ਗੈਂਗਸਟਰ ਭਗਵਾਨਪੁਰੀਆ ਦੇ ਇਸ਼ਾਰੇ ''ਤੇ ਹੈਰੋਇਨ ਸਪਲਾਈ ਕਰਦੇ ਸਨ ਰਣਜੀਤ ਤੇ ਗੁਰਸੇਵਕ

04/18/2018 3:55:51 AM

ਅੰਮ੍ਰਿਤਸਰ,  (ਅਰੁਣ)-  ਬੀਤੇ ਕੱਲ ਹਵਾਈ ਅੱਡੇ ਨੇੜੇ ਪੈਂਦੇ ਪਿੰਡ ਹੇਰ ਕੋਲੋਂ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਗ੍ਰਿਫਤਾਰ ਕੀਤੇ ਗਏ 2 ਹੈਰੋਇਨ ਸਮੱਗਲਰਾਂ ਜਿਨ੍ਹਾਂ 'ਚ ਪੁਲਸ ਦਾ ਇਕ ਸਸਪੈਂਡ ਥਾਣੇਦਾਰ ਵੀ ਸ਼ਾਮਲ ਹੈ, ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ। 35 ਕਰੋੜ ਦੀ ਲਾਗਤ ਵਾਲੀ ਬਰਾਮਦ 7 ਕਿਲੋ ਹੈਰੋਇਨ ਸਬੰਧੀ ਪ੍ਰੈੱਸ ਮਿਲਣੀ ਦੌਰਾਨ ਖੁਲਾਸਾ ਕਰਦਿਆਂ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੇ ਏ. ਆਈ. ਜੀ. ਅਮਰਜੀਤ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਰਣਜੀਤ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਮੋਦੇ ਤੇ ਗੁਰਸੇਵਕ ਸਿੰਘ ਪੁੱਤਰ ਰਣਜੀਤ ਵਾਸੀ ਜਸਰਾਊਰ ਪੁਰਾਣੇ ਪੇਸ਼ੇਵਰ ਹੈਰੋਇਨ ਸਮੱਗਲਰ ਹਨ।  ਏ. ਆਈ. ਜੀ. ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਇਹ ਮੁਲਜ਼ਮ ਹੁਸ਼ਿਆਰਪੁਰ ਜੇਲ 'ਚ ਬੰਦ ਖਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਵੱਲੋਂ ਚਲਾਏ ਜਾ ਰਹੇ ਨੈੱਟਵਰਕ 'ਚ ਰਹਿੰਦੇ ਹੈਰੋਇਨ ਦੀ ਸਪਲਾਈ ਕਰ ਰਹੇ ਸਨ। ਮੁਲਜ਼ਮ ਰਣਜੀਤ ਸਿੰਘ ਜੋ ਸਾਲ 2015 'ਚ ਅੱਧਾ ਕਿਲੋ ਹੈਰੋਇਨ ਸਮੇਤ ਫੜਿਆ ਗਿਆ ਸੀ, ਦੇ ਮਾਮਲੇ 'ਚ ਜ਼ਮਾਨਤ 'ਤੇ ਰਿਹਾਅ ਹੋ ਕੇ ਆਇਆ ਸੀ। ਉਨ੍ਹਾਂ ਦੱਸਿਆ ਕਿ ਰਣਜੀਤ ਸਿੰਘ ਸਾਲ 2012 ਵਿਚ ਡੀ. ਆਰ. ਆਈ. ਵੱਲੋਂ ਬਰਾਮਦ ਕੀਤੀ 23 ਕਿਲੋ ਹੈਰੋਇਨ ਜਿਸ ਵਿਚ ਕਸਟਮ ਵਿਭਾਗ ਦਾ ਇਕ ਅਧਿਕਾਰੀ ਵੀ ਸ਼ਾਮਲ ਸੀ, ਦੇ ਮਾਮਲੇ 'ਚ ਡੀ. ਆਰ. ਆਈ. ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ।  ਪਾਕਿ ਬੈਠੇ ਹੈਰੋਇਨ ਸਮੱਗਲਰਾਂ ਨਾਲ ਨੇੜਲੇ ਸਬੰਧ ਕਾਇਮ ਕਰਨ ਮਗਰੋਂ ਉਹ ਪਿਛਲੇ ਲੰਬੇ ਸਮੇਂ ਤੋਂ ਹੈਰੋਇਨ ਦੀ ਸਮੱਗਲਿੰਗ ਕਰਦਾ ਆ ਰਿਹਾ ਸੀ। ਬੀਤੇ ਕੱਲ ਇਨ੍ਹਾਂ ਦੋਵਾਂ ਸਮੱਗਲਰਾਂ ਨੂੰ 7 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕਰ ਕੇ ਥਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪੁਲਸ ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕਰ ਕੇ ਗਿਰੋਹ ਨਾਲ ਜੁੜੇ ਹੋਰ ਮੈਂਬਰਾਂ ਦੀ ਗ੍ਰਿਫਤਾਰੀ ਨੂੰ ਯਕੀਨੀ ਬਣਾਇਆ ਜਾਵੇਗਾ।


Related News