ਸ੍ਰੀ ਪੀਤਾਂਬਰ ਜੀ ਦਾ ਗ੍ਰੰਥ ''ਵਿਚਾਰਚੰਦਰੋਦਯ'' ਦਾ ਪੰਜਾਬੀ ਅਨੁਵਾਦ ਲੋਕ ਅਰਪਿਤ
Wednesday, Aug 19, 2020 - 02:36 PM (IST)
ਅੰਮ੍ਰਿਤਸਰ: ਸ੍ਰੀ ਮਾਨ ਪੀਤਾਂਬਰ ਜੀ ਦੇ ਮਹਾਨ ਗ੍ਰੰਥ 'ਵਿਚਾਰਚੰਦਰੋਦਯ' ਦਾ ਪੰਜਾਬੀ ਅਨੁਵਾਦ ਗਿਆਨੀ ਜੈਮਲ ਸਿੰਘ ਜਸਰਾਊਰ ਅਤੇ ਗਿਆਨੀ ਕਰਨਬੀਰ ਸਿੰਘ ਵਰਨਾਲਾ ਵਲੋਂ ਕੀਤਾ ਗਿਆ । ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਇਸ ਦਾ ਪੰਜਾਬੀ ਅਨੁਵਾਦ ਸਿੰਘ ਸਾਹਿਬ ਗਿਆਨ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਘਰ ਲੋਕ ਅਰਪਣ ਕੀਤਾ ਗਿਆ। ਇਸ ਗ੍ਰੰਥ ਦਾ ਮੁੱਖ ਵਿਚਾਰ ਅਕਾਲ ਪੁਰਖ ਦੀ ਪ੍ਰਾਪਤੀ, ਪਰਮਾਰਥ, ਦੁੱਖਾਂ ਤੋਂ ਨਿਵਰਤੀ ਤੇ ਸੁੱਖਾਂ ਦੀ ਪ੍ਰਾਪਤੀ ਤੇ ਪੂਰਨ ਬ੍ਰਹਮ ਦਾ ਗਿਆਨ ਹੈ। ਇਸ ਗ੍ਰੰਥ ਨੂੰ ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ ਵਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਮੂਲ ਰੂਪ ਵਿੱਚ ਇਹ ਗ੍ਰੰਥ ਵੇਦਾਂਤ ਦਾ ਗ੍ਰੰਥ ਹੈ, ਜਿਸਦੀ ਭਾਸ਼ਾ ਸੰਸਕ੍ਰਿਤ ਹੈ। ਇਸਦਾ ਹਿੰਦੀ ਭਾਸ਼ਾ 'ਚ ਪਹਿਲਾਂ ਹੀ ਅਨੁਵਾਦ ਹੋ ਚੁੱਕਿਆ ਹੈ।ਲੇਖਕ ਗਿਆਨੀ ਜੈਮਲ ਸਿੰਘ ਜਸਰਾਊਰ ਅਨੁਸਾਰ ਇਸ ਗ੍ਰੰਥ ਨੂੰ ਬੜੇ ਗਹੁ ਨਾਲ ਸਮਝਣ ਦੀ ਜ਼ਰੂਰਤ ਹੈ ਕਿਉਂਕਿ ਇਸ ਵਿੱਚ ਬਹੁਤ ਸਾਰਾ ਗਿਆਨ ਦਾ ਖ਼ਜ਼ਾਨਾ ਹੈ, ਜਿਸਨੂੰ ਗੁਰਮਤਿ ਦੇ ਵਿਚਾਰਵਾਨ ਪੁਰਾਤਨ ਸਿੱਖ ਪੜ੍ਹਦੇ ਆਏ ਹਨ। ਇਸ ਗ੍ਰੰਥ ਦੀ ਸਮਝ ਬਿਨਾਂ ਪੂਰਨ ਅਭਿਆਸ ਦੇ ਨਹੀਂ ਆ ਸਕਦੀ।ਲੇਖਕ ਅਨੁਸਾਰ ਇਸ ਗ੍ਰੰਥ ਦੇ ਪੂਰਨ ਅਭਿਆਸ ਨਾਲ ਕਿਸੇ ਵੀ ਪ੍ਰਮਾਰਥ ਗ੍ਰੰਥ ਨੂੰ ਸਮਝਣ ਦੇ ਸਮਰੱਥ ਹੋਇਆ ਜਾ ਸਕਦਾ ਹੈ। ਇਸ ਗ੍ਰੰਥ ਦਾ ਪੂਰਨ ਸ਼ਰਧਾ, ਸਤਿਕਾਰ ਸਹਿਤ ਅਭਿਆਸ ਕਰਨ ਨਾਲ, ਮਹਾਂਪੁਰਸ਼ਾਂ ਦੁਆਰਾ ਗ੍ਰੰਥਾਂ ਰਾਹੀਂ ਦਿੱਤੇ ਪੂਰਨ ਗਿਆਨ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਮੌਕੇ ਗਿਆਨੀ ਨਵਤੇਜ ਸਿੰਘ ਜੀ ਅੰਮ੍ਰਿਤਸਰ, ਗਿਆਨੀ ਜਗਸੀਰ ਸਿੰਘ, ਭਾਈ ਹਰਪ੍ਰੀਤ ਸਿੰਘ ਕਲੇਰ, ਗਿਆਨੀ ਜੁਗਰਾਜ ਸਿੰਘ, ਭਾਈ ਤੇਜਬੀਰ ਸਿੰਘ ਅਜਨਾਲਾ, ਭਾਈ ਦਿਲਪ੍ਰੀਤ ਸਿੰਘ, ਭਾਈ ਭਜਨ ਸਿੰਘ , ਭਾਈ ਕਨਵਰ ਵਰਿੰਦਰ ਸਿੰਘ ,ਭਾਈ ਗੁਰਪ੍ਰੀਤ ਸਿੰਘ ਦਿੱਲੀ ਵਾਲੇ ਤੋਂ ਇਲਾਵਾ ਵੱਡੀ ਗਿਣਤੀ 'ਚ ਗੁਰਮਤਿ ਰਸੀਏ ਕਈ ਸਿੰਘ ਮੌਜੂਦ ਸਨ।