ਗੈਂਗਸਟਰ ਸੰਨੀ ਸੱਪ ਤੇ ਉਸ ਦੇ 3 ਸਾਥੀਆਂ ਨੂੰ ਹੋਈ ਉਮਰ ਕੈਦ ਦੀ ਸਜ਼ਾ

08/02/2018 7:12:49 AM

ਜਲੰਧਰ, (ਜਤਿੰਦਰ, ਭਾਰਦਵਾਜ)- ਐਡੀਸ਼ਨਲ ਸ਼ੈਸ਼ਨ ਜੱਜ ਕਰੁਨੇਸ਼ ਕੁਮਾਰ ਦੀ ਅਦਾਲਤ ਵੱਲੋਂ  ਮਨਵੀਰ ਸਿੰਘ ਵਾਸੀ ਦੌਲਤਪੁਰ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰਨ ਦੇ ਮਾਮਲੇ ਵਿਚ  ਗੈਂਗਸਟਰ ਸੁਰਿੰਦਰ ਪਾਲ ਸੰਨੀ ਉਰਫ ਸੱਪ ਵਾਸੀ ਲੰਮਾ ਪਿੰਡ, ਪ੍ਰਦੀਪ ਕੁਮਾਰ ਉਰਫ ਦੀਪੂ  ਵਾਸੀ ਅਲਾਵਲਪੁਰ, ਗੋਪਾਲ ਸਿੰਘ ਉਰਫ ਗੋਪੀ ਵਾਸੀ ਆਦਮਪੁਰ ਅਤੇ ਨਵੀਨ ਸੈਣੀ ਉਰਫ ਚਿੰਟੂ  ਵਾਸੀ ਨਿਊ ਹਰਿਗੋਬਿੰਦ ਨਗਰ ਜਲੰਧਰ ਨੂੰ ਮੁਦਈ ਦੇ ਵਕੀਲ ਨਵਤੇਜ ਸਿੰਘ ਮਿਨਹਾਸ ਦੀਆਂ  ਦਲੀਲਾਂ ਨਾਲ ਸਹਿਮਤ ਹੁੰਦਿਆਂ ਦੋਸ਼ੀ ਕਰਾਰ ਦਿੰਦੇ ਹੋਏ ਮੁਲਜ਼ਮਾਂ ਨੂੰ ਉਮਰ ਕੈਦ ਅਤੇ  11-11 ਹਜ਼ਾਰ ਰੁਪਏ ਜੁਰਮਾਨਾ, ਜੁਰਮਾਨਾ ਨਾ ਦੇਣ ’ਤੇ ਇਕ-ਇਕ ਸਾਲ ਦੀ ਹੋਰ ਕੈਦ ਦੀ ਸਜ਼ਾ  ਦਾ ਹੁਕਮ ਸੁਣਾਇਆ।
ਇਸ ਮਾਮਲੇ ਵਿਚ 27.11.12 ਨੂੰ ਉਂਕਾਰ ਸਿੰਘ ਵਾਸੀ ਦੌਲਤਪੁਰ  ਨੇ ਥਾਣਾ ਭੋਗਪੁਰ ਵਿਚ ਰਿਪੋਰਟ ਦਰਜ ਕਰਵਾਈ ਸੀ ਕਿ ਮੈਂ ਆਪਣੇ ਛੋਟੇ ਭਰਾ ਮਨਵੀਰ ਸਿੰਘ  ਉਰਫ ਜ਼ੋਰਾ ਨਾਲ ਵਾਲਾਂ ਦੀ ਕਟਿੰਗ ਕਰਾ ਕੇ ਵਾਪਸ ਘਰ ਆ ਰਿਹਾ ਸੀ ਕਿ ਕਿਸ਼ਨਗੜ੍ਹ ਨੇੜੇ ਮੇਰਾ ਭਰਾ ਮੇਰੇ ਤੋਂ ਅੱਗੇ ਜਾ ਰਿਹਾ ਸੀ ਕਿ ਅਚਾਨਕ 2 ਕਾਰਾਂ ਵਿਚ 18 ਤੋਂ 22  ਤੇਜ਼ਧਾਰ ਹਥਿਆਰਾਂ ਨਾਲ ਲੈਸ ਨੌਜਵਾਨ ਜਿਨ੍ਹਾਂ ਵਿਚ ਸੁਰਿੰਦਰ ਪਾਲ ਸੰਨੀ ਉਰਫ ਸੱਪ, ਪ੍ਰਦੀਪ  ਕੁਮਾਰ ਉਰਫ ਦੀਪੂ, ਗੋਪਾਲ ਸਿੰਘ ਉਰਫ ਗੋਪੀ, ਨਵੀਨ ਸੈਣੀ ਉਰਫ ਚਿੰਟੂ ਆਦਿ ਆਏ ਅਤੇ ਮੇਰੇ ਭਰਾ ਮਨਵੀਰ ’ਤੇ ਤਲਵਾਰਾਂ ਤੇ ਦਾਤਰ  ਨਾਲ ਜ਼ਖਮੀ  ਕਰ  ਕੇ  ਫਰਾਰ ਹੋ ਗਏ। ਮੈਂ ਮਨਵੀਰ  ਨੂੰ ਜ਼ਖਮੀ ਹਾਲਤ ਵਿਚ ਅਲਾਵਲਪੁਰ ਦੇ  ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ, ਜਿਥੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ  ਜਲੰਧਰ ਦੇ ਹਸਪਤਾਲ ਲਿਜਾਣ ਲਈ ਰੈਫਰ ਕੀਤਾ ਜਿਸ ’ਤੇ ਅਸੀਂ ਉਸ ਨੂੰ ਇਕ ਨਿੱਜੀ ਹਸਪਤਾਲ  ਵਿਚ ਦਾਖਲ ਕਰਵਾਇਆ, ਜਿਥੇ ਇਲਾਜ ਦੌਰਾਨ ਕੁਝ ਸਮੇਂ ਬਾਅਦ ਮਨਵੀਰ ਸਿੰਘ ਦੀ ਮੌਤ ਹੋ  ਗਈ। ਵਕੀਲ ਨਵਤੇਜ ਸਿੰਘ ਮਿਨਹਾਸ ਨੇ ਦੱਸਿਆ ਕਿ ਰੰਜਿਸ਼ ਕਾਰਨ ਸੁਰਿੰਦਰਪਾਲ ਉਰਫ ਸੰਨੀ ਉਰਫ ਸੱਪ ਗੈਂਗ ਦੀ ਸ਼ੇਰੂ ਗੈਂਗ ਨਾਲ ਲੜਾਈ ਹੁੰਦੀ ਰਹਿੰਦੀ ਸੀ। ਇਸੇ ਕਾਰਨ ਹੀ ਮਨਵੀਰ ਉਰਫ ਜ਼ੋਰਾ ਦੀ ਹੱਤਿਆ ਹੋਈ  ਸੀ।
 


Related News