ਕੁੜੀ ਵਲੋਂ ਉਸਤਰੇ ਨਾਲ ਗਲਾ ਵੱਢਣ ਨੂੰ ਲੈ ਕੇ ਵੱਡਾ ਖ਼ੁਲਾਸਾ, ਉੱਡ ਗਏ ਸਭ ਦੇ ਹੋਸ਼
Thursday, Nov 07, 2024 - 10:57 AM (IST)

ਚੰਡੀਗੜ੍ਹ (ਸੁਸ਼ੀਲ) : ਨਾਜਾਇਜ਼ ਸਬੰਧਾਂ ਕਾਰਨ ਧਨਾਸ ਦੀ ਈ. ਡਬਲਿਊ. ਐੱਸ. ਕਾਲੋਨੀ ਵਾਸੀ ਲਕਸ਼ਮੀ ਦਾ ਕਤਲ ਉਸ ਦੇ ਭਰਾ ਨੇ ਹੀ ਕੀਤਾ ਸੀ। ਜ਼ਿਲ੍ਹਾ ਕ੍ਰਾਈਮ ਸੈੱਲ ਦੀ ਟੀਮ ਨੇ ਵਿਸ਼ਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਲਕਸ਼ਮੀ ਦੇ ਚਾਚੇ ਦੀ ਧੀ ਦੇ ਦਿਓਰ ਨਾਲ ਸਬੰਧ ਸਨ ਅਤੇ ਉਹ ਉਸ ਨਾਲ ਵਿਆਹ ਕਰਨਾ ਚਾਹੁੰਦੀ ਸੀ ਪਰ ਵਿਸ਼ਾਲ ਇਸ ਰਿਸ਼ਤੇ ਲਈ ਤਿਆਰ ਨਹੀਂ ਸੀ। ਜਾਂਚ ’ਚ ਸਾਹਮਣੇ ਆਇਆ ਕਿ ਮੁਲਜ਼ਮ ਨੇ ਕਤਲ ਤੋਂ ਪਹਿਲਾਂ ਲਕਸ਼ਮੀ ਨੂੰ ਕਾਫ਼ੀ ਸਮਝਾਇਆ ਪਰ ਉਹ ਵਿਆਹ ਕਰਵਾਉਣ ’ਤੇ ਅੜੀ ਰਹੀ। ਟੀਮ ਨੇ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਕਤਲ ’ਚ ਵਰਤਿਆ ਉਸਤਰਾ ਬਰਾਮਦ ਕਰ ਲਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਨਵੇਂ ਸਰਪੰਚ ਭਲਕੇ ਚੁੱਕਣਗੇ ਸਹੁੰ, ਅਧਿਕਾਰੀਆਂ ਨੂੰ ਖ਼ਾਸ ਨਿਰਦੇਸ਼ ਜਾਰੀ
ਸਾਰੰਗਪੁਰ ਥਾਣਾ ਪੁਲਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਜ਼ਿਲ੍ਹਾ ਕ੍ਰਾਈਮ ਸੈੱਲ ਨੇ ਵਿਸ਼ਾਲ ਦੇ ਦੋਸਤ ਧਨਾਸ ਵਾਸੀ ਸੁਦਰਸ਼ਨ ਨੂੰ ਵੀ ਹਿਰਾਸਤ ’ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਕ੍ਰਾਈਮ ਸੈੱਲ ਦੇ ਇੰਚਾਰਜ ਜਸਮਿੰਦਰ ਸਿੰਘ ਅਨੁਸਾਰ ਮਾਮਲਾ ਖ਼ੁਦਕੁਸ਼ੀ ਦਾ ਨਹੀਂ, ਕਤਲ ਦਾ ਲੱਗ ਰਿਹਾ ਸੀ। ਇਸ ਲਈ ਸਪੈਸ਼ਲ ਟੀਮ ਬਣਾਈ ਗਈ। ਟੀਮ ਨੇ ਵਿਸ਼ਾਲ ਤੇ ਉਸ ਦੇ ਦੋਸਤ ਸੁਦਰਸ਼ਨ ਨੂੰ ਫੜ੍ਹ ਲਿਆ। ਪੁੱਛਗਿੱਛ ਦੌਰਾਨ ਵਿਸ਼ਾਲ ਨੇ ਦੱਸਿਆ ਕਿ ਚਾਚੇ ਦੀ ਧੀ ਦਾ ਵਿਆਹ ਹਰਿਆਣਾ ਦੇ ਰੇਵਾੜੀ ’ਚ ਹੋਇਆ ਸੀ। ਲਕਸ਼ਮੀ ਦਾ ਉਸ ਦੇ ਦਿਓਰ ਨਾਲ ਅਫੇਅਰ ਚੱਲ ਰਿਹਾ ਸੀ। ਇਸ ਬਾਰੇ ਉਸ ਨੂੰ ਪਤਾ ਲੱਗ ਗਿਆ। ਵਿਆਹ ਨੂੰ ਲੈ ਕੇ ਕਾਫ਼ੀ ਵਿਵਾਦ ਹੋਇਆ ਤੇ ਆਖ਼ਰਕਾਰ ਮਾਂ ਤੇ ਪਿਤਾ, ਲਕਸ਼ਮੀ ਦਾ ਵਿਆਹ ਚਾਚੇ ਦੀ ਧੀ ਦੇ ਦਿਓਰ ਨਾਲ ਕਰਨ ਲਈ ਰਾਜ਼ੀ ਹੋ ਗਏ ਸਨ ਪਰ ਉਹ ਇਸ ਫ਼ੈਸਲੇ ਖ਼ਿਲਾਫ਼ ਸੀ। ਵਿਸ਼ਾਲ ਵਾਰ-ਵਾਰ ਭੈਣ ਦਾ ਵਿਆਹ ਉੱਥੇ ਕਰਨ ਤੋਂ ਇਨਕਾਰ ਕਰ ਰਿਹਾ ਸੀ।
ਇਹ ਵੀ ਪੜ੍ਹੋ : ਜਿੰਮ ਕਰਕੇ ਹੋ ਰਿਹਾ ਸੀ ਤਕੜਾ, ਸਭ ਸੁਫ਼ਨੇ ਅਧੂਰੇ ਰਹਿ ਜਾਣਗੇ, ਨਹੀਂ ਸੀ ਪਤਾ
ਗਲਾ ਵੱਢੇ ਜਾਣ ਕਾਰਨ ਨਹੀਂ ਚੀਕ ਸਕੀ
ਵਿਸ਼ਾਲ ਨੇ ਦੱਸਿਆ ਕਿ ਉਸ ਨੇ ਭੈਣ ਨੂੰ ਮਾਰਨ ਦੀ ਸਾਜਿਸ਼ ਰਚੀ। ਸਵੇਰੇ ਜਦੋਂ ਮਾਤਾ-ਪਿਤਾ ਕੰਮ ’ਤੇ ਚੱਲੇ ਗਏ ਤੇ ਉਹ ਬਾਜ਼ਾਰ ਤੋਂ ਉਸਤਰਾ ਲੈ ਆਇਆ। ਘਰ ’ਚ ਲਕਸ਼ਮੀ ਇਕੱਲੀ ਸੀ। ਉਸ ਨੂੰ ਵਿਆਹ ਕਰਨ ਤੋਂ ਮਨ੍ਹਾ ਕੀਤਾ। ਇਸ ਦੌਰਾਨ ਦੋਹਾਂ ਵਿਚਾਲੇ ਤਕਰਾਰ ਵੱਧ ਗਈ ਤੇ ਫਿਰ ਉਸ ਨੇ ਉਸਤਰਾ ਕੱਢ ਕੇ ਅੰਦਰਲੇ ਕਮਰੇ ’ਚ ਭੈਣ ਦਾ ਗਲਾ ਵੱਢ ਦਿੱਤਾ। ਇਸ ਤੋਂ ਬਾਅਦ ਉਹ ਘਰੋਂ ਬਾਹਰ ਆਇਆ ਤੇ ਤਾਲਾ ਲਾ ਕੇ ਚਲਾ ਗਿਆ। ਜਾਨ ਬਚਾਉਣ ਲਈ ਲਕਸ਼ਮੀ ਬਾਹਰਲੇ ਕਮਰੇ ਤੱਕ ਘਿਸੜਦੀ ਹੋਈ ਆਈ। ਗਲਾ ਵੱਢੇ ਜਾਣ ਕਾਰਨ ਉਹ ਚੀਕ ਨਹੀਂ ਸਕੀ ਤੇ ਖੂਨ ਵਹਿਣ ਕਾਰਨ ਮੌਤ ਹੋ ਗਈ।
ਕਤਲ ਤੋਂ ਬਾਅਦ ਦੋਸਤ ਨੂੰ ਕੀਤਾ ਫੋਨ
ਕਤਲ ਕਰਨ ਤੋਂ ਬਾਅਦ ਵਿਸ਼ਾਲ ਨੇ ਦੋਸਤ ਸੁਦਰਸ਼ਨ ਨੂੰ ਫੋਨ ਕਰਕੇ ਮਾਮਲੇ ਬਾਰੇ ਦੱਸਿਆ। ਪੁਲਸ ਨੇ ਉਸੇ ਸਮੇਂ ਵਿਸ਼ਾਲ ਤੇ ਸੁਦਰਸ਼ਨ ਨੂੰ ਹਿਰਾਸਤ ’ਚ ਲੈ ਲਿਆ। ਸੁਦਰਸ਼ਨ ਦੇ ਪਿਤਾ ਨਿਰੰਜਨ ਸ਼ਰਮਾ ਨੇ ਦੱਸਿਆ ਕਿ ਉਸ ਦੇ ਪੁੱਤਰ ਨੂੰ ਮੰਗਲਵਾਰ ਸ਼ਾਮ 6 ਤੋਂ 7 ਵਜੇ ਦੇ ਦਰਮਿਆਨ ਵਿਸ਼ਾਲ ਨੇ ਫੋਨ ਕਰਕੇ ਦੱਸਿਆ ਸੀ ਕਿ ਉਸ ਨੇ ਆਪਣੀ ਭੈਣ ਦਾ ਕਤਲ ਕਰ ਦਿੱਤਾ ਹੈ। ਵਿਸ਼ਾਲ ਨੇ ਉਸ ਨੂੰ ਆ ਕੇ ਮਿਲਣ ਲਈ ਕਿਹਾ ਸੀ ਪਰ ਵਿਸ਼ਾਲ ਨਹੀਂ ਮਿਲਿਆ, ਜਦੋਂ ਕਿ ਉਸ ਦੇ ਪੁੱਤ ਦਾ ਕੋਈ ਕਸੂਰ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8