'ਬੇਟੀ ਬਚਾਓ ਬੇਟੀ ਪੜਾਓ' ਸਕੀਮ ਤਹਿਤ ਮੋਟੀ ਰਕਮ ਲੈ ਕੇ ਧੜੱਲੇ ਨਾਲ ਭਰੇ ਜਾ ਰਹੇ ਹਨ ਫਾਰਮ
Friday, Nov 10, 2017 - 03:50 PM (IST)
ਭਿੱਖੀਵਿੰਡ, ਬੀੜ ਸਾਹਿਬ ( ਭਾਟੀਆ, ਬਖਤਾਵਰ, ਲਾਲੂਘੁੰਮਣ ) - ਧੜੱਲੇ ਨਾਲ ਕੁਝ ਲੋਕਾਂ ਵਲੋਂ 'ਬੇਟੀ ਬਚਾਓ ਬੇਟੀ ਪੜਾਓ' ਸਕੀਮ ਦੇ ਨਾਮ 'ਤੇ ਫਾਰਮ ਭਰਨ ਦੇ ਬਹਾਨੇ ਕੀਤੀ ਜਾ ਰਹੀ ਲੁੱਟ ਦਾ ਅਸਰ ਮਾਝੇ ਅੰਦਰ ਵੀ ਪੈਣਾ ਸ਼ੁਰੂ ਹੋ ਗਿਆ ਹੈ ਜਿਸਦਾ ਪਤਾ ਚਲਦਿਆਂ ਜ਼ਿਲਾ ਤਰਨਤਾਰਨ ਦਾ ਪ੍ਰਸਾਸ਼ਨ ਵੀ ਚੌਕਸ ਹੋ ਗਿਆ ਹੈ । ਇਸ ਸਬੰਧੀ ਜੱਗਬਾਣੀ ਦੀ ਟੀਮ ਵਲੋਂ ਇਲਾਕੇ ਦੇ ਵੱਖ-ਵੱਖ ਪਿੰਡਾਂ ਤੇ ਕਸਬਿਆਂ ਅੰਦਰ ਜਾ ਕੇ ਜਾਣਕਾਰੀ ਇਕੱਠੀ ਕੀਤੀ ਗਈ ਹੈ। ਲੋਕਾਂ ਨਾਲ ਗੱਲਬਾਤ ਕਰਨ 'ਤੇ ਪਤਾ ਲੱਗਾ ਹੈ ਕਿ ਠੱਗ ਕਿਸਮ ਦੇ ਲੋਕ ਪ੍ਰਚਾਰ ਕਰ ਰਹੇ ਹਨ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਸ਼ੁਰੂ ਕੀਤੀ 'ਬੇਟੀ ਬਚਾਓ ਬੇਟੀ ਪੜਾਓ' ਸਕੀਮ ਦਾ ਫਾਰਮ ਭਰਨ ਤੇ ਲੜਕੀ ਨੂੰ ਦੋ ਲੱਖ ਰੁਪਏ ਦੀ ਰਾਸ਼ੀ ਮਿਲੇਗੀ ਇਹ ਫਾਰਮ ਭਰਨ ਦੇ ਬਦਲੇ ਲੋਕਾਂ ਕੋਲੋ ਮੋਟੀਆਂ ਰਕਮਾਂ ਵਸੂਲੀਆਂ ਜਾ ਰਹੀਆ ਹਨ। ਇਹ ਸਾਰੇ ਮਾਮਲੇ ਸਬੰਧੀ ਜਦੋਂ ਬਲਾਕ ਵਿਕਾਸ ਪ੍ਰਜੈਕਟ ਅਧਿਕਾਰੀ ਭਿੱਖੀਵਿੰਡ ਮੈਡਮ ਸੁਦੇਸ਼ ਦੇਵੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਗੱਲ ਜਦੋਂ ਮੇਰੇ ਧਿਆਨ 'ਚ ਆਈ ਤਾਂ ਮੈਂ ਪਹਿਲਾਂ ਸਾਰੇ ਇਲਾਕੇ ਅੰਦਰ ਫਾਰਮ ਭਰਨ ਵਾਲਿਆ ਕੋਲ ਜਾਕੇ ਉਨ੍ਹਾਂ ਨੂੰ ਅਜਿਹਾ ਕੋਈ ਫਾਰਮ ਭਰਨ ਤੋਂ ਵਰਜਿਤ ਕੀਤਾ ਜਿਸ ਉਪਰੰਤ ਮੈਂ ਸਮੂਹ ਸੁਪਰਵਾਈਜਰਾਂ ਨੂੰ ਹਦਾਇਤ ਕੀਤੀ ਕਿ ਉਹ ਪਿੰਡਣ ਦੇ ਗੁਰਦੁਆਰਿਆਂ ਅੰਦਰ ਜਾ ਕੇ ਅਨਾਉਸਮੈਂਟ ਰਾਹੀ ਲੋਕਾਂ ਨੂੰ ਜਾਗਰੂਕ ਕਰਨ। ਕਈ ਪਿੰਡਾਂ 'ਚ ਮੈਂ ਖੁਦ ਜਾ ਕੇ ਗੁਰਦੁਆਰਾਂ ਸਹਿਬਾਨ ਤੋਂ ਅਨਾਉਸਮੈਂਟ ਕਰਵਾਈ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਵਲੋਂ 'ਬੇਟੀ ਬਚਾਓ ਬੇਟੀ ਪੜਾਓ' ਮੁਹਿੰਮ ਤਹਿਤ ਕੋਈ ਵੀ ਰਾਸ਼ੀ ਜਾਂ ਵਿੱਤੀ ਮਦਦ ਨਹੀਂ ਦਿੱਤੀ ਜਾ ਰਹੀ ਇਸ ਕਰਕੇ ਲੋਕ ਅਫਵਾਹਾਂ ਤੋਂ ਸੁਚੇਤ ਰਹਿਣ ਅਤੇ ਜੇਕਰ ਕੋਈ ਸੰਗਠਨ ਜਾਂ ਕੋਈ ਵਿਆਕਤੀ ਅਜਿਹਾ ਫਾਰਮ ਭਰਨ ਦੇ ਬਹਾਨੇ ਪੈਸੇ ਮੰਗਦਾ ਹੈ ਤਾਂ Àਹ ਤਰੁੰਤ ਪੁਲਸ ਨੂੰ ਜਾਂ ਸਾਡੇ ਵਿਭਾਗ ਨੂੰ ਸੂਚਿਤ ਕੀਤਾ ਜਾਵੇ ।
ਇਸ ਸਬੰਧੀ ਕੀ ਕਹਿੰਦੇ ਹਨ ਤਰਨਤਾਰਨ ਦੇ ਡਿਪਟੀ ਕਮਿਸ਼ਨਰ
ਇਸ ਸਬੰਧੀ ਜਦੋਂ ਡਿਪਟੀ ਕਮਿਸ਼ਨਰ ਤਰਨਤਾਰਨ ਪਰਦੀਪ ਕੁਮਾਰ ਸਭਰਵਾਲ ਹੋਰਾਂ ਨਾਲ ਸੰਪਰਕ ਕੀਤਾ ਤਾ ਉਨ੍ਹਾਂ ਕਿਹਾ ਕਿ ਅਜਿਹੇ ਅਨੁਸਰਾਂ ਨਾਲ ਸਖਤੀ ਨਾਲ ਨਜਿਠਿਆ ਜਾ ਰਿਹਾ ਹੈ ਅਤੇ ਹੁਣ ਤੱਕ ਜ਼ਿਲੇ ਤਰਨਤਾਰਨ ਅੰਦਰ ਤਿੰਨ ਪਰਚੇ ਦਰਜ ਹੋ ਚੁੱਕੇ ਹਨ ਜੇਕਰ ਕਿਸੇ ਨੂੰ ਵੀ ਅਜਿਹੇ ਅਨੁਸਰਾਂ ਬਾਰੇ ਪਤਾ ਲੱਗੇ ਤਾਂ ਉਹ ਪੁਲਸ ਥਾਣੇ ਜਾਂ ਮੇਰੇ ਨਾਲ ਸੰਪਰਕ ਕਰਨ ਤਾਂ ਜੋ ਅਜਿਹੇ ਲੋਕਾਂ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ।