ਆਸਟਰੀਆ ''ਚ ਸਿੱਖ ਦੀ ਦਸਤਾਰ ਨੂੰ ਨਿਸ਼ਾਨਾ ਬਣਾ ਕੇ ਨਸਲੀ ਹਮਲਾ ਕਰਨਾ ਮੰਦਭਾਗਾ : ਗਿ. ਹਰਪ੍ਰੀਤ ਸਿੰਘ

Thursday, Aug 22, 2019 - 02:15 PM (IST)

ਆਸਟਰੀਆ ''ਚ ਸਿੱਖ ਦੀ ਦਸਤਾਰ ਨੂੰ ਨਿਸ਼ਾਨਾ ਬਣਾ ਕੇ ਨਸਲੀ ਹਮਲਾ ਕਰਨਾ ਮੰਦਭਾਗਾ : ਗਿ. ਹਰਪ੍ਰੀਤ ਸਿੰਘ

ਅੰਮ੍ਰਿਤਸਰ (ਜ. ਬ.) : ਆਸਟਰੀਆ ਦੇ ਇਕ ਹਵਾਈ ਅੱਡੇ 'ਤੇ ਖਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ 'ਤੇ ਦਸਤਾਰ ਨੂੰ ਨਿਸ਼ਾਨਾ ਬਣਾ ਕੇ ਮਹਿਲਾ ਕਰਮਚਾਰੀ ਵੱਲੋਂ ਨਸਲੀ ਹਮਲਾ ਕਰਨਾ ਬਹੁਤ ਹੀ ਮੰਦਭਾਗਾ ਹੈ। ਇਹ ਪ੍ਰਗਟਾਵਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਕੱਤਰੇਤ ਤੋਂ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਇਕ ਪਾਸੇ ਆਪਣੀ ਮਿਹਨਤ ਦੇ ਬਲਬੂਤੇ ਸੰਸਾਰ ਭਰ 'ਚ ਨਿਵੇਕਲੀ ਪਛਾਣ ਨਾਲ ਸਲਾਹਿਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਅਗਿਆਨਤਾ ਵੱਸ ਜਾਂ ਨਸਲੀ ਕੱਟੜਪੁਣੇ ਦੇ ਸ਼ਿਕਾਰ ਲੋਕ ਜਾਣਬੁੱਝ ਕੇ ਸਿੱਖਾਂ ਦੀ ਦਸਤਾਰ ਬਾਰੇ ਗਲਤ ਟਿੱਪਣੀਆਂ ਕਰ ਰਹੇ ਹਨ, ਜੋ ਅਤਿ-ਨਿੰਦਣਯੋਗ ਹੈ। ਦੁਨੀਆ ਦੇ ਕੋਨੇ-ਕੋਨੇ 'ਚ ਸਿੱਖਾਂ ਦੀ ਦਸਤਾਰ ਕਿਸੇ ਪਛਾਣ ਦੀ ਮੁਥਾਜ ਨਹੀਂ ਹੈ।

ਰਵੀ ਸਿੰਘ ਜੋ 'ਖਾਲਸਾ ਏਡ' ਦੇ ਸੰਸਥਾਪਕ ਹੋਣ ਦੇ ਨਾਤੇ ਵਿਸ਼ਵ ਭਰ 'ਚ ਮਨੁੱਖਤਾ ਦੀ ਸੇਵਾ ਲਈ ਜਾਣੇ ਜਾਂਦੇ ਹਨ, ਨੂੰ ਆਸਟਰੀਆ ਦੇ ਹਵਾਈ ਅੱਡੇ 'ਤੇ ਇਕ ਜ਼ਿੰਮੇਵਾਰ ਮਹਿਲਾ ਸੁਰੱਖਿਆ ਅਧਿਕਾਰੀ ਵੱਲੋਂ ਰੋਕ ਕੇ ਦਸਤਾਰ ਬਾਰੇ ਗਲਤ ਟਿੱਪਣੀ ਕਰਨਾ ਇਕ ਸੋਚੀ-ਸਮਝੀ ਸਾਜ਼ਿਸ਼ ਦਾ ਹਿੱਸਾ ਹੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਮੁੱਖ ਸਿੱਖ ਸੰਸਥਾਵਾਂ ਅਤੇ ਰਾਜਨੀਤਕ ਪਾਰਟੀਆਂ ਨੂੰ ਸਰਕਾਰ ਦੇ ਉੱਚ ਅਧਿਕਾਰੀ ਨਾਲ ਰਾਬਤਾ ਕਾਇਮ ਕਰ ਕੇ ਅਜਿਹੇ ਸਬੰਧਤ ਅਧਿਕਾਰੀਆਂ ਦੀ ਪਛਾਣ ਕਰ ਕੇ ਪੁੱਛ-ਪੜਤਾਲ ਕਰਵਾਉਣੀ ਜ਼ਰੂਰੀ ਹੈ ਤਾਂ ਜੋ ਅੱਗੇ ਤੋਂ ਸਿੱਖਾਂ ਨੂੰ ਅਜਿਹੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।


author

Anuradha

Content Editor

Related News