ਸਬਜ਼ੀ ਬਣਾਉਂਦੇ ਸਮੇਂ ਸਿਲੰਡਰ ਨੂੰ ਲੱਗੀ ਅੱਗ, ਇੰਝ ਬਚੀ ਔਰਤ ਦੀ ਜਾਨ
Thursday, Jan 18, 2018 - 11:03 AM (IST)

ਜਲੰਧਰ (ਮਹੇਸ਼)— ਥਾਣਾ ਸਦਰ ਦੇ ਪਿੰਡ ਫੋਲੜੀਵਾਲ 'ਚ ਬੁੱਧਵਾਰ ਦੀ ਰਾਤ ਸਮੇਂ ਰਸੋਈ ਵਿਚ ਇਕ ਔਰਤ ਸਬਜ਼ੀ ਬਣਾ ਰਹੀ ਸੀ। ਇਸ ਦੌਰਾਨ ਅਚਾਨਕ ਗੈਸ ਲੀਕੇਜ ਹੋਣ ਕਾਰਨ ਸਿਲੰਡਰ ਨੂੰ ਅੱਗ ਲੱਗ ਗਈ। ਐਲਸ ਨਾਂ ਦੀ ਉਕਤ ਔਰਤ ਨੇ ਅੱਗ ਲੱਗਦੇ ਹੀ ਤੁਰੰਤ ਭੱਜ ਕੇ ਆਪਣੀ ਜਾਨ ਬਚਾਈ, ਜਿਸ ਕਾਰਨ ਇਕ ਹਾਦਸਾ ਹੋਣੋਂ ਟਲ ਗਿਆ। ਇਕੱਠੇ ਹੋਏ ਨੌਜਵਾਨਾਂ ਨੇ ਆਪਣੀ ਬਹਾਦਰੀ ਦਿਖਾਉਂਦੇ ਹੋਏ ਸਰੀਏ ਨਾਲ ਅੱਗ ਲੱਗੇ ਸਿਲੰਡਰ ਨੂੰ ਰਸੋਈ ਤੋਂ ਬਾਹਰ ਕੱਢਿਆ ਅਤੇ ਮਿੱਟੀ ਦੇ ਹੇਠਾਂ ਦਬਾ ਦਿੱਤਾ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਥਾਣਾ ਸਦਰ ਦੀ ਪੁਲਸ ਵੀ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚ ਗਈ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਅੱਗ 'ਤੇ ਪੂਰੀ ਤਰ੍ਹਾਂ ਨਾਲ ਕਾਬੂ ਕਰ ਲਿਆ। ਐਲਸ ਦੇ ਬੇਟੇ ਅਸ਼ੋਕ ਮਸੀਹ ਪੁੱਤਰ ਇਕਬਾਲ ਮਸੀਹ ਨੇ ਏ. ਐੱਸ. ਆਈ. ਅਮਰਜੀਤ ਸਿੰਘ ਨੂੰ ਦੱਸਿਆ ਕਿ ਕੋਈ ਵੀ ਜਾਨ-ਮਾਲ ਦਾ ਨੁਕਸਾਨ ਨਹੀਂ ਹੋਇਆ ਹੈ। ਪਿੰਡ ਦੀ ਸਰਪੰਚ ਸੁਖਜਿੰਦਰ ਕੌਰ ਸ਼ੇਰਗਿੱਲ ਦੇ ਪਤੀ ਸਾਬਕਾ ਕੌਂਸਲ ਮੈਂਬਰ ਸੁਖਵਿੰਦਰ ਸਿੰਘ ਸੁੱਖਾ ਫੋਲੜੀਵਾਲ ਨੇ ਵੀ ਪੀੜਤ ਪਰਿਵਾਰ ਨਾਲ ਹਮਦਰਦੀ ਜਤਾਈ ਹੈ।