ਸ਼ਹੀਦ ਬਾਬਾ ਦੀਪ ਸਿੰਘ ਗੱਤਕਾ ਅਖਾੜੇ ਵੱਲੋਂ ਦਸਤਾਰਬੰਦੀ ਮੁਕਾਬਲਿਆਂ ਦੇ ਜੇਤੂ ਸਨਮਾਨਿਤ

Saturday, Dec 26, 2020 - 03:03 PM (IST)

ਜ਼ੀਰਕਪੁਰ (ਮੇਸ਼ੀ) : ਜ਼ੀਰਕਪੁਰ ਨਗਰ ਕੌਂਸਲ ਅਧੀਨ ਆਉਂਦੇ ਪਿੰਡ ਦਿਆਲਪੁਰਾ ਵਿਖੇ ਇਲਾਕੇ ਦੇ ਸਮੂਹ ਨੌਜਵਾਨਾਂ ਦੇ ਸਹਿਯੋਗ ਨਾਲ ਧੰਨ-ਧੰਨ ਸ਼ਹੀਦ ਬਾਬਾ ਦੀਪ ਸਿੰਘ ਗੱਤਕਾ ਅਖਾੜੇ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਦਸਤਾਰਬੰਦੀ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਦੌਰਾਨ ਹਿੱਸਾ ਲੈਣ ਵਾਲੇ 5 ਤੋਂ 10 ਸਾਲ, 11 ਤੋਂ 14 ਸਾਲ ਅਤੇ 15 ਤੋਂ 20 ਸਾਲ ਦੀ ਉਮਰ ਦੇ ਕਰੀਬ 100 ਤੋਂ ਵੱਧ ਪ੍ਰਤੀਯੋਗੀਆਂ ਦੇ ਵੱਖ-ਵੱਖ ਗਰੁੱਪ ਬਣਾਏ ਗਏ।

ਇਸ ਮੌਕੇ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਅਖਾੜੇ ਵੱਲੋਂ ਸਮੇਂ-ਸਮੇਂ ’ਤੇ ਨੌਜਵਾਨ ਪੀੜ੍ਹੀ ਨੂੰ ਸੇਧ ਦੇਣ ਵਾਲੇ ਉਪਰਾਲੇ ਕੀਤੇ ਜਾਂਦੇ ਹਨ, ਜਿਸ ਨਾਲ ਨੌਜਵਾਨ ਵਰਗ ਸਮੇਤ ਹੋਰਨਾਂ ਬੱਚਿਆਂ ਨੂੰ ਵੀ ਚੰਗੀ ਸੇਧ ਮਿਲਦੀ ਹੈ। ਅਜਿਹੇ ਮੁਕਾਬਲਿਆਂ 'ਚ ਹਿੱਸਾ ਲੈ ਕੇ ਬੱਚਿਆਂ ਅਤੇ ਨੌਜਵਾਨਾਂ ਨੂੰ ਸਿੱਖ ਇਤਿਹਾਸ ਦੇ ਮਹਾਨ ਵਿਰਸੇ ਬਾਰੇ ਜਾਣਕਾਰੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਬੱਚੇ ਕੇਸ ਕਤਲ ਕਰਵਾ ਕੇ ਦਸਤਾਰ ਦੀ ਮਹੱਤਤਾ ਨੂੰ ਭੁੱਲਦੇ ਜਾ ਰਹੇ ਹਨ, ਜਿਸ ਲਈ ਅਜਿਹੇ ਮੁਕਾਬਲੇ ਕਰਵਾਉਣਾ ਸਮੇਂ ਦੀ ਮੁੱਖ ਲੋੜ ਹੈ।

ਉਨ੍ਹਾਂ ਅਖਾੜਾ ਮੁਖੀ ਭਾਈ ਗੁਰਵਿੰਦਰ ਸਿੰਘ ਦੀ ਤਾਰੀਫ਼ਕਰਦਿਆਂ ਕਿਹਾ ਕਿ ਭਾਈ ਸਾਹਿਬ ਵੱਲੋਂ ਬੱਚਿਆਂ ਨੂੰ ਸਿੱਖ ਇਤਿਹਾਸ ਦੇ ਨਾਲ ਜੋੜਨ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਸਾਡੀ ਕੌਮ ਦੀ ਲੁਪਤ ਹੁੰਦੀ ਜਾ ਰਹੀ ਮਾਰਸ਼ਲ ਆਰਟ ਕਲਾ ਗੱਤਕਾ ਨੂੰ ਪ੍ਰਫੁੱਲਿਤ ਕਰਨ 'ਚ ਆਪਣਾ ਭਰਪੂਰ ਸਹਿਯੋਗ ਦੇ ਰਹੇ ਹਨ। ਇਨ੍ਹਾਂ ਮੁਕਾਬਲਿਆਂ 'ਚ ਹਿੱਸਾ ਲੈਣ ਵਾਲੇ ਜੇਤੂ ਪ੍ਰਤੀਯੋਗੀਆਂ ਨੂੰ ਪ੍ਰਬੰਧਕਾ ਵੱਲੋਂ ਇਨਾਮ ਤਕਸੀਮ ਕੀਤੇ ਗਏ ਅਤੇ ਮੁੱਖ ਮਹਿਮਾਨਾ ਨੂੰ ਪ੍ਰਬੰਧਕਾਂ ਵੱਲੋ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਲੱਕੀ ਨਾਭਾ, ਯੂਥ ਕਾਂਗਰਸ ਹਲਕਾ ਡੇਰਾਬਸੀ ਦੇ ਪ੍ਰਧਾਨ ਨਵਜੋਤ ਸਿੰਘ, ਰਾਇਲ ਗਰੁੱਪ ਦੇ ਪ੍ਰਧਾਨ ਹਰਜਿੰਦਰ ਸਿੰਘ ਹੈਰੀ, ਉਪਕਾਰ ਸਿੰਘ, ਵਿਨੋਦ, ਗੁਰਚਰਨ ਸਿੰਘ ਜ਼ੀਰਕਪੁਰ, ਜੇ ਪੀ, ਭਾਈ ਰਵਿੰਦਰ ਸਿੰਘ ਖਾਲਸਾ, ਮਲਕੀਤ ਸਿੰਘ, ਹਰਵਿੰਦਰ ਸਿੰਘ ਕੋਕੀ, ਪਰਮਿੰਦਰ ਸਿੰਘ, ਰਘਵੀਰ ਸਿੰਘ, ਗੁਰਵਿੰਦਰ ਸਿੰਘ, ਜਸਵਿੰਦਰ ਸਿੰਘ, ਰਾਜਿੰਦਰ ਸਿੰਘ ਤੋਂ ਇਲਾਵਾ ਇਲਾਕੇ ਦੀਆਂ ਹੋਰ ਕਈ ਮਹਾਨ ਸ਼ਖ਼ਸੀਅਤਾਂ ਮੌਜੂਦ ਸਨ।


Babita

Content Editor

Related News