ਬਾਦਲਾਂ ਦੇ ਕਤਲ ਦੀ ਸਾਜਿਸ਼ ਰਚਣ ਵਾਲੇ ਜਰਮਨ ਸਿੰਘ ਵਲੋਂ ਅਹਿਮ ਖੁਲਾਸੇ

Tuesday, Oct 23, 2018 - 04:30 PM (IST)

ਬਾਦਲਾਂ ਦੇ ਕਤਲ ਦੀ ਸਾਜਿਸ਼ ਰਚਣ ਵਾਲੇ ਜਰਮਨ ਸਿੰਘ ਵਲੋਂ ਅਹਿਮ ਖੁਲਾਸੇ

ਪਟਿਆਲਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਤਲ ਦੀ ਸਾਜਿਸ਼ ਰਚਣ ਵਾਲੇ ਮੁੱਖ ਦੋਸ਼ੀ ਜਰਮਨ ਸਿੰਘ ਵਲੋਂ ਪੁਲਸ ਰਿਮਾਂਡ ਦੌਰਾਨ ਅਹਿਮ ਖੁਲਾਸੇ ਕੀਤੇ ਗਏ ਹਨ। ਇਸ ਬਾਰੇ ਪਟਿਆਲਾ ਦੇ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੁੱਛ-ਗਿੱਛ ਦੌਰਾਨ ਜਰਮਨ ਸਿੰਘ ਦੇ ਦੱਸੇ ਅਨੁਸਾਰ ਉਸ ਦੇ ਟਿਕਾਣਿਆਂ 'ਤੇ ਪੁਲਸ ਵਲੋਂ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਭਾਰੀ ਮਾਤਰਾ 'ਚ ਅਸਲਾ ਬਰਾਮਦ ਹੋਇਆ ਹੈ।

ਐੱਸ. ਐੱਸ. ਪੀ. ਮੁਤਾਬਕ ਜਰਮਨ ਦੇ ਦੱਸੇ ਅਨੁਸਾਰ ਹਥਿਆਰ ਸਮਾਣਾ ਪਟਿਆਲਾ ਰੋਡ 'ਤੇ ਬਿਜਲਪੁਰ ਬੱਸ ਸਟੈਂਡ ਕੋਲ ਭਾਖੜਾ ਨਹਿਰ ਕੋਲ ਰੱਖੇ ਸਨ, ਜਿਸ ਦੌਰਾਨ ਇੱਕ ਰਾਈਫਲ, ਇਕ 32 ਬੋਰ ਪਿਸਤੌਲ, 2 ਪਿਸਤੌਲਾਂ 315 ਬੋਰ ਅਤੇ 32 ਬੋਰ ਦੇ 5 ਰਾਊਂਡ, 315 ਬੋਰ ਦੇ 5 ਰਾਊਂਡ ਬਰਾਮਦ ਕੀਤੇ ਗਏ ਹਨ। ਐੱਸ. ਐੱਸ. ਪੀ. ਨੇ ਦੱਸਿਆ ਜਰਮਨ ਦੇ ਇੱਕ ਸਾਥੀ ਈਸ਼ਵਰ ਸਿੰਘ ਵਾਸੀ ਬਲੌਂਗੀ ਮੋਹਾਲੀ ਨੂੰ ਵੀ ਬੀਤੇ ਦਿਨ ਗ੍ਰਿਫਤਾਰ ਕੀਤਾ ਗਿਆ ਹੈ। ਈਸ਼ਵਰ ਪਾਸੋਂ 2 ਪਿਸਤੌਲ 32 ਬੋਰ, 2 ਪਿਸਤੌਲ 315 ਬੋਰ, 1 ਰਾਈਫਲ 315 ਬੋਰ ਅਤੇ 15 ਰਾਊਂਡ ਬਰਾਮਦ ਕੀਤੇ ਹਨ। ਐੱਸ. ਐੱਸ. ਪੀ. ਨੇ ਦੱਸਿਆ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ 'ਤੇ ਹਮਲੇ ਬਾਰੇ ਯੂ. ਪੀ. ਪੁਲਸ ਦੇ ਸੀਨੀਅਰ ਪੱਧਰ ਦੇ ਅਫ਼ਸਰ ਪਹਿਲਾਂ ਹੀ ਖ਼ੁਲਾਸਾ ਕਰ ਚੁੱਕੇ ਹਨ ਅਤੇ ਸਾਡੇ ਵਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਪਟਿਆਲਾ ਪੁਲਸ ਵੀ ਇਸ ਬਾਰੇ ਜਾਂਚ ਕਰ ਰਹੀ ਹੈ ।


Related News