ਦੇਸ਼ ਭਗਤ ਯਾਦਗਾਰ ਹਾਲ ''ਚ ਗਦਰੀ ਬਾਬਿਆਂ ਦੇ ਮੇਲੇ ਦਾ ਆਗਾਜ਼
Monday, Oct 30, 2017 - 03:27 PM (IST)
ਜਲੰਧਰ (ਸੋਨੂੰ) - ਮੇਲਾ ਗਦਰੀ ਬਾਬਿਆਂ ਦਾ ਹਰੇਕ ਸਾਲ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ 'ਚ ਬੜੇ ਹੀ ਜੋਸ਼ ਨਾਲ ਮਨਾਇਆ ਜਾਂਦਾ ਹੈ। ਇਸ ਮੇਲੇ ਦੀ ਸ਼ੁਰੂਆਤ ਗਦਰੀ ਬਾਬਾ ਟਰਸਟ ਦੇ ਚੇਅਰਮੈਨ ਨੋਨਿਹਾਲ ਸਿੰਘ ਵੱਲੋਂ ਕੀਤੀ ਗਈ। ਇਸ ਮੇਲੇ ਦੇ ਮੱਦੇਨਜ਼ਰ ਦੇਸ਼ ਭਗਤ ਯਾਦਗਾਰ ਹਾਲ 'ਚ ਵਿਆਹ ਵਰਗਾ ਮਾਹੌਲ ਹੈ। ਇਸ ਮੌਕੇ ਪ੍ਰਬੰਧਕੀ ਕਮੇਟੀ ਪੱਬਾਂ ਭਾਰ ਹੋ ਕੇ ਮੇਲੇ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦੇਣ ਦੀ ਤਿਆਰੀ 'ਚ ਲੱਗੀ ਹੋਈ ਹੈ। ਸਮੁੱਚਾ ਕੰਪਲੈਕਸ ਗ਼ਦਰ ਲਹਿਰ ਦੇ ਕੌਮਾਂਤਰੀ ਰਾਜਦੂਤ ਭਾਈ ਰਤਨ ਸਿੰਘ ਰਾਏਪੁਰ ਡੱਬਾ ਅਤੇ 'ਕਿਰਤੀ' ਦੇ ਬਾਨੀ ਸੰਪਾਦਕ ਭਾਈ ਸੰਤੋਖ ਸਿੰਘ ਨੂੰ ਸਮਰਪਿਤ ਕਰਦਿਆਂ 'ਸਾਂਝੀਵਾਲਤਾ ਨਗਰ' ਵਜੋਂ ਸਜਾਇਆ ਗਿਆ ਹੈ। ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗੁਰਮੀਤ ਸਿੰਘ ਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਦੇਸ਼ ਭਗਤ ਯਾਦਗਾਰ ਹਾਲ ਦੇ ਕਿਸੇ ਕੋਨੇ 'ਚ ਇੰਗਲੈਂਡ, ਅਮਰੀਕਾ ਅਤੇ ਕੈਨੇਡਾ ਆਦਿ ਮੁਲਕਾਂ ਤੋਂ ਆਏ ਮੇਲਾ ਪ੍ਰੇਮੀ ਖੁੱਭ ਕੇ ਵਿਚਾਰ ਕਰ ਰਹੇ ਹਨ ਅਤੇ ਕਿਸੇ ਖੂੰਜੇ 'ਚ ਗੀਤਾਂ ਅਤੇ ਨਾਟਕਾਂ ਦਾ ਅਭਿਆਸ ਚੱਲ ਰਿਹਾ ਹੈ। ਇਸ ਦੌਰਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਪਾਰਕ ਮੰਚ 'ਚ ਅੱਜ ਤੋਂ ਪੁਸਤਕਾਂ ਦੀ ਪ੍ਰਦਰਸ਼ਨੀ ਸ਼ੁਰੂ ਹੋ ਗਈ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਗ਼ਦਰੀ ਬਾਬਾ ਜਵਾਲਾ ਸਿੰਘ ਆਡੀਟੋਰੀਅਮ 'ਚ 30 ਅਕਤੂਬਰ ਨੂੰ ਸਵੇਰੇ 10 ਵਜੇ ਸ਼ਮ੍ਹਾ ਰੌਸ਼ਨ ਹੋਵੇਗੀ। 30 ਅਕਤੂਬਰ ਨੂੰ ਭਾਸ਼ਣ ੰਮਗਰੋਂ ਸਟਾਈਲ ਆਰਟਸ ਐਸੋਸੀਏਸ਼ਨ ਵੱਲੋਂ 7 ਵਜੇ ਨਾਟਕ ਸ਼ੁਰੂ ਕੀਤਾ ਜਾਵੇਗਾ। ਪਹਿਲੀ ਨਵੰਬਰ ਨੂੰ ਸੀਨੀਅਰ ਟਰੱਸਟੀ ਗੰਧਰਵ ਸੇਨ ਕੋਛੜ ਵੱਲੋਂ ਝੰਡੇ ਦੀ ਗੀਤ, ਵਿਚਾਰ-ਚਰਚਾ, ਰਾਣਾ ਅਯੂਬ ਦੇ ਭਾਸ਼ਣ ਸਮੇਤ 2 ਨਵੰਬਰ ਸਰਘੀ ਵੇਲੇ ਤੱਕ ਵੰਨ-ਸੁਵੰਨੀਆਂ ਕਲਾ ਕਿਰਤਾਂ ਦਾ ਗੁਲਦਸਤਾ ਰੂਸੀ ਸਮਾਜਵਾਦੀ ਇਨਕਲਾਬ ਦੀ 100ਵੀਂ ਵਰ੍ਹੇਗੰਡ ਨੂੰ ਸਮਰਪਿਤ ਹੋਵੇਗੀ। ਇਸ ਮੇਲੇ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦੇਣ ਵੇਲੇ ਅਜਮੇਰ ਸਿੰਘ, ਡਾ.ਪਰਮਿੰਦਰ ਸਿੰਘ ਆਦਿ ਮੈਂਬਰ ਹਾਜ਼ਰ ਸਨ। ਇਸ ਮੇਲੇ 'ਚ ਸ਼ਾਮਿਲ ਹੋਣ ਵਾਲੇ ਲੋਕ ਬਹੁਤ ਜ਼ਿਆਦਾ ਉਤਸ਼ਾਹਿਤ ਹਨ।
