ਜਰਮਨੀ ਤੋਂ ਆਏਗੀ ਸ਼ਾਫਟ, ਤਾਂ ਚੱਲੇਗਾ ਗਾਰਬੇਜ ਪਲਾਂਟ

Thursday, Aug 03, 2017 - 08:00 AM (IST)

ਜਰਮਨੀ ਤੋਂ ਆਏਗੀ ਸ਼ਾਫਟ, ਤਾਂ ਚੱਲੇਗਾ ਗਾਰਬੇਜ ਪਲਾਂਟ

ਚੰਡੀਗੜ੍ਹ  (ਵਿਜੇ) - ਜੇ. ਪੀ. ਐਸੋਸੀਏਟਸ ਲਿਮਟਿਡ ਵਲੋਂ ਡੱਡੂਮਾਜਰਾ ਦੇ 10 ਏਕੜ ਦੇ ਏਰੀਏ 'ਚ ਚਲਾਇਆ ਜਾ ਰਿਹਾ ਗ੍ਰੀਨ ਟੇਕ ਫਿਊਲ ਪ੍ਰੋਸੈਸਿੰਗ ਪਲਾਂਟ 7 ਮਹੀਨਿਆਂ ਤੋਂ ਆਪਣੀ ਫੁੱਲ ਕੈਪੇਸਿਟੀ ਨਾਲ ਕੰਮ ਨਹੀਂ ਕਰ ਰਿਹਾ ਹੈ। ਇਸ ਕਾਰਨ ਪਲਾਂਟ 'ਚ ਕੂੜੇ ਦਾ ਢੇਰ ਸੈਂਕੜੇ ਟਨ ਰੋਜ਼ਾਨਾ ਦੇ ਹਿਸਾਬ ਨਾਲ ਵਧਦਾ ਜਾ ਰਿਹਾ ਹੈ। ਆਉਣ ਵਾਲੇ ਕੁਝ ਦਿਨਾਂ ਤਕ ਵੀ ਸਥਿਤੀ ਸੰਭਲਣ ਵਾਲੀ ਨਹੀਂ ਹੈ ਕਿਉਂਕਿ ਪਲਾਂਟ ਮੈਨੇਜਮੈਂਟ ਦਾ ਕਹਿਣਾ ਹੈ ਕਿ ਮਿਊਂਸੀਪਲ ਸਾਲਿਡ ਵੇਸਟ (ਐੱਮ. ਐੱਸ. ਡਬਲਿਊ.) ਨਾਲ ਨਿਪਟਣ ਲਈ ਜੋ ਸ਼ਾਫਟ ਪਲਾਂਟ ਲਾਇਆ ਗਿਆ ਹੈ, ਉਹ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ ਹੈ।
 ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਨਿਰਦੇਸ਼ਾਂ 'ਤੇ ਜੋ ਕਮੇਟੀ ਗਠਤ ਕੀਤੀ ਗਈ ਹੈ, ਉਸਨੇ ਆਪਣੀ ਪਹਿਲੀ ਰਿਪੋਰਟ 'ਚ ਇਸ ਨੂੰ ਹੀ ਸਭ ਤੋਂ ਗੰਭੀਰ ਸਮੱਸਿਆ ਦੱਸਿਆ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਜਿਸ ਸਮੇਂ ਕਮੇਟੀ ਨੇ ਪਲਾਂਟ 'ਚ ਵਿਜ਼ਿਟ ਕੀਤੀ ਤਾਂ ਸ਼ਾਫਟ ਦੇ ਠੀਕ ਤਰ੍ਹਾਂ ਕੰਮ ਨਾ ਕਰਨ ਦਾ ਅਸਰ ਸਾਫ ਦਿਖ ਰਿਹਾ ਸੀ।  ਸੂਤਰਾਂ ਮੁਤਾਬਿਕ ਜਿੰਨੀ ਪਲਾਂਟ ਦੀ ਸਮਰੱਥਾ ਹੈ, ਉਸ ਤੋਂ ਵੀ ਜ਼ਿਆਦਾ ਕੂੜੇ ਦਾ ਢੇਰ ਉਥੇ ਲੱਗਾ ਹੋਇਆ ਸੀ।
ਇਸਦੇ ਨਾਲ ਹੀ ਪਲਾਂਟ ਦੇ ਬਾਹਰ ਕੂੜੇ ਨਾਲ ਲੱਦੇ ਟਰੱਕਾਂ ਦੀ ਲਾਈਨ ਲੱਗੀ ਹੋਈ ਸੀ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਮੈਨੇਜਮੈਂਟ ਨੇ ਭਰੋਸਾ ਦਿਵਾਇਆ ਹੈ ਕਿ ਹੁਣ ਉਨ੍ਹਾਂ ਜਰਮਨੀ ਦੀ ਸ਼ਾਫਟ ਲਾਉਣ ਦਾ ਆਰਡਰ ਦੇ ਦਿੱਤਾ ਹੈ, ਜੋ ਅਗਸਤ ਦੇ ਪਹਿਲੇ ਹਫਤੇ ਤਕ ਪਹੁੰਚ ਜਾਏਗੀ। ਇਸਦੀ ਇੰਸਟਾਲੇਸ਼ਨ ਦੇ ਬਾਅਦ ਵੇਸਟ ਦੀ ਪ੍ਰੋਸੈਸਿੰਗ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਸਕੇਗਾ।
ਨਿਗਮ ਨੇ ਕਿਹਾ-ਸਲੋਅ ਹੈ ਵਾਹਨ ਮੂਵਮੈਂਟ
ਕਮੇਟੀ ਦੇ ਸਾਹਮਣੇ 28 ਜੁਲਾਈ ਨੂੰ ਨਗਰ ਨਿਗਮ ਤੇ ਪਲਾਂਟ ਮੈਨੇਜਮੈਂਟ ਵਲੋਂ ਇਕ ਪ੍ਰੈਜ਼ੈਂਟੇਸ਼ਨ ਵੀ ਦਿੱਤੀ ਗਈ। ਇਸ 'ਚ ਦੱਸਿਆ ਗਿਆ ਕਿ ਪੂਰੇ ਐੱਮ. ਐੱਸ. ਡਬਲਿਊ. ਦੀ ਟ੍ਰਾਂਸਪੋਰਟੇਸ਼ਨ ਨਹੀਂ ਹੋ ਰਹੀ ਹੈ। ਇਸਦਾ ਕਾਰਨ ਹੈ ਕਿ ਪਲਾਂਟ ਦੇ ਗੇਟ 'ਚ ਵਾਹਨਾਂ ਦੀ ਮੂਵਮੈਂਟ ਸਲੋਅ ਹੋਣਾ ਹੈ ਕਿਉਂਕਿ ਵੱਡੀ ਗਿਣਤੀ 'ਚ ਅਨਪ੍ਰੋਸੈੱਸਡ ਵੇਸਟ ਪਲਾਂਟ 'ਚ ਪਿਆ ਹੋਇਆ ਹੈ, ਹਾਲਾਂਕਿ ਕਮੇਟੀ ਦੇ ਕਹਿਣ 'ਤੇ ਨਿਗਮ ਤੇ ਮੈਨੇਜਮੈਂਟ ਨੇ ਛੇਤੀ ਹੀ ਇਸਦਾ ਹੱਲ ਲੱਭਣ 'ਤੇ ਆਪਣੀ ਸਹਿਮਤੀ ਜਤਾਈ ਹੈ।
ਕਮੇਟੀ 'ਚ ਚੰਡੀਗੜ੍ਹ ਪਲਿਊਸ਼ਨ ਕੰਟ੍ਰੋਲ ਕਮੇਟੀ ਦੇ ਮੈਂਬਰ ਸਕੱਤਰ ਪੀ. ਜੇ. ਐੱਸ. ਡਡਵਾਲ, ਮਨਿਸਟ੍ਰੀ ਆਫ ਇਨਵਾਇਰਮੈਂਟ ਫਾਰੈਸਟ ਐਂਡ ਕਲਾਈਮੇਟ ਚੇਂਜ ਰੀਜਨਲ ਆਫਿਸ ਦੇ ਜੁਆਇੰਟ ਡਾਇਰੈਕਟਰ ਡਾ. ਵਿਮਲ ਕੁਮਾਰ, ਡਿਪਾਰਟਮੈਂਟ ਆਫ ਸਿਵਲ ਇੰਜੀਨੀਅਰਿੰਗ ਪੈਕ ਦੀ ਐਸੋਸੀਏਟ ਪ੍ਰੋ. ਡਾ. ਗੀਤਾ ਅਰੋੜਾ ਤੇ ਸੀ. ਪੀ. ਸੀ. ਬੀ. ਦੇ ਐਡੀਸ਼ਨਲ ਡਾਇਰੈਕਟਰ ਐੱਮ. ਕੇ. ਚੌਧਰੀ ਸ਼ਾਮਲ ਹਨ।


Related News