 'ਚ ਬਣੇ ਸ਼ਮਸ਼ਾਨਘਾਟ 'ਚੋਂ ਮੁਰਦੇ ਨੂੰ ਜਲਾਉਣ ਵਾਲੀਆਂ ਲਕੜਾਂ ਨੂੰ ਚੋਰੀ ਕਰਕੇ ਲੈ ਗਏ। ਨਸ਼ੇੜੀਆਂ ਦੀ ਇਸ ਘਟਨਾ ਨੇ ਇਲਾਕੇ ਦੇ ਲੋਕਾਂ ਨੂੰ ਮਾਯੂਸ ਕਰਕੇ ਰੱਖ ਦਿੱਤਾ। ਜਾਣਕਾਰੀ ਅਨੁਸਾਰ ਗਿੱਦੜਬਾਹਾ ਦੇ ਪਿੰਡ 'ਚ ਰਹਿਣ ਵਾਲੇ ਗਰੀਬ ਪਰਿਵਾਰ ਦੇ ਮਿੱਠੂ ਸਿੰਘ ਦੀ ਮੌਤ ਹੋ ਗਈ ਸੀ, ਜਿਸ ਦੇ ਪਰਿਵਾਰ ਨੇ ਉਸ ਦਾ ਅੰਤਿਮ ਸੰਸਕਾਰ ਕਰਨਾ ਸੀ। ਗਰੀਬ ਪਰਿਵਾਰ ਨੇ ਬੜੀ ਮੁਸ਼ਕਲ ਨਾਲ ਪੈਸੇ ਜੋੜ ਕੇ ਸਸਕਾਰ ਲਈ ਲੱਕੜਾਂ ਲਿਆਂਦੀਆਂ, ਜਿੰਨਾ ਨੂੰ ਉਨ੍ਹਾਂ ਨੇ ਸ਼ਮਸ਼ਾਨਘਾਟ 'ਚ ਰੱਖ ਦਿੱਤਾ ਅਤੇ ਹੋਰ ਛੱਟੀਆਂ ਆਦਿ ਦਾ ਪ੍ਰਬੰਧ ਕਰਨ ਲਈ ਚਲੇ ਗਏ। ਪਰਿਵਾਰ ਦੇ ਮੈਂਬਰ ਜਦੋਂ ਛਟੀਆਂ ਲੈ ਕੇ ਵਾਪਸ ਸ਼ਮਸ਼ਾਨਘਾਟ ਆਏ ਤਾਂ ਉਹ ਲਕੜਾਂ ਨਾ ਦੇਖ ਕੇ ਹੈਰਾਨ ਹੋ ਗਏ। ਵੱਖ-ਵੱਖ ਥਾਵਾਂ ਦੀ ਭਾਲ ਕਰਨ 'ਤੇ ਉਨ੍ਹਾਂ ਨੂੰ ਲਕੜਾਂ ਨਹੀਂ ਮਿਲੀਆਂ।
ਘਟਨਾ ਦਾ ਪਤਾ ਲੱਗਣ 'ਤੇ ਪੁੱਜੇ ਮਹਿੰਦਰ ਭੋਲਾ ਸਿੰਘ ਤੇ ਕੰਵਲਜੀਤ ਸਿੰਘ ਨੇ ਦੱਸਿਆ ਕਿ ਸ਼ਮਸ਼ਾਨਘਾਟ 'ਚ ਹਮੇਸ਼ਾ ਨਸ਼ੇੜੀ ਲੋਕ, ਜੋ ਚਿੱਟੇ ਦਾ ਨਸ਼ਾ ਕਰਦੇ ਹਨ, ਵੱਡੀ ਤਾਦਾਦ 'ਚ ਆਉਂਦੇ ਰਹਿੰਦੇ ਹਨ। ਉਕਤ ਲੋਕ ਇੱਥੋਂ ਵੱਡੀ ਮਾਤਰਾ 'ਚ ਲਕੜਾਂ ਚੋਰੀ ਕਰਕੇ ਲੈ ਜਾਂਦੇ ਹਨ। ਅਜਿਹਾ ਕਰਨ ਤੋਂ ਰੋਕਣ 'ਤੇ ਨਸ਼ੇੜੀ ਗਾਲੀ ਗਲੋਚ ਕਰਨ ਤੋਂ ਮਗਰੋਂ ਕੁੱਟਮਾਰ ਕਰਨ 'ਤੇ ਉਤਾਰੂ ਹੋ ਜਾਂਦੇ
ਹਨ। ਉਕਤ ਲੋਕਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਮੇਂ-ਸਮੇਂ 'ਤੇ ਉਹ ਇਸ ਥਾਂ ਦੀ ਚੈਕਿੰਗ ਕਰਨ ਅਤੇ ਨਸ਼ੇੜੀ ਲੋਕਾਂ ਨੂੰ ਕਾਬੂ ਕਰਨ।