ਇਕ ਹਫ਼ਤੇ ''ਚ ਦੂਜੀ ਵਾਰ ਸਿੰਘ ਭਵਾਨੀ ਮੰਦਿਰ ''ਤੇ ਚੋਰਾਂ ਦਾ ਧਾਵਾ, ਤਾਲੇ ਤੋੜ ਕੇ ਗੋਲਕ ਲੁੱਟੀ
Saturday, Oct 10, 2026 - 01:16 PM (IST)
ਸੁਲਤਾਨਪੁਰ ਲੋਧੀ (ਧੀਰ)- ਪਾਵਨ ਨਗਰੀ ਸੁਲਤਾਨਪੁਰ ਲੋਧੀ 'ਚ ਹੁਣ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਗਏ ਹਨ ਕਿ ਧਾਰਮਿਕ ਅਸਥਾਨ ਵੀ ਸੁਰੱਖਿਅਤ ਨਹੀਂ ਰਹੇ। ਸ਼ਹਿਰ ਦੇ ਪ੍ਰਾਚੀਨ ਸਿੰਘ ਭਵਾਨੀ ਮੰਦਿਰ 'ਚ ਇਕ ਹਫ਼ਤੇ ਦੇ ਅੰਦਰ ਦੂਜੀ ਵਾਰ ਚੋਰੀ ਦੀ ਵਾਰਦਾਤ ਵਾਪਰਨ ਨਾਲ ਸੁਰੱਖਿਆ ਪ੍ਰਬੰਧਾਂ ’ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਬੀਤੀ ਰਾਤ ਚੋਰਾਂ ਨੇ ਮੰਦਰ ਦੇ ਕੈਂਚੀ ਗੇਟ ਦਾ ਮੁੱਖ ਤਾਲਾ ਤੋੜਿਆ, ਫਿਰ ਹਨੂੰਮਾਨ ਜੀ ਦੇ ਮੰਦਰ ਵਿੱਚ ਰੱਖੀ ਭਾਰੀ ਲੋਹੇ ਦੀ ਗੋਲਕ ਨੂੰ ਲੱਗੇ ਤਿੰਨ ਤਾਲੇ ਤੋੜ ਕੇ ਉਸ ਵਿੱਚ ਪਈ ਨਕਦੀ ਚੋਰੀ ਕਰ ਲਈ ਅਤੇ ਬਿਨਾਂ ਕਿਸੇ ਡਰ ਦੇ ਫ਼ਰਾਰ ਹੋ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਇਸੇ ਹਫ਼ਤੇ ਪਹਿਲਾਂ ਹੋਈ ਚੋਰੀ ਦੀ ਜਾਂਚ ਦਾ ਕੋਈ ਸਪੱਸ਼ਟ ਨਤੀਜਾ ਸਾਹਮਣੇ ਨਹੀਂ ਆਇਆ ਅਤੇ ਹੁਣ ਉਸੇ ਮੰਦਿਰ 'ਚ ਮੁੜ ਵਾਰਦਾਤ ਹੋ ਗਈ। ਇਸ ਘਟਨਾ ਨੇ ਸ਼ਹਿਰਵਾਸੀਆਂ ਦੇ ਮਨਾਂ 'ਚ ਅਸੁਰੱਖਿਆ ਦੀ ਭਾਵਨਾ ਪੈਦਾ ਕਰ ਦਿੱਤੀ ਹੈ ਅਤੇ ਪੁਲਸ ਦੀ ਰਾਤ ਦੀ ਗਸ਼ਤ ਅਤੇ ਅਪਰਾਧੀਆਂ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਨਾਰਾਜ਼ਗੀ ਹੈ।
ਇਹ ਵੀ ਪੜ੍ਹੋ: ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ! ਪੰਜਾਬ 'ਚ 3 ਦਿਨ ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਮੀਂਹ
ਤਾਲੇ ਤੋੜਦੇ ਰਹੇ ਚੋਰ, ਸੂਚਨਾ ਮਿਲਣ ’ਤੇ ਪਹੁੰਚੀ ਪੁਲਸ
ਮੰਦਿਰ ਦੇ ਪ੍ਰਮੁੱਖ ਗੱਦੀਨਸ਼ੀਨ ਮਹੰਤ ਗੌਰਵ ਗਿਰੀ ਜੀ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਸਵਾ ਵਜੇ ਉਨ੍ਹਾਂ ਨੂੰ ਮੰਦਿਰ 'ਚ ਸੇਵਾ ਕਰਦੇ ਸਹਾਇਕ ਪੰਡਿਤ ਦੇ ਪੁੱਤਰ ਦਾ ਫ਼ੋਨ ਆਇਆ। ਉਸ ਨੇ ਦੱਸਿਆ ਕਿ ਹਨੂੰਮਾਨ ਜੀ ਦੇ ਮੰਦਰ ਦਾ ਤਾਲਾ ਟੁੱਟਣ ਦੀ ਆਵਾਜ਼ ਸੁਣਾਈ ਦਿੱਤੀ ਹੈ ਅਤੇ ਸ਼ੱਕ ਹੈ ਕਿ ਚੋਰ ਮੰਦਰ ਵਿੱਚ ਚੋਰੀ ਕਰਨ ਆਏ ਹਨ। ਮਹੰਤ ਨੇ ਦੱਸਿਆ ਕਿ ਉਨ੍ਹਾਂ ਨੇ ਤੁਰੰਤ ਪੁਲਸ ਦੇ ਐਮਰਜੈਂਸੀ ਨੰਬਰ 112 ’ਤੇ ਫ਼ੋਨ ਕਰਕੇ ਸੂਚਨਾ ਦਿੱਤੀ। ਉਨ੍ਹਾਂ ਮੁਤਾਬਕ ਕਰੀਬ 15 ਮਿੰਟ ਬਾਅਦ ਪੁਲਸ ਮੌਕੇ ’ਤੇ ਪਹੁੰਚੀ ਪਰ ਉਦੋਂ ਤੱਕ ਚੋਰ ਆਪਣਾ ਕੰਮ ਕਰਕੇ ਫ਼ਰਾਰ ਹੋ ਚੁੱਕੇ ਸਨ। ਮਹੰਤ ਗੌਰਵ ਗਿਰੀ ਨੇ ਦੱਸਿਆ ਕਿ ਚੋਰਾਂ ਨੇ ਪਹਿਲਾਂ ਮੰਦਰ ਦੇ ਕੈਂਚੀ ਗੇਟ ਦਾ ਮੁੱਖ ਤਾਲਾ ਤੋੜਿਆ ਅਤੇ ਫਿਰ ਅੰਦਰ ਪਈ ਭਾਰੀ ਲੋਹੇ ਦੀ ਗੋਲਕ ਨੂੰ ਲੱਗੇ ਤਿੰਨ ਤਾਲੇ ਵੀ ਤੋੜ ਦਿੱਤੇ। ਇਸ ਤੋਂ ਬਾਅਦ ਗੋਲਕ ਵਿੱਚ ਪਈ ਨਕਦੀ ਲੈ ਕੇ ਰਫ਼ੂਚੱਕਰ ਹੋ ਗਏ। ਮੰਦਰ ਵਿੱਚ ਤਾਲੇ ਤੋੜ ਕੇ ਇਸ ਤਰ੍ਹਾਂ ਵਾਰਦਾਤ ਨੂੰ ਅੰਜਾਮ ਦੇਣਾ ਦਰਸਾਉਂਦਾ ਹੈ ਕਿ ਚੋਰਾਂ ਨੂੰ ਕਾਨੂੰਨ ਦਾ ਡਰ ਨਹੀਂ ਰਿਹਾ। ਹਾਲਾਂਕਿ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਮੁਲਜ਼ਮ ਫ਼ਰਾਰ ਹੋ ਗਏ, ਪਰ ਹੁਣ ਸਭ ਦੀਆਂ ਨਜ਼ਰਾਂ ਜਾਂਚ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ’ਤੇ ਟਿਕੀਆਂ ਹੋਈਆਂ ਹਨ।
ਇਹ ਵੀ ਪੜ੍ਹੋ: ਅਕਾਲੀ ਦਲ 'ਵਾਰਿਸ ਪੰਜਾਬ ਦੇ' ਵੱਲੋਂ ਏਜੰਡਾ ਕਮੇਟੀ ਦਾ ਐਲਾਨ, ਇਕਬਾਲ ਝੂੰਦਾ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
ਚਾਰ ਦਿਨ ਪਹਿਲਾਂ ਵੀ ਹੋਈ ਸੀ ਚੋਰੀ, ਫਿਰ ਕਿਵੇਂ ਹੋ ਗਈ ਦੂਜੀ ਵਾਰਦਾਤ?
ਮਹੰਤ ਗੌਰਵ ਗਿਰੀ ਨੇ ਦੱਸਿਆ ਕਿ ਇਸੇ ਹਫ਼ਤੇ ਐਤਵਾਰ ਦੀ ਰਾਤ ਨੂੰ ਵੀ ਮੰਦਰ ਦੇ ਇੱਕ ਹਿੱਸੇ ਦਾ ਤਾਲਾ ਤੋੜ ਕੇ ਗੋਲਕ ਵਿੱਚ ਪਈ ਨਕਦੀ ਚੋਰੀ ਕਰ ਲਈ ਗਈ ਸੀ। ਉਸ ਘਟਨਾ ਸਬੰਧੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਪਹਿਲੀ ਚੋਰੀ ਤੋਂ ਬਾਅਦ ਚਾਰ ਦਿਨ ਬੀਤ ਜਾਣ ਦੇ ਬਾਵਜੂਦ ਕੋਈ ਸੁਰਾਗ ਸਾਹਮਣੇ ਨਾ ਆਉਣ ਕਾਰਨ ਚੋਰਾਂ ਨੇ ਮੁੜ ਮੰਦਰ ਨੂੰ ਨਿਸ਼ਾਨਾ ਬਣਾ ਲਿਆ। ਇਸ ਘਟਨਾ ਨੇ ਕਈ ਅਹਿਮ ਸਵਾਲ ਖੜ੍ਹੇ ਕਰ ਦਿੱਤੇ ਹਨ। ਜੇਕਰ ਇਕ ਧਾਰਮਿਕ ਅਸਥਾਨ 'ਚ ਪਹਿਲੀ ਚੋਰੀ ਹੋਣ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ ਸੀ ਤਾਂ ਕੀ ਉਸ ਥਾਂ ਦੀ ਸੁਰੱਖਿਆ ਵਧਾਉਣ ਅਤੇ ਰਾਤ ਦੀ ਗਸ਼ਤ ਤੇਜ਼ ਕਰਨ ਦੀ ਲੋੜ ਨਹੀਂ ਸੀ? ਕੀ ਚੋਰਾਂ ਨੂੰ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਸੀ ਕਿ ਪਹਿਲੀ ਵਾਰਦਾਤ ਤੋਂ ਬਾਅਦ ਵੀ ਉਨ੍ਹਾਂ ਤੱਕ ਪਹੁੰਚਣਾ ਪੁਲਸ ਲਈ ਮੁਸ਼ਕਿਲ ਬਣਿਆ ਹੋਇਆ ਹੈ? ਲਗਾਤਾਰ ਦੋ ਘਟਨਾਵਾਂ ਨੇ ਲੋਕਾਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਜੇਕਰ ਮੰਦਿਰ ਵਰਗਾ ਧਾਰਮਿਕ ਅਸਥਾਨ ਸੁਰੱਖਿਅਤ ਨਹੀਂ ਤਾਂ ਆਮ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਦੀ ਸੁਰੱਖਿਆ ਬਾਰੇ ਕੀ ਭਰੋਸਾ ਕੀਤਾ ਜਾਵੇ?
ਸ਼ਹਿਰਵਾਸੀਆਂ ’ਚ ਰੋਸ, ਧਾਰਮਿਕ ਅਸਥਾਨਾਂ ਦੀ ਸੁਰੱਖਿਆ ’ਤੇ ਉੱਠੇ ਸਵਾਲ
ਸਿੰਘ ਭਵਾਨੀ ਮੰਦਿਰ 'ਚ ਦੂਜੀ ਵਾਰ ਚੋਰੀ ਹੋਣ ਦੀ ਘਟਨਾ ਤੋਂ ਬਾਅਦ ਸ਼ਹਿਰ ਦੀਆਂ ਪ੍ਰਮੁੱਖ ਧਾਰਮਿਕ ਜਥੇਬੰਦੀਆਂ ਅਤੇ ਸ਼ਹਿਰਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਨੇ ਪੁਲਸ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਸ਼ਹਿਰ 'ਚ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ ਪਰ ਅਪਰਾਧੀਆਂ ਨੂੰ ਕਾਬੂ ਕਰਨ ਸਬੰਧੀ ਠੋਸ ਨਤੀਜੇ ਸਾਹਮਣੇ ਆਉਣੇ ਚਾਹੀਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਾਵਨ ਨਗਰੀ ਦੀ ਧਾਰਮਿਕ ਮਹੱਤਤਾ ਨੂੰ ਦੇਖਦਿਆਂ ਮੰਦਿਰਾਂ ਅਤੇ ਹੋਰ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਬਰਸੀ ਮੌਕੇ ਭਰਾ ਨੇ ਕੀਤੇ ਵੱਡੇ ਖ਼ੁਲਾਸੇ! ਕਰੋੜਾਂ ਦੀ ਠੁਕਰਾਈ ਆਫ਼ਰ
ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ੱਕ ਜਤਾਇਆ ਕਿ ਅਜਿਹੀਆਂ ਵਾਰਦਾਤਾਂ ਪਿੱਛੇ ਨਸ਼ੇ ਦੇ ਆਦੀ ਵਿਅਕਤੀ ਹੋ ਸਕਦੇ ਹਨ ਪਰ ਇਸ ਸਬੰਧੀ ਪੁਲਸ ਜਾਂਚ ਰਾਹੀਂ ਹੀ ਸੱਚਾਈ ਸਾਹਮਣੇ ਆ ਸਕਦੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਅਪਰਾਧੀਆਂ ਦੀ ਪਛਾਣ ਲਈ ਜਾਂਚ ਚੱਲ ਰਹੀ ਹੈ ਤਾਂ ਪਹਿਲੀ ਚੋਰੀ ਤੋਂ ਬਾਅਦ ਦੂਜੀ ਵਾਰਦਾਤ ਰੋਕਣ ਲਈ ਕਿਹੜੇ ਕਦਮ ਚੁੱਕੇ ਗਏ? ਉਨ੍ਹਾਂ ਮੰਗ ਕੀਤੀ ਕਿ ਰਾਤ ਦੀ ਪੁਲਸ ਗਸ਼ਤ ਵਧਾਈ ਜਾਵੇ, ਸ਼ੱਕੀ ਵਿਅਕਤੀਆਂ ’ਤੇ ਨਿਗਰਾਨੀ ਰੱਖੀ ਜਾਵੇ ਅਤੇ ਦੋਵੇਂ ਚੋਰੀਆਂ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ।
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਵੱਡੀ ਵਾਰਦਾਤ! ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼
ਸੀ. ਸੀ. ਟੀ. ਵੀ. ਫੁਟੇਜ ਖੰਗਾਲ ਰਹੀ ਹੈ ਪੁਲਸ, ਜਲਦ ਗ੍ਰਿਫ਼ਤਾਰੀ ਦਾ ਭਰੋਸਾ
ਘਟਨਾ ਦੀ ਜਾਂਚ ਲਈ ਮੌਕੇ ’ਤੇ ਪਹੁੰਚੇ ਏ. ਐੱਸ. ਆਈ. ਸੰਤੋਖ ਸਿੰਘ ਨੇ ਦੱਸਿਆ ਕਿ ਮਹੰਤ ਗੌਰਵ ਗਿਰੀ ਦੇ ਬਿਆਨਾਂ ਦੇ ਆਧਾਰ ’ਤੇ ਲਿਖਤੀ ਸ਼ਿਕਾਇਤ ਦਰਜ ਕਰ ਲਈ ਗਈ ਹੈ। ਪੁਲਸ ਵੱਲੋਂ ਇਲਾਕੇ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਬਾਰੇ ਸੁਰਾਗ ਮਿਲ ਸਕੇ। ਉਨ੍ਹਾਂ ਭਰੋਸਾ ਦਿੱਤਾ ਕਿ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਚੋਰਾਂ ਨੂੰ ਜਲਦੀ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਸ਼ਹਿਰਵਾਸੀਆਂ ਦੀ ਉਡੀਕ ਇਸ ਗੱਲ ਦੀ ਹੈ ਕਿ ਪੁਲਿਸ ਦੋਵੇਂ ਚੋਰੀਆਂ ਦੀ ਗੁੱਥੀ ਕਦੋਂ ਸੁਲਝਾਉਂਦੀ ਹੈ ਅਤੇ ਮੁਲਜ਼ਮਾਂ ਨੂੰ ਕਦੋਂ ਕਾਨੂੰਨ ਦੇ ਕਟਹਿਰੇ ਵਿੱਚ ਲਿਆਉਂਦੀ ਹੈ। ਪਾਵਨ ਨਗਰੀ ਵਿੱਚ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਅਤੇ ਲੋਕਾਂ ਦਾ ਪੁਲਸ ਪ੍ਰਸ਼ਾਸਨ ’ਤੇ ਭਰੋਸਾ ਬਹਾਲ ਕਰਨ ਲਈ ਇਨ੍ਹਾਂ ਘਟਨਾਵਾਂ ਦਾ ਜਲਦੀ ਹੱਲ ਕੱਢਣਾ ਬੇਹੱਦ ਜ਼ਰੂਰੀ ਬਣ ਗਿਆ ਹੈ।
ਇਹ ਵੀ ਪੜ੍ਹੋ: LPU ਮਾਮਲੇ 'ਚ ਹੁਣ ਤੱਕ ਦਾ ਵੱਡਾ ਖ਼ੁਲਾਸਾ! ਵਾਇਰਲ ਪੋਸਟ ਦਾ ਸੱਚ ਆਇਆ ਸਾਹਮਣੇ, First Year ਦੀ ਸਟੂਡੈਂਟ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
