ਜਲੰਧਰ: ਸਿਲੰਡਰ ’ਚੋਂ ਗੈਸ ਦੀ ਲੀਕੇਜ ਕਾਰਨ ਲੱਗੀ ਅੱਗ ’ਚ ਝੁਲਸੇ ਦੂਜੇ ਮਾਸੂਮ ਨੇ ਵੀ ਤੋੜਿਆ ਦਮ

05/21/2022 4:07:13 PM

ਜਲੰਧਰ (ਜ. ਬ.)– ਸਿਲੰਡਰ ’ਚੋਂ ਗੈਸ ਦੀ ਲੀਕੇਜ ਕਾਰਨ ਲੱਗੀ ਅੱਗ ’ਚ ਝੁਲਸੇ ਦੂਜੇ ਮਾਸੂਮ ਦੀ ਵੀ ਮੌਤ ਹੋ ਗਈ ਹੈ। ਇਥੇ ਦੱਸ ਦੇਈਏ ਕਿ ਬੀਤੇ ਦਿਨ ਲੰਮਾ ਪਿੰਡ ਨੇੜੇ ਸਥਿਤ ਗੇਟ ਨੰਬਰ 4 ਵਿਚ ਇਕ ਮਕਾਨ ਵਿਖੇ ਕਿਰਾਏ ’ਤੇ ਕਮਰਾ ਲੈ ਕੇ ਰਹਿ ਰਿਹਾ ਪਰਿਵਾਰ ਅਚਾਨਕ ਘਰ ਵਿਚ ਅੱਗ ਲੱਗਣ ਨਾਲ ਝੁਲਸ ਗਿਆ ਸੀ। ਵੇਖਦੇ ਹੀ ਵੇਖਦੇ ਅੱਗ ਇੰਨੀ ਵਧ ਗਈ ਕਿ ਝੁਲਸਣ ਨਾਲ ਪਿਤਾ ਅਤੇ 2 ਬੱਚਿਆਂ ਦੀ ਮੌਤ ਹੋ ਗਈ, ਜਦਕਿ ਪਤਨੀ ਗੰਭੀਰ ਰੂਪ ਵਿਚ ਸਿਵਲ ਹਸਪਤਾਲ ਵਿਚ ਇਲਾਜ ਅਧੀਨ ਹੈ। ਪੁਲਸ ਨੇ ਮਕਾਨ ਮਾਲਕਣ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ਾਂ ਨੂੰ ਪੋਸਟਮਾਰਟਮ ਕਰਵਾਉਣ ਲਈ ਮੋਰਚਰੀ ਵਿਚ ਰਖਵਾ ਦਿੱਤਾ ਹੈ। ਹਾਦਸੇ ਵਿਚ ਮੌਤ ਦਾ ਸ਼ਿਕਾਰ ਬਣੇ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਦੇ ਦੂਜੇ ਜ਼ਿਲ੍ਹੇ ਵਿਚੋਂ ਆਉਣ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਐੱਸ. ਐੱਚ. ਓ. ਨਵਦੀਪ ਸਿੰਘ ਨੇ ਦੱਸਿਆ ਕਿ ਲੰਮਾ ਪਿੰਡ ਚੌਕ ਨੇੜੇ ਸਵੇਰੇ 7 ਵਜੇ ਦੇ ਲਗਭਗ ਇਕ ਘਰ ਵਿਚ ਔਰਤ ਜਦੋਂ ਚਾਹ ਬਣਾਉਣ ਲਈ ਉੱਠੀ ਤਾਂ ਅਚਾਨਕ ਗੈਸ ਸਿਲੰਡਰ ਨੇ, ਜੋਕਿ ਪਹਿਲਾਂ ਹੀ ਲੀਕ ਕਰ ਰਿਹਾ ਸੀ, ਅੱਗ ਫੜ ਲਈ। ਅੱਗ ਪੂਰੇ ਕਮਰੇ ਵਿਚ ਫੈਲ ਗਈ। ਜਦੋਂ ਔਰਤ ਪ੍ਰਿਯਾ ਨੇ ਆਪਣੇ ਪਤੀ ਰਾਜ ਕੁਮਾਰ ਨੂੰ ਆਵਾਜ਼ ਮਾਰੀ ਤਾਂ ਉਸ ਨੇ ਰਜਾਈ ਨਾਲ ਸਿਲੰਡਰ ਨੂੰ ਢਕ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਰਜਾਈ ਪਾਉਣ ਨਾਲ ਅੱਗ ਹੋਰ ਭੜਕ ਗਈ ਅਤੇ ਪੂਰੇ ਕਮਰੇ ਵਿਚ ਫੈਲ ਗਈ।

ਇਹ ਵੀ ਪੜ੍ਹੋ: 'ਆਪ' ਵਿਧਾਇਕਾ ਇੰਦਰਜੀਤ ਕੌਰ ਮਾਨ ਦਾ ਦਾਅਵਾ, ਬਿਜਲੀ ਸਬੰਧੀ ਸਮਝੌਤੇ ਹਰ ਹਾਲ ’ਚ ਹੋਣਗੇ ਰੱਦ

PunjabKesari

ਇਸ ਦੌਰਾਨ ਅੱਗ ਨੇ ਰਾਜ ਕੁਮਾਰ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜੋਕਿ ਆਵਾਜ਼ਾਂ ਮਾਰਦਿਆਂ ਖ਼ੁਦ ਨੂੰ ਬਚਾਉਣ ਲਈ ਬਾਹਰ ਵੱਲ ਭੱਜਿਆ ਪਰ ਕੁਝ ਹੀ ਮਿੰਟਾਂ ਵਿਚ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸੇ ਕਮਰੇ ਵਿਚ ਮ੍ਰਿਤਕ ਰਾਜ ਕੁਮਾਰ ਦਾ ਡੇਢ ਸਾਲ ਦਾ ਬੇਟਾ ਨੈਤਿਕ ਅਤੇ 5 ਸਾਲ ਦਾ ਵੱਡਾ ਬੇਟਾ ਅੰਕਿਤ ਸੁੱਤੇ ਪਏ ਸਨ। ਅੱਗ ਜਿਉਂ ਹੀ ਵਧੀ ਤਾਂ ਉਸ ਨੇ ਨੈਤਿਕ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ, ਜਿਸ ਨਾਲ ਉਸ ਦੀ ਵੀ ਮੌਕੇ ’ਤੇ ਹੀ ਮੌਤ ਹੋ ਗਈ। ਉਥੇ ਹੀ, ਮ੍ਰਿਤਕ ਦੇ ਵੱਡੇ ਬੇਟੇ ਅੰਕਿਤ ਅਤੇ ਉਸ ਦੀ ਮਾਂ ਪ੍ਰਿਯਾ ਦੋਵਾਂ ਨੂੰ ਜਦੋਂ ਹਸਪਤਾਲ ਲਿਜਾ ਕੇ ਦਾਖ਼ਲ ਕਰਵਾਇਆ ਗਿਆ ਤਾਂ ਇਲਾਜ ਦੌਰਾਨ ਅੰਕਿਤ ਨੇ ਵੀ ਦਮ ਤੋੜ ਦਿੱਤਾ। ਹਾਲਾਂਕਿ ਡਾਕਟਰਾਂ ਦਾ ਕਹਿਣਾ ਹੈ ਕਿ ਪ੍ਰਿਯਾ ਦੀ ਹਾਲਤ ਵੀ ਗੰਭੀਰ ਹੈ ਕਿਉਂਕਿ ਉਸਦਾ ਅੱਧੇ ਤੋਂ ਵੱਧ ਸਰੀਰ ਝੁਲਸ ਚੁੱਕਾ ਹੈ।

ਰਾਤ ਸਮੇਂ ਪਾਈਪ ਫਟ ਕੇ ਗੈਸ ਹੋ ਗਈ ਹੋਵੇਗੀ ਲੀਕ: ਪੁਲਸ
ਉਥੇ ਹੀ, ਮੌਕੇ ’ਤੇ ਪੁੱਜੇ ਏ. ਡੀ. ਸੀ. ਪੀ. ਸਿਟੀ-1 ਸੁਹੇਲ ਮੀਰ ਨੇ ਦੱਸਿ ਆ ਕਿ ਜਿਸ ਤਰ੍ਹਾਂ ਨਾਲ ਹਾਦਸਾ ਹੋਇਆ ਹੈ, ਉਸਨੂੰ ਦੇਖਦਿਆਂ ਲੱਗਦਾ ਹੈ ਕਿ ਸ਼ਾਇਦ ਰਾਤ ਸਮੇਂ ਪਾਈਪ ਫਟਣ ਨਾਲ ਗੈਸ ਲੀਕ ਹੋ ਗਈ ਹੋਵੇ, ਜਿਸ ਕਾਰਨ ਸਵੇਰੇ ਚਾਹ ਬਣਾਉਣ ਸਮੇਂ ਰੈਗੂਲੇਟਰ ਆਨ ਕਰਦੇ ਹੀ ਅੱਗ ਲੱਗ ਗਈ। ਜੇਕਰ ਸਿਲੰਡਰ ਫਟਿਆ ਹੁੰਦਾ ਤਾਂ ਕਮਰੇ ਦੀਆਂ ਹੋਰ ਚੀਜ਼ਾਂ ਵੀ ਨੁਕਸਾਨੀਆਂ ਜਾਣੀਆਂ ਸਨ। ਮਕਾਨ ਮਾਲਕਣ ਕੁਲਵਿੰਦਰ ਕੌਰ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਮ੍ਰਿਤਕ ਦੇ ਪਿੰਡ ਰਹਿੰਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਹਿੰਦੂ ਟੁੱਟਣ ਲੱਗੇ ਕਾਂਗਰਸ ਨਾਲੋਂ, ਭਾਜਪਾ ਨੇ ਵੀ ਪੰਜਾਬ ’ਚ ‘ਆਪਰੇਸ਼ਨ ਹਿੰਦੂ’ ਸ਼ੁਰੂ ਕੀਤਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News