ਪਿੰਡ ਝਾੜੋਂ ਦੀ ਪੰਚਾਇਤ ਵੱਲੋਂ ਲਏ ਫ਼ੈਸਲੇ ’ਤੇ ਬੋਲੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਆਖੀ ਵੱਡੀ ਗੱਲ
Monday, Dec 26, 2022 - 01:11 PM (IST)
ਖਮਾਣੋਂ (ਜਟਾਣਾ) : ਸੰਗਰੂਰ ਜ਼ਿਲ੍ਹੇ ਦੀ ਗ੍ਰਾਮ ਪੰਚਾਇਤ ਪਿੰਡ ਝਾੜੋਂ ਦੀ ਸਰਪੰਚ ਚਰਨਜੀਤ ਕੌਰ ਨੇ ਪਿੰਡ ਵਿਚ ਸਿਗਰੇਟ-ਤੰਬਾਕੂ ਵੇਚਣ ਖ਼ਿਲਾਫ਼ ਸਾਂਝੇ ਤੌਰ ’ਤੇ ਮਤਾ ਪਾਸ ਕਰ ਕੇ ਸਖ਼ਤ ਚਿਤਾਵਨੀ ਦਿੱਤੀ ਹੈ, ਜਿਸ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਉਕਤ ਸਰਪੰਚ ਦੀ ਸ਼ਲਾਘਾ ਕੀਤੀ। ਇਸ ਮਤੇ ਸਬੰਧੀ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਬਲਾਕ ਸੁਨਾਮ ਦਾ ਪਿੰਡ ਝਾੜੋ ਹੋਰਨਾਂ ਪਿੰਡਾਂ ਲਈ ਵੀ ਪ੍ਰੇਰਣਾਸ੍ਰੋਤ ਹੈ। ਇਸ ਕਰ ਕੇ ਇਸ ਮਤੇ ਦੀ ਅਸੀਂ ਪੂਰਨ ਤੌਰ ’ਤੇ ਸ਼ਲਾਘਾ ਕਰਦੇ ਹਾਂ। ਇਸ ਮਤੇ ਨੇ 1984 ਦੀ ਯਾਦ ਵੀ ਤਾਜ਼ਾ ਕਾਰਵਾ ਦਿੱਤੀ, ਜਦੋਂ ਪਿੰਡ-ਪਿੰਡ ਅਜਿਹੇ ਮਤੇ ਪੈਂਦੇ ਸਨ ਤੇ ਘਰੋਂ ਬਾਗੀ ਹੋਏ ਨੌਜਵਾਨ ਪਿੰਡਾਂ ਦੇ ਗੁਰਦੁਆਰਿਆਂ ਅੱਗੇ ਅਜਿਹੇ ਚਿਤਾਵਨੀ ਵਾਲੇ ਇਸ਼ਤਿਹਾਰ ਲਾ ਦਿੰਦੇ ਸਨ, ਜਿਸ ਦੇ ਡਰੋਂ ਪਿੰਡਾਂ ਵਿਚ ਸਿਗਰੇਟ ਅਤੇ ਤੰਬਾਕੂ ਨਹੀਂ ਵਿਕਦਾ ਸੀ।
ਇਹ ਵੀ ਪੜ੍ਹੋ- ਪੁਲਸ ਨੂੰ ਵੀ ਨਹੀਂ ਬਖ਼ਸ਼ ਰਹੇ ਚੋਰ, DC ਦੀ ਕੋਠੀ ਬਾਹਰੋਂ ਸਬ-ਇੰਸਪੈਕਟਰ ਦਾ ਮੋਟਰਸਾਈਕਲ ਚੋਰੀ
ਇਸ ਮਤੇ ਵਿਚ ਪਿੰਡ ਦੀ ਸਰਪੰਚ ਨੇ ਗ੍ਰਾਮ ਪੰਚਾਇਤ ਦੇ ਲੈਟਰ ਪੈਡ ’ਤੇ ਲਿਖਿਆ ਕੇ 1 ਜਨਵਰੀ ਭਾਵ ਨਵੇਂ ਵਰ੍ਹੇ 2023 ਦੀ ਆਮਦ ’ਤੇ ਪਿੰਡ ਦਾ ਕੋਈ ਵੀ ਦੁਕਾਨਦਾਰ ਤੰਬਾਕੂ ਨਹੀਂ ਵੇਚੇਗਾ। ਜੇਕਰ ਉਲੰਘਣਾ ਹੋਈ ਤਾਂ 5 ਹਜ਼ਾਰ ਰੁਪਏ ਜੁਰਮਾਨਾ ਅਤੇ ਦੁਕਾਨ 7 ਦਿਨਾਂ ਲਈ ਬੰਦ ਕਰਵਾਈ ਜਾਵੇਗੀ। ਪੰਚਾਇਤ ਵਲੋਂ ਕੀਤੀ ਗਈ ਇਸ ਪਹਿਲਕਦਮੀ ’ਤੇ ਗੁਰਮੇਲ ਕੌਰ, ਕਿਰਨਪਾਲ ਕੌਰ, ਚਰਨ ਸਿੰਘ, ਕੁਲਵੰਤ ਸਿੰਘ ਅਤੇ ਮੈਂਬਰ ਪੰਚਾਇਤ ਰਣ ਸਿੰਘ ਦੇ ਦਸਤਖ਼ਤ ਹਨ, ਜਿਸ ਵਿਚ ਲਿਖਿਆ ਹੈ ਕਿ ਪਿੰਡ ਦੀ ਸੱਥ, ਸਕੂਲ, ਬੱਸ ਸਟੈਂਡ ਅਤੇ ਹੋਰ ਸਾਂਝੀਆਂ ਥਾਵਾਂ ’ਤੇ ਸਿਗਰੇਟ-ਬੀੜੀ ਪੀਣ ਵਾਲੇ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਮੁਕਤਸਰ 'ਚ ਸਪਾ ਸੈਂਟਰ ਦੀ ਆੜ 'ਚ ਚੱਲ ਰਿਹਾ ਸੀ ਗੰਦਾ ਕਾਰੋਬਾਰ, ਰੰਗੇ ਹੱਥੀਂ ਫੜੇ ਗਏ 7 ਮੁੰਡੇ-ਕੁੜੀਆਂ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।