ਭਾਖੜਾ ''ਤੇ ਗਣਪਤੀ ਵਿਸਰਜਨ ਕਰਨ ਵਾਲਿਆਂ ਦੀਆਂ ਲੱਗੀਆਂ ਲਾਈਨਾਂ

Monday, Sep 04, 2017 - 07:57 AM (IST)

ਪਟਿਆਲਾ (ਬਲਜਿੰਦਰ) - ਸ਼ਹਿਰ ਵਿਚ ਗਣੇਸ਼ ਉਤਸਵ ਦੀ ਅੱਜ ਧੁੰਮ ਰਹੀ। ਸ਼ਹਿਰ ਵਿਚ ਦਰਜਨਾਂ ਥਾਵਾਂ 'ਤੇ ਸਮਾਗਮਾਂ ਦਾ ਆਯੋਜਨ ਕੀਤਾ ਗਿਆ। ਭਾਖੜਾ ਨਹਿਰ 'ਤੇ ਗਣਪਤੀ ਵਿਸਰਜਨ ਕਰਨ ਵਾਲੇ ਭਗਤਾਂ ਦੀਆਂ ਲੰਮੀਆਂ ਲਾਈਨਾਂ ਦੇਖੀਆਂ ਗਈਆਂ। ਗਣਪਤੀ ਵਿਸਰਜਨ ਨੂੰ ਲੈ ਕੇ ਪ੍ਰਸ਼ਾਸਨ ਅਤੇ ਭੋਲੇ ਸ਼ੰਕਰ ਡਾਈਵਰਜ਼ ਕਲੱਬ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਭਾਖੜਾ ਕੰਢੇ ਲੱਕੜ ਦੀ ਇਕ ਲੰਮੀ ਰੇਲਿੰਗ ਬਣਾਈ ਗਈ ਅਤੇ ਭੋਲੇ ਸ਼ੰਕਰ ਡਾਈਵਰ ਕਲੱਬ ਨੇ ਆਪਣੇ ਗੋਤਾਖੋਰਾਂ ਨੂੰ ਇਥੇ 24 ਘੰਟੇ ਤਾਇਨਾਤ ਰੱਖਿਆ।  
ਰਾਤ ਵੇਲੇ ਗਣਪਤੀ ਵਿਸਰਜਨ ਦੀਆਂ ਤਿਆਰੀਆਂ ਵੱਡੇ ਪੱਧਰ 'ਤੇ ਕੀਤੀਆਂ ਗਈਆਂ। ਭਾਖੜਾ ਪੁਲ 'ਤੇ ਪੂਰੀ ਤਰ੍ਹਾਂ ਲਾਈਟਿੰਗ ਕੀਤੀ ਗਈ। ਸਵੇਰ ਤੋਂ ਹੀ ਵੱਖ-ਵੱਖ ਥਾਵਾਂ ਤੋਂ ਸ਼ੋਭਾ ਯਾਤਰਾਵਾਂ ਨਿਕਲੀਆਂ, ਜਿੱਥੇ ਗਣਪਤੀ ਭਗਤ ਪੂਰੇ ਢੋਲ-ਢਮੱਕੇ ਨਾਲ ਭਾਖੜਾ ਨਹਿਰ ਕੰਢੇ ਪਹੁੰਚੀਆਂ ਅਤੇ ਪੂਰੀ ਸ਼ਰਧਾ ਨਾਲ ਗਣਪਤੀ ਵਿਸਰਜਨ ਕੀਤਾ। ਗਣਪਤੀ ਵਿਸਰਜਨ ਵਿਚ ਪਿਛਲੇ ਕਈ ਦਿਨਾਂ ਤੋਂ ਸ਼ਹਿਰ ਵਿਚ ਧੂਮਧਾਮ ਦੇਖੀ ਜਾ ਰਹੀ ਸੀ। ਅੱਜ ਦਾ ਦਿਨ ਜ਼ਿਆਦਾ ਖਾਸ ਰਿਹਾ ਜਦੋਂ ਗਣਪਤੀ ਭਗਤਾਂ ਨੇ ਵੱਡੀ ਗਿਣਤੀ ਵਿਚ ਆਪਣੇ ਘਰਾਂ 'ਚ ਸਥਾਪਤ ਭਗਵਾਨ ਸ਼੍ਰੀਗਣੇਸ਼ ਜੀ ਦੀ ਮੂਰਤੀ ਦਾ ਵਿਸਰਜਨ ਕੀਤਾ। ਗਣਪਤੀ ਵਿਸਰਜਨ ਦੀ ਜ਼ਿਆਦਾ ਧੁੰਮ ਮੁੰਬਈ ਸਮੇਤ ਪੂਰੇ ਮਹਾਰਾਸ਼ਟਰ ਅਤੇ ਪੱਛਮੀ ਭਾਰਤ ਵਿਚ ਦੇਖੀ ਜਾਂਦੀ ਹੈ। ਪਿਛਲੇ ਕੁੱਝ ਸਾਲਾਂ ਤੋਂ ਪਟਿਆਲਾ ਵਿਚ ਗਣਪਤੀ ਵਿਸਰਜਨ ਵੱਡੀ ਗਿਣਤੀ 'ਚ ਕੀਤੇ ਜਾਂਦੇ ਹਨ ਕਿਉਂਕਿ ਪਟਿਆਲਾ ਨੇੜੇ ਭਾਖੜਾ ਨਹਿਰ ਹੀ ਚਲਦੇ ਪਾਣੀ ਦਾ ਇਕ ਵੱਡਾ ਸਰੋਤ ਹੈ। ਭਗਤਾਂ ਵੱਲੋਂ ਇੱਥੇ ਹੀ ਗਣਪਤੀ ਵਿਸਰਜਨ ਕੀਤਾ ਜਾਂਦਾ ਹੈ।
ਪਟਿਆਲਾ/ਸਨੌਰ, (ਜੋਸਨ)-'ਗਣਪਤੀ ਬੱਪਾ ਮੌਰੀਆ', 'ਮੰਗਲ ਮੂਰਤੀ ਮੌਰੀਆ', 'ਜੈ ਗਣੇਸ਼, ਜੈ ਗਣੇਸ਼ਾ ਦੇਵਾ, ਅਗਲੇ ਸਾਲ ਤੂੰ ਜਲਦੀ ਆ' ਦੇ ਨਾਅਰਿਆਂ ਨਾਲ ਅੱਜ ਸਾਰਾ ਦਿਨ ਕਸਬਾ ਸਨੌਰ ਦੀਆਂ ਗਲੀਆਂ ਗੂੰਜਦੀਆਂ ਰਹੀਆਂ। ਕਸਬਾ ਸਨੌਰ ਦੇ ਮੁਹੱਲਾ ਤੀਆਂ ਵਾਲਾ ਵਿਖੇ ਸਥਿਤ ਸ਼੍ਰੀ ਸਨਾਤਨ ਧਰਮ ਸਭਾ ਅਤੇ ਮਹਾਵੀਰ ਮੰਦਰ ਵਿਖੇ ਚੱਲ ਰਹੇ ਗਣੇਸ਼ ਪੂਜਨ ਦੌਰਾਨ ਦੁਪਹਿਰ ਬਾਅਦ ਸ਼੍ਰੀਗਣੇਸ਼ ਦੀ ਆਰਤੀ ਤੋਂ ਬਾਅਦ ਫੁੱਲਾਂ ਅਤੇ ਗ਼ੁਬਾਰਿਆਂ ਨਾਲ ਸਜੀ ਸੁੰਦਰ ਪਾਲਕੀ ਵਿਚ ਭਗਵਾਨ ਗਣਪਤੀ ਦੀ ਸ਼ੋਭਾ ਯਾਤਰਾ ਕੱਢੀ ਗਈ। ਥਾਂ-ਥਾਂ 'ਤੇ ਲੰਗਰ ਲਾਏ ਹੋਏ ਸਨ। ਭਗਤ ਨਚਦੇ-ਗਾਉਂਦੇ ਹੋਏ ਇਕ-ਦੂਜੇ ਉੱਪਰ ਗੁਲਾਲ ਪਾ ਕੇ ਖੁਸ਼ੀ ਮਨਾ ਰਹੇ ਸਨ। ਇਸ ਤੋਂ ਬਾਅਦ ਗਣਪਤੀ ਦੀ ਮੂਰਤੀ ਨੂੰ ਵਿਸਰਜਨ ਕਰਨ ਲਈ ਭਾਖੜਾ ਨਹਿਰ ਦੇ ਪੁਲ 'ਤੇ ਲਿਜਾਇਆ ਗਿਆ। ਪੂਜਾ-ਅਰਚਨਾ ਤੋਂ ਬਾਅਦ ਜਲ ਪ੍ਰਵਾਹ ਕੀਤਾ ਗਿਆ। ਇਹ ਪ੍ਰੋਗਰਾਮ ਬਾਲ ਮੁਕੰਦ ਦੀ ਦੇਖ-ਰੇਖ ਹੇਠ ਕੀਤਾ ਗਿਆ। ਇਸ ਮੌਕੇ ਪਾਰਸ ਗੋਇਲ, ਹਰੀਸ਼ ਗਰਗ, ਨਰੇਸ਼ ਗੋਇਲ, ਇੰਦਰਜੀਤ ਗਾਂਧੀ, ਅਜੇ ਕੁਮਾਰ, ਸੁਰਿੰਦਰ ਸਿੰਗਲਾ, ਡਾ. ਅਨਿਲ ਰੂਪਰਾਏ, ਵਿਜੇ ਗੋਇਲ ਤੇ ਸਾਕੇਤ ਸ਼ਾਰਧਾ ਆਦਿ ਤੋਂ ਇਲਾਵਾ ਹੋਰ ਵੀ ਸੰਗਤ ਮੌਜੂਦ ਸੀ।
ਸਮਾਣਾ, (ਅਨੇਜਾ)-ਸਿੱਧੀ ਵਿਨਾਇਕ ਗਣੇਸ਼ ਮੰਡਲ ਵੱਲੋਂ ਮਨਾਏ ਜਾ ਰਹੇ 13ਵੇਂ 11 ਦਿਨਾ ਗਣਪਤੀ ਉਤਸਵ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਉਦਯੋਗਪਤੀ ਰਾਜੇਸ਼ ਸ਼ਰਮਾ ਦੁੱਲੜ ਵਾਲੇ ਅਤੇ ਕਾਂਗਰਸ ਦੀ ਜ਼ਿਲਾ ਮਹਿਲਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਵੱਲੋਂ ਸਾਂਝੇ ਤੌਰ 'ਤੇ ਜੋਤੀ ਪ੍ਰਚੰਡ ਕਰਨ ਦੀ ਰਸਮ ਅਦਾ ਕੀਤੀ ਗਈ।
ਇਸ ਮੌਕੇ ਮੈਡਮ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਧਰਮ ਨਾਲ ਜੁੜ ਕੇ ਰਹਿਣ 'ਤੇ ਇਨਸਾਨ ਗਲਤ ਰਾਹਾਂ ਵਲ ਜਾਣ ਤੋਂ ਬਚਦਾ ਹੈ। ਇਸ ਸਮੇਂ ਸੰਸਥਾ ਸਰਪ੍ਰਸਤ ਗੋਪਾਲ ਗਰਗ ਅਤੇ ਪ੍ਰਧਾਨ ਸੁਰਿੰਦਰ ਗਰਗ ਨੇ ਦੱਸਿਆ ਕਿ ਗਣਪਤੀ ਬੱਪਾ ਦੀ ਮੂਰਤੀ 'ਤੇ ਸਿਹਰਾ ਚੜ੍ਹਾਉਣ 'ਤੇ ਵਿਆਹ ਸਬੰਧੀ ਮੰਨਤਾਂ ਤੇ ਵਿਸ਼ੇਸ਼ ਪੂਜਾ ਕਰਨ 'ਤੇ ਕਈਆਂ ਦੀਆਂ ਮੰਨਤਾਂ ਪੂਰੀਆਂ ਹੋਈਆਂ ਹਨ। ਹਿਸਾਰ ਤੋਂ ਪੁੱਜੇ ਸੁਨੀਲ ਅਨਿਲ ਤਿਲਕਧਾਰੀ ਪਾਰਟੀ ਵੱਲੋਂ ਕੱਢੀਆਂ ਗਈਆਂ ਮਨਮੋਹਕ ਝਾਕੀਆਂ ਨੇ ਸਮਾਂ ਬੰਨ੍ਹ ਦਿੱਤਾ।
ਇਸ ਦੌਰਾਨ ਪ੍ਰਿੰਸੀਪਲ ਮੋਹਨ ਲਾਲ ਸ਼ਰਮਾ, ਜਸਵਿੰਦਰ ਰੰਧਾਵਾ, ਉਮਰ ਦਰਾਜ, ਸਕੱਤਰ ਹੈਪੀ ਬਾਂਸਲ, ਕੈਸ਼ੀਅਰ ਸੰਜੂ ਕਕਰਾਲਾ, ਕਰਮਾ ਗੁੱਜਰਾਂ, ਕ੍ਰਿਸ਼ਨ ਵਿੱਕੀ, ਮੰਗਤ ਮਵੀ, ਪ੍ਰਵੀਨ ਗਰਗ, ਸੁਰੇਸ਼ ਘਮੇੜੀ, ਕੁਲਬੀਰ ਸਿੰਗਲਾ, ਸੰਜੇ ਟ੍ਰਾਂਸਪੋਰਟਰ, ਬਿੱਟੂ ਧਨੇਠਾ, ਮਨੂੰ ਸ਼ਰਮਾ, ਨਸੀਬ ਚੰਦ ਗਰਗ, ਖੇਮ ਚੰਦ ਬਿੱਲਾ, ਰਾਜੂ ਛਾਬੜਾ, ਵਿੱਕੀ ਡਾਂਗ, ਪ੍ਰੇਮ ਧਵਨ, ਵਿਪਨ ਗਰਗ, ਕਰਨ ਗਰਗ, ਵਿੱਕੀ ਬਾਂਸਲ, ਦੇਵਕੀ ਨੰਦਨ, ਅਵਿਨਾਸ਼ ਅਤੇ ਡਾ. ਲਛਮਣ ਦਾਸ ਸੇਵਕ ਆਦਿ ਮੌਜੂਦ ਸਨ।
ਭਾਦਸੋਂ, (ਅਵਤਾਰ)-ਸ਼੍ਰੀ ਸੀਤਲਾ ਮਾਤਾ ਮੰਦਰ ਕਮੇਟੀ ਭਾਦਸੋਂ ਵੱਲੋਂ ਗਣੇਸ਼ ਉਤਸਵ ਬੜੀ ਹੀ ਸ਼ਰਧਾ-ਪੂਰਵਕ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਸ਼੍ਰੀ ਹਰੀਹਰ ਮੰਦਰ ਕਮੇਟੀ ਅਤੇ ਸ਼੍ਰੀ ਦੁਰਗਾ ਮੰਦਰ ਕਮੇਟੀ ਵੱਲੋਂ ਪੂਜਾ-ਅਰਚਨਾ ਕੀਤੀ ਗਈ। ਪ੍ਰਧਾਨ ਹੇਮ ਰਾਜ ਕਾਲਾ ਨੇ ਦੱਸਿਆ ਕਿ 4 ਸਤੰਬਰ ਨੂੰ ਸ਼ਹਿਰ ਵਿਚ ਸ਼੍ਰੀਗਣੇਸ਼ ਜੀ ਦੀ ਸ਼ੋਭਾ ਯਾਤਰਾ ਸਜਾਈ ਜਾਵੇਗੀ। ਉਪਰੰਤ ਮੂਰਤੀ ਵਿਸਰਜਨ ਕੀਤਾ ਜਾਵੇਗਾ।
ਅੱਜ ਪੂਜਾ ਮੌਕੇ ਸੁਦਰਸ਼ਨ ਗੁਪਤਾ ਪ੍ਰਧਾਨ ਹਰੀਹਰ ਮੰਦਰ ਕਮੇਟੀ, ਸੰਜੀਵ ਲੇਖੀ, ਡਾ. ਪ੍ਰਦੀਪ ਕੁੰਦਰਾ, ਪ੍ਰਧਾਨ ਹੇਮ ਰਾਜ ਕਾਲਾ, ਆਸ਼ੀਸ਼ ਸਿੰਗਲਾ, ਸੁਖਜੀਵਨ ਭੋਲਾ, ਸਰਜੀਵਨ ਜਿੰਦਲ, ਬਲਵੀਰ ਸ਼ਰਮਾ, ਹਿਮਾਂਸ਼ੂ ਜੈਨ, ਸ਼ਿਵ ਕੁਮਾਰ ਗੁਪਤਾ, ਮਨੀਸ਼ ਨੰਦਾ, ਰੁਪਿੰਦਰ ਰੋਮੀ, ਅਨਿਲ ਥੌਰ ਅਤੇ ਗਗਨਦੀਪ ਖਾਂ ਵੀ ਹਾਜ਼ਰ ਸਨ।


Related News