ਗੜ੍ਹਦੀਵਾਲਾ : ਰਾਹਤ ਭਰੀ ਖ਼ਬਰ, ਕੋਰੋਨਾ ਮਰੀਜ਼ ਦੇ ਸੰਪਰਕ ''ਚ ਆਏ ਲੋਕਾਂ ਦੀ ਰਿਪੋਰਟ ਆਈ ਨੈਗੇਟਿਵ
Friday, Jun 05, 2020 - 02:15 PM (IST)
ਗੜ੍ਹਦੀਵਾਲਾ (ਜਤਿੰਦਰ) : ਗੜ੍ਹਦੀਵਾਲਾ ਇਲਾਕੇ ਲਈ ਅੱਜ ਉਸ ਸਮੇਂ ਰਾਹਤ ਭਰੀ ਖਬਰ ਆਈ ਜਦੋਂ ਨਜ਼ਦੀਕੀ ਪਿੰਡ ਭਾਨਾ ਦੇ ਕੋਰੋਨਾ ਪਾਜ਼ੇਟਿਵ ਆਏ ਵਿਅਕਤੀ ਸਤਨਾਮ ਸਿੰਘ ਉਰਫ ਸੱਤਾ ਪੁੱਤਰ ਲਛਕਰ ਸਿੰਘ ਦੇ ਸੰਪਰਕ ਵਿਚ ਆਏ 7 ਵਿਅਕਤੀਆਂ ਦੀ ਟੈਸਟ ਰਿਪੋਰਟ ਨੈਗੇਟਿਵ ਆਈ। ਸਤਨਾਮ ਸਿੰਘ ਦੇ ਸੰਪਰਕ ਵਿਚ ਆਏ ਪਿੰਡ ਭਾਨਾ ਦੇ ਪ੍ਰਵਾਸੀ ਮਜ਼ਦੂਰ ਅਤੇ ਉਸ ਦੇ ਪਰਿਵਾਰਕ ਮੈਂਬਰ ਅਤੇ ਗੜ੍ਹਦੀਵਾਲਾ ਰਹਿੰਦੀ ਸਤਨਾਮ ਸਿੰਘ ਦੀ ਲੜਕੀ ਅਤੇ ਜਵਾਈ ਅਤੇ ਹੋਰ ਪਰਿਵਾਰਕ ਮੈਂਬਰਾਂ ਦੇ ਸਿਹਤ ਮਹਿਕਮੇ ਵਲੋਂ ਬੀਤੇ ਦਿਨੀਂ ਨਮੂਨੇ ਲਏ ਗਏ ਸਨ, ਜਿਸ ਦੀ ਰਿਪੋਰਟ ਅੱਜ ਨੈਗੇਟਿਵ ਆਈ ਹੈ। ਇਹ ਰਿਪੋਰਟ ਆਉਣ ਨਾਲ ਗੜ੍ਹਦੀਵਾਲਾ ਇਲਾਕੇ ਦੇ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ ਕਿਉਂਕਿ ਸਤਨਾਮ ਸਿੰਘ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਦੇ ਗੜ੍ਹਦੀਵਾਲਾ ਵਿਖੇ ਆਪਣੇ ਰਿਸ਼ਤੇਦਾਰਾਂ ਦੇ ਆਉਣ ਦੀ ਖ਼ਬਰ ਤੋਂ ਬਾਅਦ ਲੋਕਾਂ ਵਿਚ ਕੋਰੋਨਾ ਕੋਰੋਨਾ ਲਾਗ ਦੀ ਬਿਮਾਰੀ (ਮਹਾਮਾਰੀ) ਕਾਰਨ ਕਾਫੀ ਡਰ ਦਾ ਮਾਹੌਲ ਪਾਇਆ ਜਾ ਰਿਹਾ ਸੀ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪਿੰਡ ਭਾਨਾ ਦਾ ਸਤਨਾਮ ਸਿੰਘ ਉਰਫ ਸੱਤਾ ਪੁੱਤਰ ਲਛਕਰ ਸਿੰਘ ਕਿਸੇ ਮਾਮਲੇ ਦੇ ਸਬੰਧ 'ਚ ਲੁਧਿਆਣਾ ਜੇਲ ਵਿਚ ਸੀ ਅਤੇ 28 ਮਈ ਨੂੰ ਉਸ ਦੀ ਜ਼ਮਾਨਤ ਹੋਣ 'ਤੇ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਉਸ ਦਾ ਕੋਵਿਡ-19 ਟੈਸਟ ਕਰਵਾਇਆ ਗਿਆ ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਇਸ ਤੋਂ ਪਹਿਲਾਂ ਪਿੰਡ ਰਮਦਾਸਪੁਰ ਦੇ ਕੋਰੋਨਾ ਪਾਜ਼ੇਟਿਵ ਆਏ ਵਿਅਕਤੀ ਦੇ ਸੰਪਰਕ ਵਿਚ ਆਏ ਲੋਕਾਂ ਦੀ ਟੈਸਟ ਰਿਪੋਰਟ ਵੀ ਨੈਗੇਟਿਵ ਆਈ ਸੀ।