ਪੰਜਾਬ ਰੋਡਵੇਜ਼ ਮੁਲਾਜ਼ਮਾਂ ਵੱਲੋਂ ਗੇਟ ਰੈਲੀ

05/04/2018 1:05:21 AM

ਬਟਾਲਾ,  (ਬੇਰੀ)-  ਅੱਜ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ 'ਤੇ ਪੰਜਾਬ ਰੋਡਵੇਜ਼/ਪਨਬੱਸ ਬਟਾਲਾ ਦੇ ਮੁਲਾਜ਼ਮਾਂ ਨੇ ਗੇਟ ਰੈਲੀ ਕਰ ਕੇ ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। 
ਇਸ ਸਬੰਧੀ ਗੁਰਜੀਤ ਸਿੰਘ ਘੋੜੇਵਾਹ ਏਟਕ ਨੇ ਦੱਸਿਆ ਕਿ ਪੰਜਾਬ ਸਰਕਾਰ ਰੋਡਵੇਜ਼ ਨੂੰ ਖਤਮ ਕਰ ਕੇ ਕਾਰਪੋਰੇਸ਼ਨ ਬਣਾਉਣ ਜਾ ਰਹੀ ਹੈ ਅਤੇ ਕਾਮਿਆਂ ਦੀ ਮੰਗ ਪ੍ਰਤੀ ਕੋਈ ਹੁੰਗਾਰਾ ਨਹੀਂ ਭਰ ਰਹੀ, ਜਿਸ ਕਰ ਕੇ ਵਰਕਰਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਮੰਗ ਕੀਤੀ ਕਿ ਠੇਕੇਦਾਰੀ ਸਿਸਟਮ ਬੰਦ ਕਰ ਕੇ ਰੈਗੂਲਰ ਭਰਤੀ ਕੀਤੀ ਜਾਵੇ, ਠੇਕੇ 'ਤੇ ਕੰਮ ਕਰਦੇ ਮੁਲਾਜ਼ਮ ਪੱਕੇ ਕੀਤੇ ਜਾਣ, ਪੇ-ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ, ਡੀ. ਏ. ਦਾ ਬਕਾਇਆ ਅਤੇ ਪਿਛਲੀਆਂ ਤਿੰਨ ਕਿਸ਼ਤਾਂ ਜਲਦ ਤੋਂ ਜਲਦ ਦਿੱਤੀਆਂ ਜਾਣ, ਮੋਟਰ ਵ੍ਹੀਕਲ ਸੋਧ ਬਿੱਲ ਵਾਪਸ ਲਿਆ ਜਾਵੇ, 304-ਏ ਧਾਰਾ ਤਹਿਤ ਸਜ਼ਾਯਾਫਤਾ ਡਰਾਈਵਰਾਂ ਨੂੰ ਨੌਕਰੀ 'ਤੇ ਬਹਾਲ ਕੀਤਾ ਜਾਵੇ। 
ਪੰਜਾਬ ਰੋਡਵੇਜ਼ ਬਟਾਲਾ ਬਾਰੇ ਗੱਲਬਾਤ ਕਰਦਿਆਂ ਗੁਰਚਰਨ ਸਿੰਘ ਸੰਧੂ ਸੂਬਾਈ ਚੇਅਰਮੈਨ ਏਟਕ ਨੇ ਕਿਹਾ ਕਿ ਡਿਪੂ ਵਿਚ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ, ਕਪੂਰਥਲਾ ਜਾਣ ਵਾਲੀਆਂ ਪ੍ਰਾਈਵੇਟ ਬੱਸਾਂ ਨੂੰ ਜਲੰਧਰ ਵਾਲੇ ਕਾਊਂਟਰ 'ਤੇ ਟਾਈਮ ਦਿੱਤਾ ਜਾ ਰਿਹਾ ਹੈ, ਬਾਦਲਾਂ ਦੀਆਂ ਬੱਸਾਂ ਰਾਤ ਨੂੰ ਹੀ ਕਾਊਂਟਰ 'ਤੇ ਲਾ ਦਿੱਤੀਆਂ ਜਾਂਦੀਆਂ ਹਨ ਜਦਕਿ ਸਵੇਰੇ ਜਾਣ ਵਾਲੀਆਂ ਰੋਡਵੇਜ਼ ਦੀਆਂ ਬੱਸਾਂ ਕਾਊਂਟਰ 'ਤੇ ਬਿਨਾਂ ਲਾਏ ਹੀ ਚੰਡੀਗੜ੍ਹ, ਜਲੰਧਰ ਰੂਟ 'ਤੇ ਭੇਜੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਗੱਲਾਂ ਵੱਲ ਮੈਨੇਜਮੈਂਟ ਧਿਆਨ ਦੇਵੇ, ਨਹੀਂ ਤਾਂ ਆਉਣ ਵਾਲੇ ਸਮੇਂ 'ਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ 23 ਮਈ ਨੂੰ ਰੋਡਵੇਜ਼/ਪਨਬੱਸ ਦੇ ਸਮੁੱਚੇ ਕਾਮੇ ਇਕ ਦਿਨ ਦੀ ਹੜਤਾਲ ਕਰਨਗੇ। 
ਇਸ ਮੌਕੇ ਵਿਜੇ ਕੁਮਾਰ, ਜੋਗਿੰਦਰ ਸਿੰਘ, ਸਰਤਾਜ ਸਿੰਘ, ਇਕਬਾਲ ਸਿੰਘ (ਏਟਕ), ਜਗਦੀਪ ਸਿੰਘ, ਪ੍ਰਦੀਪ ਕੁਮਾਰ ਪ੍ਰਧਾਨ, ਪਰਮਿੰਦਰ ਸਿੰਘ, ਰਛਪਾਲ ਸਿੰਘ, ਰਜਿੰਦਰ ਸਿੰਘ, ਦਵਾਰਕਾ ਨਾਥ, ਕੁਲਵੰਤ ਸਿੰਘ, ਰਵਿੰਦਰ ਸਿੰਘ, ਸਤਿੰਦਰ ਸਿੰਘ, ਰਵਿੰਦਰ ਸਿੰਘ, ਵੱਸਣ ਸਿੰਘ (ਇੰਟਕ), ਗੁਰਦੀਪ ਸਿੰਘ ਪੰਨੂੰ, ਗੁਰਵਿੰਦਰ ਸਿੰਘ, ਮਨਬੀਰ ਸਿੰਘ, ਜਗਦੀਪ ਕੌਰ, ਸੁਖਵਿੰਦਰ ਸਿੰਘ, ਹਰਭਜਨ ਸਿੰਘ, ਬਲਜੀਤ ਸਿੰਘ ਖੋਖਰ, ਭੁਪਿੰਦਰ ਸਿੰਘ, ਹਰਗੋਪਾਲ ਸਿੰਘ, ਰਕੇਸ਼ ਕੁਮਾਰ ਮੱਤਾ ਆਦਿ ਹਾਜ਼ਰ ਸਨ।


Related News