ਗੁਰੂ ਰਵਿਦਾਸ ਸ਼ੋਭਾ ਯਾਤਰਾ ਸਿਰ ’ਤੇ, ਸ਼ਹਿਰ ’ਚ ਠੱਪ ਹੋਇਆ ਕੂੜੇ ਦੀ ਲਿਫਟਿੰਗ ਦਾ ਕੰਮ

02/20/2024 2:28:22 PM

ਜਲੰਧਰ (ਖੁਰਾਣਾ)–ਇਨ੍ਹੀਂ ਦਿਨੀਂ ਸਰਦੀਆਂ ਦੇ ਸੀਜ਼ਨ ਦਾ ਆਖਰੀ ਦੌਰ ਚੱਲ ਰਿਹਾ ਹੈ ਅਤੇ ਅਗਲੇ 2-3 ਦਿਨ ਬਰਸਾਤ ਹੋਣ ਦੀ ਸੰਭਾਵਨਾ ਹੈ। ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਆਯੋਜਨ ਜਗ੍ਹਾ-ਜਗ੍ਹਾ ਸ਼ੁਰੂ ਹੋ ਚੁੱਕੇ ਹਨ ਅਤੇ ਸ਼ੋਭਾ ਯਾਤਰਾ ਦਾ ਵਿਸ਼ਾਲ ਪ੍ਰੋਗਰਾਮ ਵੀ ਬਹੁਤ ਨੇੜੇ ਆ ਗਿਆ ਹੈ। ਅਜਿਹੇ ਵਿਚ ਸ਼ਹਿਰ ਅਤੇ ਨਗਰ ਨਿਗਮ ਸਾਹਮਣੇ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ ਕਿਉਂਕਿ ਕੂੜਾ ਚੁੱਕਣ ਦਾ ਕੰਮ ਕਰ ਰਹੇ ਪ੍ਰਾਈਵੇਟ ਠੇਕੇਦਾਰਾਂ ਨੇ ਮੰਗਲਵਾਰ ਤੋਂ ਕੂੜੇ ਦੀ ਲਿਫਟਿੰਗ ਦਾ ਕੰਮ ਠੱਪ ਕਰਨ ਦਾ ਐਲਾਨ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਨਗਰ ਨਿਗਮ ਕੋਲ ਜਿਹੜੀ ਮਸ਼ੀਨਰੀ ਅਤੇ ਸਟਾਫ ਹੈ, ਉਹ ਸ਼ਹਿਰ ਦਾ ਪੂਰਾ ਕੂੜਾ ਚੁੱਕਣ ਵਿਚ ਸਮਰੱਥ ਨਹੀਂ ਹੈ। ਅਜਿਹੇ ਵਿਚ ਨਗਰ ਨਿਗਮ ਨੇ ਕਾਫੀ ਮਸ਼ੀਨਰੀ ਅਤੇ ਵਰਕ ਫੋਰਸ ਨੂੰ ਕਿਰਾਏ ’ਤੇ ਲਿਆ ਹੋਇਆ ਹੈ, ਜਿਨ੍ਹਾਂ ਕੋਲੋਂ ਮੇਨ ਡੰਪ ਸਥਾਨਾਂ ਤੋਂ ਕੂੜਾ ਲਿਫਟ ਕਰਵਾਇਆ ਜਾਂਦਾ ਹੈ। ਪ੍ਰਾਈਵੇਟ ਠੇਕੇਦਾਰਾਂ ਵੱਲੋਂ ਰਾਮਾ ਮੰਡੀ ਇਲਾਕੇ ਦੇ ਡੰਪ, ਰੇਡੀਓ ਸਟੇਸ਼ਨ ਡੰਪ, ਮਾਡਲ ਟਾਊਨ ਡੰਪ, ਜੋਤੀ ਨਗਰ ਡੰਪ, ਫੋਲੜੀਵਾਲ ਡੰਪ ਆਦਿ ਸਾਫ ਕੀਤੇ ਜਾਂਦੇ ਹਨ।
ਪਤਾ ਲੱਗਾ ਹੈ ਕਿ ਨਿਗਮ ਅਧਿਕਾਰੀਆਂ ਨੇ ਪਿਛਲੇ ਲੰਮੇ ਸਮੇਂ ਤੋਂ ਪ੍ਰਾਈਵੇਟ ਠੇਕੇਦਾਰਾਂ ਨੂੰ ਕੂੜਾ ਚੁੱਕਣ ਦੀ ਇਵਜ਼ ਵਿਚ ਭੁਗਤਾਨ ਨਹੀਂ ਕੀਤਾ ਹੈ। ਸੂਚਨਾ ਦੇ ਮੁਤਾਬਕ ਇਹ ਰਾਸ਼ੀ ਕਰੋੜਾਂ ਵਿਚ ਦੱਸੀ ਜਾ ਰਹੀ ਹੈ। ਕਈ ਕੰਮ ਸੈਂਕਸ਼ਨ ’ਤੇ ਚੱਲ ਰਹੇ ਹਨ, ਜਿਨ੍ਹਾਂ ਦੀਆਂ ਫਾਈਲਾਂ ਨੂੰ ਵੀ ਪਾਸ ਨਹੀਂ ਕੀਤਾ ਜਾ ਰਿਹਾ।
ਇਸ ਨੂੰ ਲੈ ਕੇ ਦੋਵਾਂ ਠੇਕੇਦਾਰਾਂ ਨੇ ਅਧਿਕਾਰੀਆਂ ਨੂੰ ਕੂੜੇ ਦੀ ਲਿਫਟਿੰਗ ਦਾ ਕੰਮ ਬੰਦ ਕਰ ਦੇਣ ਸਬੰਧੀ ਅਲਟੀਮੇਟਮ ਵੀ ਦਿੱਤਾ ਸੀ ਪਰ ਇਸਦੇ ਬਾਵਜੂਦ ਕੁਝ ਨਹੀਂ ਹੋਇਆ। ਅੱਜ ਨਿਗਮ ਅਧਿਕਾਰੀਆਂ ਨੇ ਠੇਕੇਦਾਰਾਂ ਨਾਲ ਇਕ ਮੀਟਿੰਗ ਵੀ ਕੀਤੀ। ਮੀਟਿੰਗ ਦੌਰਾਨ ਠੇਕੇਦਾਰਾਂ ਨੇ ਪੇਮੈਂਟ ਨਾ ਮਿਲਣ ਕਾਰਨ ਆਪਣੀ ਸਮੱਸਿਆ ਦੱਸੀ ਅਤੇ ਕਿਹਾ ਕਿ ਉਨ੍ਹਾਂ ਨੂੰ ਪੈਟਰੋਲ ਪੰਪ ਮਾਲਕ ਵੱਲੋਂ ਉਧਾਰ ਤੇਲ ਨਹੀਂ ਦਿੱਤਾ ਜਾ ਰਿਹਾ ਅਤੇ ਉਨ੍ਹਾਂ ਦੇ ਲੇਬਰ ਵੱਲੋਂ ਤਨਖਾਹ ਮੰਗੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਗੁਰੂ ਰਵਿਦਾਸ ਪ੍ਰਕਾਸ਼ ਪੁਰਬ ਸਬੰਧੀ ਆਯੋਜਨ ਕਈ ਥਾਵਾਂ ’ਤੇ ਹੋਣ ਜਾ ਰਹੇ ਹਨ ਪਰ ਉਨ੍ਹਾਂ ਇਲਾਕਿਆਂ ਵਿਚ ਹਜ਼ਾਰਾਂ ਸਟਰੀਟ ਲਾਈਟਾਂ ਬੰਦ ਪਈਆਂ ਹੋਈਆਂ ਹਨ ਅਤੇ ਸਬੰਧਤ ਸਟਾਫ ਹੜਤਾਲ ’ਤੇ ਹੈ। ਉਸ ਨਾਲ ਵੀ ਲੋਕਾਂ ਵਿਚ ਕਾਫੀ ਰੋਸ ਹੈ।
ਪ੍ਰਾਈਵੇਟ ਠੇਕੇਦਾਰਾਂ ਵੱਲੋਂ ਕੰਮ ਠੱਪ ਕਰ ਦੇਣ ਨਾਲ ਸ਼ਹਿਰ ਵਿਚ ਕੂੜੇ ਦੇ ਢੇਰ ਲੱਗ ਸਕਦੇ ਹਨ।
ਵੇਸਟ ਮੈਨੇਜਮੈਂਟ ਮਾਮਲੇ ’ਚ ਬੁਰੀ ਤਰ੍ਹਾਂ ਨਾਲ ਫੇਲ ਹੋ ਰਿਹਾ ਨਿਗਮ
ਸਵੱਛ ਭਾਰਤ ਮੁਹਿੰਮ, ਸਮਾਰਟ ਸਿਟੀ ਮਿਸ਼ਨ, ਅਮਰੂਤ ਅਤੇ ਹੋਰਨਾਂ ਯੋਜਨਾਵਾਂ ਤਹਿਤ ਜਲੰਧਰ ਨਗਰ ਨਿਗਮ ਨੂੰ ਪਿਛਲੇ ਸਾਲਾਂ ਦੌਰਾਨ ਕਰੋੜਾਂ ਰੁਪਏ ਦੀ ਗ੍ਰਾਂਟ ਮਿਲੀ, ਜਿਸ ਨੂੰ ਜਾਗਰੂਕਤਾ ਮੁਹਿੰਮ, ਰੈਲੀਆਂ, ਨੁੱਕੜ ਨਾਟਕਾਂ ਆਦਿ ’ਤੇ ਹੀ ਖਰਚ ਕਰ ਦਿੱਤਾ ਗਿਆ ਪਰ ਅਜੇ ਤਕ ਨਗਰ ਨਿਗਮ ਸ਼ਹਿਰ ਦੇ ਕੂੜੇ ਨੂੰ ਖਾਦ ਵਿਚ ਤਬਦੀਲ ਨਹੀਂ ਕਰ ਸਕਿਆ। ਸਾਲਿਡ ਵੇਸਟ ਮੈਨੇਜਮੈਂਟ ਦੇ ਫਰੰਟ ’ਤੇ ਬੁਰੀ ਤਰ੍ਹਾਂ ਫੇਲ ਰਹਿਣ ਕਾਰਨ ਸ਼ਹਿਰੀਆਂ ਦੇ ਮਨਾਂ ਵਿਚ ਨਗਰ ਨਿਗਮ ਅਤੇ ਸਰਕਾਰਾਂ ਪ੍ਰਤੀ ਕਾਫੀ ਰੋਸ ਹੈ।
ਅੱਜ ਵੀ ਵਰਿਆਣਾ ਡੰਪ ਦੀ ਸਮੱਸਿਆ ਨਾ ਸਿਰਫ ਬਰਕਰਾਰ ਹੈ, ਸਗੋਂ ਦਿਨੋ-ਦਿਨ ਵਧਦੀ ਹੀ ਜਾ ਰਹੀ ਹੈ। ਹੁਣ ਪ੍ਰਾਈਵੇਟ ਠੇਕੇਦਾਰ ਉਥੇ ਬੁਲਡੋਜ਼ਰ ਦਾ ਕੰਮ ਬੰਦ ਕਰਨ ਜਾ ਰਿਹਾ ਹੈ, ਿਜਸ ਕਾਰਨ ਉਥੇ ਨਿਗਮ ਦੀਆਂ ਗੱਡੀਆਂ ਨੂੰ ਵੀ ਕੂੜਾ ਸੁੱਟਣ ਵਿਚ ਮੁਸ਼ਕਲ ਆਵੇਗੀ।
ਨਿਗਮ ਯੂਨੀਅਨਾਂ ਨੇ ਵੀ ਦਿੱਤੀ ਹੜਤਾਲ ਦੀ ਚਿਤਾਵਨੀ
ਸਫਾਈ ਮਜ਼ਦੂਰਾਂ ਦੀ ਸਾਰ ਨਹੀਂ ਲੈ ਰਹੀ ਪੰਜਾਬ ਸਰਕਾਰ : ਮੁਨੀਸ਼ ਬਾਬਾ
ਨਗਰ ਨਿਗਮ ਦੀ ਡਰਾਈਵਰ ਯੂਨੀਅਨ ਦੀ ਇਕ ਮੀਟਿੰਗ ਅੱਜ ਪ੍ਰਧਾਨ ਮੁਨੀਸ਼ ਬਾਬਾ ਅਤੇ ਸ਼ੰਮੀ ਲੂਥਰ ਦੀ ਪ੍ਰਧਾਨਗੀ ਵਿਚ ਹੋਈ, ਜਿਸ ਵਿਚ ਸਫਾਈ ਮਜ਼ਦੂਰਾਂ, ਸੀਵਰਮੈਨਾਂ ਅਤੇ ਡਰਾਈਵਰਾਂ ਦੇ ਤਰਸਯੋਗ ਹਾਲਾਤ ਨੂੰ ਲੈ ਕੇ ਚਿੰਤਨ-ਮੰਥਨ ਕੀਤਾ ਗਿਆ।
ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਜੇਕਰ ਸਰਕਾਰ ਹੇਠਲੇ ਪਾਇਦਾਨ ’ਤੇ ਬੈਠੇ ਇਨ੍ਹਾਂ ਮਜ਼ਦੂਰਾਂ, ਸੀਵਰਮੈਨਾਂ ਅਤੇ ਡਰਾਈਵਰਾਂ ਦੀ ਕੋਈ ਸਾਰ ਨਹੀਂ ਲੈਂਦੀ, ਇਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ, ਇਨ੍ਹਾਂ ਦੇ ਹਾਲਾਤ ਨੂੰ ਸੁਧਾਰਨ ਲਈ ਗੰਭੀਰਤਾ ਨਾਲ ਕੋਈ ਕਦਮ ਨਹੀਂ ਚੁੱਕਦੀ ਤਾਂ ਨਗਰ ਨਿਗਮ ਜਲੰਧਰ ਡਰਾਈਵਰ ਯੂਨੀਅਨ ਸੰਘਰਸ਼ ਸ਼ੁਰੂ ਕਰੇਗੀ, ਜੋ ਜਲੰਧਰ ਤੋਂ ਸ਼ੁਰੂ ਹੋ ਕੇ ਪੂਰੇ ਪੰਜਾਬ ਵਿਚ ਹੋਵੇਗਾ।
ਮੁਨੀਸ਼ ਬਾਬਾ ਨੇ ਦੱਸਿਆ ਕਿ ਯੂਨੀਅਨ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਕ ਮੰਗ-ਪੱਤਰ ਭੇਜਿਆ ਗਿਆ ਹੈ ਕਿ ਸਾਰੇ ਵਿਭਾਗਾਂ ਵਿਚ ਚੌਥਾ ਦਰਜਾ ਮੁਲਾਜ਼ਮਾਂ ਦੀ ਨਵੀਂ ਭਰਤੀ ਕੀਤੀ ਜਾਵੇ। ਜਲੰਧਰ ਨਗਰ ਨਿਗਮ ਵਿਚ ਖਾਲੀ ਪਏ ਕਲੈਰੀਕਲ ਅਹੁਦੇ ਜਲਦ ਭਰੇ ਜਾਣ ਕਿਉਂਕਿ ਇਥੇ ਕਲਰਕਾਂ ਦੀ ਗਿਣਤੀ ਘੱਟ ਹੈ ਅਤੇ ਕਰਮਚਾਰੀਆਂ ਦੀ ਗਿਣਤੀ ਜ਼ਿਆਦਾ ਹੈ, ਜਿਸ ਨਾਲ ਪਾਰਦਰਸ਼ਿਤਾ ਨਾਲ ਕੰਮ ਨਹੀਂ ਹੋ ਪਾਉਂਦਾ ਅਤੇ ਸਫਾਈ ਕਰਮਚਾਰੀਆਂ ਨੂੰ ਤਨਖਾਹ ਸਬੰਧੀ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਮੰਗਾਂ ਨੂੰ ਜਲਦ ਨਾ ਮੰਨਿਆ ਗਿਆ ਤਾਂ ਯੂਨੀਅਨ ਵੱਲੋਂ ਸੰਘਰਸ਼ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਮੌਕੇ ਪ੍ਰਧਾਨ ਅਰੁਣ ਕਲਿਆਣ, ਦੇਵਾਨੰਦ ਥਾਪਰ, ਹਰੀਵੰਸ਼ ਸਿੱਧੂ, ਪ੍ਰਦੀਪ ਕੁਮਾਰ, ਕਰਣ ਥਾਪਰ, ਰੋਹਿਤ ਖੋਸਲਾ, ਕ੍ਰਿਸ਼ਨ ਕੁਮਾਰ, ਦਵਿੰਦਰ ਕਾਲੀ, ਪਵਨ ਕੁਮਾਰ, ਰਜਤ ਗਿੱਲ, ਕਿੱਟੂ ਹੰਸ, ਇੰਦਰਜੀਤ, ਮਨੂ ਕੁਮਾਰ, ਸਾਹਿਲ ਕਲਿਆਣ ਆਦਿ ਮੌਜੂਦ ਸਨ।


Aarti dhillon

Content Editor

Related News