ਨੌਜਵਾਨਾਂ ਨੂੰ ਸ਼ਸਤਰ ਵਿੱਦਿਆ ਨਾਲ ਜੋੜਨ ਲਈ ਹਰ ਜ਼ਿਲ੍ਹੇ ''ਚ ਖੋਲ੍ਹੇ ਜਾਣਗੇ ਮੁਫ਼ਤ ''ਗੱਤਕਾ ਸਿਖਲਾਈ ਕੇਂਦਰ''

Thursday, Jun 10, 2021 - 01:57 PM (IST)

ਨੌਜਵਾਨਾਂ ਨੂੰ ਸ਼ਸਤਰ ਵਿੱਦਿਆ ਨਾਲ ਜੋੜਨ ਲਈ ਹਰ ਜ਼ਿਲ੍ਹੇ ''ਚ ਖੋਲ੍ਹੇ ਜਾਣਗੇ ਮੁਫ਼ਤ ''ਗੱਤਕਾ ਸਿਖਲਾਈ ਕੇਂਦਰ''

ਚੰਡੀਗੜ੍ਹ (ਰਮਨਜੀਤ) : ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਅਤੇ ਹੋਰ ਮਾੜੀਆਂ ਅਲਾਮਤਾਂ ਤੋਂ ਬਚਾਉਣ ਅਤੇ ਸਿੱਖ ਸ਼ਸ਼ਤਰ ਵਿੱਦਿਆ ਗੱਤਕਾ ਨੂੰ ਪ੍ਰਫੁੱਲਿਤ ਕਰਨ ਅਤੇ ਬੱਚਿਆਂ ਨੂੰ ਵਿਰਸੇ ਨਾਲ ਜੋੜਨ ਲਈ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਵੱਲੋਂ ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚ ਜਲਦੀ ਹੀ ਮੁਫ਼ਤ ਗੱਤਕਾ ਸਿਖਲਾਈ ਕੇਂਦਰ ਖੋਲ੍ਹੇ ਜਾ ਰਹੇ ਹਨ। ਇਨ੍ਹਾਂ ਕੇਂਦਰਾਂ ਵਿੱਚ ਬੱਚਿਆਂ ਨੂੰ ਗੱਤਕੇ ਦੇ ਨਾਲ-ਨਾਲ ਗੁਰਮੁੱਖੀ, ਗੁਰਬਾਣੀ, ਗੁਰਮਤਿ ਸਮੇਤ ਸਿਹਤ ਤੇ ਸਵੱਛਤਾ ਬਾਰੇ ਵੀ ਗਿਆਨ ਦਿੱਤਾ ਜਾਵੇਗਾ।

ਇਹ ਜਾਣਕਾਰੀ ਦਿੰਦਿਆਂ ਕੌਂਸਲ ਦੇ ਚੇਅਰਮੈਨ ਸ. ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਦੱਸਿਆ ਕਿ ਗਲੋਬਲ ਮਿਡਾਸ ਫਾਊਂਡੇਸਨ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਇਸ ਪ੍ਰਾਜੈਕਟ ਅਧੀਨ ਗੱਤਕਾ ਤੇ ਗੁਰਬਾਣੀ ਦੇ ਜਾਣਕਾਰ ਗੁਰਸਿੱਖ ਲੜਕੇ ਅਤੇ ਲੜਕੀਆਂ ਕੋਲੋਂ ਉਪਰੋਕਤ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ 8 ਜੂਨ ਤੋਂ ਵਧਾ ਕੇ ਹੁਣ 15 ਜੂਨ ਤੱਕ ਕਰ ਦਿੱਤੀ ਗਈ ਹੈ, ਜਿਸ ਵਿੱਚ ਧਾਰਮਿਕ, ਗੁਰਬਾਣੀ ਕਥਾ, ਕੀਰਤਨ/ਤਬਲਾ ਅਤੇ ਵੱਧ ਪੜ੍ਹੇ-ਲਿਖੇ ਨੌਜਵਾਨਾਂ ਨੂੰ ਤਰਜ਼ੀਹ ਦਿੱਤੀ ਜਾਵੇਗੀ। ਸ. ਗਰੇਵਾਲ ਨੇ ਦੱਸਿਆ ਕਿ ਚੁਣੇ ਗਏ ਨੌਜਵਾਨਾਂ ਦੀ ਇੰਟਰਵਿਊ ਕੌਂਸਲ ਦੇ ਪੰਜ ਮੈਂਬਰੀ ਗੁਰਸਿੱਖ ਪੈਨਲ ਵੱਲੋਂ ਲਈ ਜਾਵੇਗੀ ਅਤੇ ਚੁਣੇ ਗਏ ਨੌਜਵਾਨਾਂ ਨੂੰ ਮਹੀਨਾਵਾਰ ਤਨਖ਼ਹ ਦਿੱਤੀ ਜਾਵੇਗੀ।

ਉਨ੍ਹਾਂ ਨੂੰ ਪੰਜਾਬ ਦੇ ਵੱਖ-ਵੱਖ 23 ਜ਼ਿਲ੍ਹਾ ਗੱਤਕਾ ਸਿਖਲਾਈ ਕੇਂਦਰਾਂ ’ਚ ਭੇਜਿਆ ਜਾਵੇਗਾ, ਜਿੱਥੇ ਉਨ੍ਹਾਂ ਵੱਲੋਂ ਬੱਚਿਆਂ ਦੀਆਂ ਸਵੇਰੇ ਤੇ ਸ਼ਾਮ ਨੂੰ ਗੱਤਕਾ ਸਿਖਲਾਈ ਕਲਾਸਾਂ ਲਗਾਈਆਂ ਜਾਣਗੀਆਂ। ਸ. ਗਰੇਵਾਲ, ਜੋ ਕਿ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਕੌਮੀ ਪ੍ਰਧਾਨ ਵੀ ਹਨ, ਨੇ ਦੱਸਿਆ ਕਿ ਜ਼ਿਲ੍ਹਾ ਗੱਤਕਾ ਸਿਖਲਾਈ ਕੇਂਦਰਾਂ ’ਚ ਹਰ ਹਫ਼ਤੇ ਗੁਰਮਤਿ, ਖੇਡਾਂ, ਸਿਹਤ ਤੇ ਚਰਿੱਤਰ ਉਸਾਰੀ ਬਾਰੇ ਆਨਲਾਈਨ ਲੈਕਚਰ ਵੀ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਕੌਂਸਲ ਵੱਲੋਂ ਸਮੇਂ-ਸਮੇਂ ਤੇ ਕੇਂਦਰਾਂ ‘ਚ ਆਨਲਾਈਨ ਸਿਖਲਾਈ ਤੇ ਗੁਰਬਾਣੀ ਸੈਮੀਨਾਰ ਵੀ ਲਗਾਏ ਜਾਇਆ ਕਰਨਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਿਖਲਾਈ ਕੇਂਦਰਾਂ ’ਚ ਨੌਕਰੀ ਲਈ 25 ਤੋਂ 40 ਸਾਲ ਤੱਕ ਦੀ ਉਮਰ ਦੇ ਚਾਹਵਾਨ ਗੁਰਸਿੱਖ www.Gatkaa.com ਵੈਬਸਾਈਟ ਤੋਂ ਫਾਰਮ ਡਾਊਨਲੋਡ ਕਰਕੇ ਪੂਰੇ ਵੇਰਵੇ 15 ਜੂਨ ਤੱਕ ISMACouncil@gmail.com ਈਮੇਲ ’ਤੇ ਭੇਜਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਹਰ ਸਿਖਲਾਈ ਕੇਂਦਰ ਨੂੰ ਕੌਂਸਲ ਵੱਲੋਂ ਗੱਤਕਾ ਸ਼ਸ਼ਤਰ ਅਤੇ ਗੱਤਕਈ ਸਿੰਘਾਂ ਲਈ ਬਾਣੇ ਵੀ ਮੁਫ਼ਤ ਦਿੱਤੇ ਜਾਣਗੇ।


author

Babita

Content Editor

Related News