ਪੰਜਾਬ ''ਚ ਵੱਡੀ ਵਾਰਦਾਤ ਕਰਨ ਦੀ ਤਿਆਰੀ ''ਚ ਸੀ ਬਦਮਾਸ਼ ਵਿਕਰਮਜੀਤ ਸਿੰਘ!

09/30/2019 12:20:01 PM

ਕਪੂਰਥਲਾ (ਭੂਸ਼ਣ)— ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲਿਆਂ 'ਚ ਵੱਡੀ ਗਿਣਤੀ 'ਚ ਅਪਰਾਧਾਂ ਨੂੰ ਅੰਜਾਮ ਦੇ ਕੇ ਭਾਰੀ ਦਹਿਸ਼ਤ ਫੈਲਾਉਣ ਵਾਲੇ ਗੈਂਗਸਟਰ ਵਿਕਰਮਜੀਤ ਸਿੰਘ ਪੰਜਾਬ ਦੇ ਮਾਝਾ ਖੇਤਰ 'ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ 'ਚ ਸੀ। ਵਿਕਰਮ ਪਿਛਲੇ 2 ਮਹੀਨੇ ਤੋਂ ਕਪੂਰਥਲਾ ਸ਼ਹਿਰ ਦੇ ਅਜੀਤ ਨਗਰ ਖੇਤਰ 'ਚ ਨਕਲੀ ਪਛਾਣ ਪੱਤਰ ਬਣਾ ਕੇ ਕਿਰਾਏ ਦੇ ਮਕਾਨ 'ਚ ਰਰਿ ਰਿਹਾ ਸੀ। ਨਵੀਂ ਦਿੱਲੀ ਤੋਂ ਆਧਾਰ ਕਾਰਡ ਬਣਾ ਕੇ ਕਿਰਾਏ 'ਤੇ ਮਕਾਨ ਲੈਣ ਵਾਲੇ ਗੈਂਗਸਟਰ ਵਿਕਰਮਜੀਤ ਸਿੰਘ ਉਰਫ ਵਿੱਕੀ ਉਰਫ ਵਰਲਡ ਨੇ ਖੁਦ ਨੂੰ ਬਿਜ਼ਨੈਸਮੇਨ ਦੱਸ ਕੇ ਮਕਾਨ ਲਿਆ ਸੀ। ਜਿਸ ਦਾ ਖੁਲਾਸਾ ਮੁਲਜ਼ਮ ਤੋਂ ਕੀਤੀ ਗਈ ਲੰਬੀ ਪੁੱਛਗਿੱਛ ਦੌਰਾਨ ਹੋਇਆ ਹੈ।

ਗੌਰ ਹੋਵੇ ਕਿ ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ ਐੱਸ. ਐੱਚ. ਓ. ਇੰਸ. ਗੁਰਦਿਆਲ ਸਿੰਘ ਦੀ ਅਗਵਾਈ 'ਚ ਨਾਕਾਬੰਦੀ ਦੌਰਾਨ ਅੰਮ੍ਰਿਤਸਰ ਨਾਲ ਸਬੰਧਤ ਖਤਰਨਾਕ ਬਦਮਾਸ਼ ਵਿਕਰਮਜੀਤ ਸਿੰਘ ਉਰਫ ਵਿੱਕੀ ਅਤੇ ਉਸ ਦੇ ਕਪੂਰਥਲਾ ਵਾਸੀ ਸਾਥੀ ਗੁਰਪ੍ਰੀਤ ਸਿੰੰਘ ਨੂੰ ਗ੍ਰਿਫਤਾਰ ਕਰ ਲਿਆ ਸੀ। ਮੁਲਜ਼ਮ ਗੈਂਗਸਟਰ ਵਿਕਰਮਜੀਤ ਸਿੰਘ ਉਰਫ ਵਿੱਕੀ ਉਰਫ ਵਰਲਡ ਦੀ ਨਿਸ਼ਾਨਦੇਹੀ 'ਤੇ ਪੁਲਸ ਨੇ ਇਕ ਨਾਜਾਇਜ਼ ਪਿਸਤੌਲ ਅਤੇ 50 ਨਸ਼ੀਲੇ ਇੰਜੈਕਸ਼ਨ ਬਰਾਮਦ ਕੀਤੇ ਸਨ। ਐਤਵਾਰ ਨੂੰ ਮੁਲਜ਼ਮ ਗੈਂਗਸਟਰ ਵਿਕਰਮਜੀਤ ਸਿੰਘ ਉਰਫ ਵਿੱਕੀ ਉਰਫ ਵਰਲਡ ਨੇ ਪੁਲਸ ਪੁੱਛਗਿੱਛ ਦੌਰਾਨ ਕਈ ਸਨਸਨੀਖੇਜ਼ ਖੁਲਾਸੇ ਕੀਤੇ। ਦੱਸਿਆ ਜਾਂਦਾ ਹੈ ਕਿ ਮੁਲਜ਼ਮ ਪਿਛਲੇ 2 ਮਹੀਨੇ ਤੋਂ ਪੁਲਸ ਤੋਂ ਬਚਣ ਦੇ ਮਕਸਦ ਨਾਲ ਕਪੂਰਥਲਾ ਸ਼ਹਿਰ ਦੇ ਅਜੀਤ ਨਗਰ ਖੇਤਰ 'ਚ ਕਿਰਾਏ ਦੇ ਮਕਾਨ 'ਚ ਰਹਿ ਰਿਹਾ ਸੀ। ਉਕਤ ਬਦਮਾਸ਼ ਨੇ ਨਵੀਂ ਦਿੱਲੀ ਤੋਂ ਆਧਾਰ ਕਾਰਡ ਤਿਆਰ ਕਰਵਾਉਣ ਦੇ ਨਾਲ-ਨਾਲ ਜਾਅਲੀ ਦਸਤਾਵੇਜ਼ ਬਣਵਾਏ ਸੀ ਅਤੇ ਮੁਲਜ਼ਮ ਖੁੱਦ ਨੂੰ ਕਾਰੋਬਾਰੀ ਦੱਸ ਕੇ ਕਪੂਰਥਲਾ ਸ਼ਹਿਰ ਵਿਚ ਘੁੰਮ ਰਿਹਾ ਸੀ। ਪੁਲਸ ਪੁਛਗਿਛ ਦੌਰਾਨ ਖੁਲਾਸਾ ਹੋਇਆ ਕਿ ਮੁਲਜ਼ਮ ਨਾਲ ਫੜਿਆ ਗਿਆ ਉਸ ਦਾ ਸਾਥੀ ਕਪੂਰਥਲਾ 'ਚ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ। ਜਿਸ ਨੂੰ ਪਹਿਲੇ ਮੁਲਜ਼ਮ ਗੈਂਗਸਟਰ ਇਕ ਹਜ਼ਾਰ ਰੁਪਏ ਦੀ ਦਿਹਾੜੀ ਦੇ ਕੇ ਆਪਣੇ ਨਾਲ ਟੈਕਸੀ ਚਲਾਉਣ ਲਈ ਦੂਜੇ ਸ਼ਹਿਰਾਂ 'ਚ ਆਪਣੇ ਨਾਲ ਲੈ ਜਾਂਦਾ ਸੀ। ਬਾਅਦ 'ਚ ਮੁਲਜ਼ਮ ਨੇ ਉਸ ਨੂੰ ਲਾਲਚ ਦੇ ਕੇ ਆਪਣੇ ਨਾਲ ਮਿਲਾ ਲਿਆ।

ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਬਦਮਾਸ਼ ਨੇ ਗੈਂਗਸਟਰ ਸ਼ੁਭਮ ਅਤੇ ਸਾਹਿਲ ਨੂੰ ਪੁਲਸ ਦੀ ਹਿਰਾਸਤ ਤੋਂ ਛੁਡਵਾਉਣ ਦੇ ਬਾਅਦ ਪੁਲਸ ਤੋਂ ਬਚਣ ਲਈ ਕਈ ਥਾਵਾਂ 'ਤੇ ਪਨਾਹ ਲਈ ਸੀ। ਜਿਸ ਤੋਂ ਬਾਅਦ ਉਸ ਨੇ ਆਖਿਰਕਾਰ ਕਪੂਰਥਲਾ ਸ਼ਹਿਰ 'ਚ ਰਹਿਣ ਦਾ ਫੈਸਲਾ ਕਰ ਲਿਆ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਮੁਲਜ਼ਮ ਬਰਾਮਦ ਪਿਸਤੌਲ ਦੀ ਮਦਦ ਨਾਲ ਆਉਣ ਵਾਲੇ ਦਿਨਾਂ 'ਚ ਮਾਝਾ ਖੇਤਰ 'ਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ 'ਚ ਲੱਗਿਆ ਹੋਇਆ ਸੀ। ਜਿਸ ਲਈ ਉਹ ਆਪਣੇ ਗੈਂਗਸਟਰ ਸਾਥੀਆਂ ਦੇ ਸੰਪਰਕ 'ਚ ਸੀ। ਜਿਨ੍ਹਾਂ ਨਾਲ ਉਹ ਸੂਬੇ ਦੇ ਦੂਜੇ ਸ਼ਹਿਰਾਂ 'ਚ ਮਿਲਦਾ ਸੀ ਪਰ ਥਾਣਾ ਸਦਰ ਕਪੂਰਥਲਾ ਦੀ ਪੁਲਸ ਵੱਲੋਂ ਉਕਤ ਗੈਂਗਸਟਰ ਨੂੰ ਗ੍ਰਿਫਤਾਰ ਕਰਕੇ ਇਸ ਪੂਰੀ ਸਾਜ਼ਿਸ਼ ਨੂੰ ਬੇਨਕਾਬ ਕਰ ਦਿੱਤਾ ਗਿਆ।

2 ਦਿਨ ਦੇ ਪੁਲਸ ਰਿਮਾਂਡ 'ਤੇ ਭੇਜਿਆ ਮੁਲਜ਼ਮ
ਥਾਣਾ ਸਦਰ ਕਪੂਰਥਲਾ ਦੀ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਬਦਮਾਸ਼ ਵਿਕਰਮਜੀਤ ਸਿੰਘ ਉਰਫ ਵਿੱਕੀ ਉਰਫ ਵਰਲਡ ਅਤੇ ਉਸ ਦੇ ਸਾਥੀ ਗੁਰਪ੍ਰੀਤ ਸਿੰਘ ਨੂੰ ਥਾਣਾ ਸਦਰ ਕਪੂਰਥਲਾ ਦੇ ਐੱਸ. ਐੱਚ. ਓ. ਇੰਸਪੈਕਟਰ ਗੁਰਦਿਆਲ ਸਿੰਘ ਦੀ ਅਗਵਾਈ ਵਿਚ ਸਦਰ ਪੁਲਸ ਨੇ ਅਦਾਲਤ 'ਚ ਪੇਸ਼ ਕੀਤਾ। ਜਿੱਥੇ ਅਦਾਲਤ ਨੇ ਮੁਲਜ਼ਮ ਨੂੰ 2 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ।

PunjabKesari

ਕੀ ਕਹਿੰਦੇ ਹਨ ਐੱਸ. ਐੱਸ. ਪੀ.
ਇਸ ਸਬੰਧ 'ਚ ਜਦੋਂ ਐੱਸ. ਐੱਸ. ਪੀ. ਸਤਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੁਲਜ਼ਮ ਗੈਂਗਸਟਰ ਵਿਕਰਮਜੀਤ ਸਿੰਘ ਉਰਫ ਵਿੱਕੀ ਉਰਫ ਵਰਲਡ ਤੋਂ ਪੁਛਗਿਛ ਦੌਰਾਨ ਕਈ ਸਨਸਨੀਖੇਜ਼ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਸ ਨਾਲ ਜੁੜੇ ਹੋਰ ਵੀ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।


shivani attri

Content Editor

Related News