ਸੰਗਰੂਰ 'ਚ ਪੁਲਸ ਵਲੋਂ ਐਨਕਾਊਂਟਰ, ਖਤਰਨਾਕ ਗੈਂਗਸਟਰ ਗ੍ਰਿਫਤਾਰ

Friday, Nov 10, 2017 - 08:25 PM (IST)

ਸੰਗਰੂਰ (ਬੇਦੀ) : ਲੌਂਗੋਵਾਲ ਪੁਲਸ ਨੇ ਅਕਾਲੀ ਸਰਪੰਚ ਦੇ ਪਤੀ ਮਾਸਟਰ ਹਰਕੀਰਤ ਸਿੰਘ ਦੇ ਕਤਲ ਕੇਸ 'ਚ ਲੌਂੜੀਦੇ 2 ਗੈਂਗਸਟਰ ਸਮੇਤ 3 ਗੈਂਗਸਟਰਾਂ ਨੂੰ ਮੁਕਾਬਲੇ ਤੋਂ ਬਾਅਦ ਭਾਰੀ ਅਸਲੇ ਸਣੇ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 30-10-17 ਮਾਸਟਰ ਹਰਕੀਰਤ ਸਿੰਘ ਦੇ ਕਤਲ ਦਾ ਮਾਮਲਾ ਥਾਣਾ ਸੰਦੌੜ ਵਿਖੇ ਦਰਜ ਹੋਇਆ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜ਼ਿਲਾ ਪੁਲਸ ਨੇ ਵੱਖ-ਵੱਖ ਟੀਮਾਂ ਬਣਾ ਕੇ ਲੁਕਣਗਾਂਹਾਂ 'ਤੇ ਛਾਪੇਮਾਰੀ ਕੀਤੀ ਜਿਸ ਦੇ ਸਿੱਟੇ ਵਜੋਂ ਅੱਜ ਥਾਣਾ ਲੌਂਗੋਵਾਲ ਦੇ ਮੁੱਖ ਅਫ਼ਸਰ ਇੰਸਪੈਕਟਰ ਵਿਜੇ ਕੁਮਾਰ ਸਮੇਤ ਪੁਲਸ ਪਾਰਟੀ ਖੁਫ਼ੀਆ ਇਤਲਾਹ 'ਤੇ ਮੰਡੇਰ ਕਲਾਂ ਤੋਂ ਲੌਂਗੋਵਾਲ ਨੂੰ ਆਉਂਦੇ ਰਾਹ 'ਤੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਦੌਰਾਨੇ ਨਾਕਾਬੰਦੀ ਇਕ ਸਵਿਫਟ ਕਾਰ ਡਿਜ਼ਾਇਰ ਰੰਗ ਚਿੱਟਾ ਵਿਚ ਸਵਾਰ ਤਿੰਨ ਨੌਜਵਾਨਾਂ ਨੇ ਪੁਲਸ ਪਾਰਟੀ ਦੀ ਸਕਾਰਪਿਓ ਗੱਡੀ ਵਿਚ ਗੱਡੀ ਮਾਰੀ ਤੇ ਪੁਲਸ 'ਤੇ 2 ਫਾਇਰ ਵੀ ਕੀਤੇ। ਇਸ ਦੌਰਾਨ ਪੁਲਸ ਵੱਲੋਂ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ 3 ਗੈਂਗਸਟਰ ਹਰਪ੍ਰੀਤ ਸਿੰਘ ਉਰਫ਼ ਹੈਪੀ ਪੁੱਤਰ ਹਰਦੇਵ ਸਿੰਘ, ਗੁਰਦਰਸ਼ਨ ਸਿੰਘ ਉਰਫ਼ ਦਰਸ਼ਨ ਪੁੱਤਰ ਨਾਇਬ ਸਿੰਘ ਵਾਸੀ ਮੁਬਾਰਕਪੁਰ ਚੁੰਗਾਂ ਥਾਣਾ ਸੰਦੌੜ ਅਤੇ ਮਨਦੀਪ ਸਿੰਘ ਉਰਫ਼ ਸੋਨੀ ਪੁੱਤਰ ਗੁਰਮੀਤ ਸਿੰਘ ਵਾਸੀ ਬੁੱਗਰਾਂ ਨੂੰ ਮੌਕੇ 'ਤੇ ਕਾਬੂ ਕਰ ਲਿਆ। ਦੋਸ਼ੀਆਂ ਤੋਂ 1 ਡਬਲ ਬੈਰਲ ਗੰਨ, 2 ਪਿਸਟਲ ਬਰਾਮਦ ਕਰਕੇ ਇਸ ਸਬੰਧੀ ਮਾਮਲਾ ਥਾਣਾ ਲੌਂਗੋਵਾਲ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
ਪੁੱਛ-ਗਿੱਛ ਦੌਰਾਨ ਕਬੂਲਿਆ ਮਾਸਟਰ ਹਰਕੀਤਰ ਸਿੰਘ ਦਾ ਕਤਲ
ਕਾਬੂ ਕੀਤੇ ਗੈਂਗਸਟਰਾਂ ਨੇ ਦੌਰਾਨੇ ਪੁੱਛਗਿੱਛ ਮੰਨਿਆ ਕਿ ਮਿਤੀ 30-10-17 ਨੂੰ ਪਿੰਡ ਮੁਬਾਰਕ ਚੁੰੰਗਾਂ ਵਿਖੇ ਕਥਿਤ ਦੋਸ਼ੀ ਹਰਪ੍ਰੀਤ ਸਿੰਘ ਉਰਫ਼  ਹੈਪੀ ਪੁੱਤਰ ਹਰਦੇਵ ਸਿੰਘ ਵਾਸੀ ਮੁਬਾਰਕਪੁਰ ਚੁੰਗਾਂ ਅਤੇ ਉਸਦੇ ਸਾਥੀ ਗੁਰਦਰਸ਼ਨ ਸਿੰਘ ਉਰਫ਼ ਦਰਸ਼ਨ ਪੱਤਰ ਨਾਇਬ ਸਿੰਘ ਵਾਸੀ ਮੁਬਾਰਕਪੁਰ  ਚੁੰਗਾਂ ਨਾਲ ਮਿਲ ਕੇ 12 ਬੋਰ ਬੰਦੂਕ ਨਾਲ ਗੋਲੀਆਂ ਚਲਾ ਕੇ ਪਿੰਡ ਬੁਰਜ ਜਾਂਦੇ ਹੋਏ ਮੌਜੂਦਾ ਪਿੰਡ ਮੁਬਾਰਕਪੁਰ ਚੁੰਗਾਂ ਦੀ ਅਕਾਲੀ ਸਰਪੰਚ ਦੇ ਪਤੀ ਮਾਸਟਰ ਹਰਕੀਰਤ ਸਿੰਘ ਪੁੱਤਰ ਲਾਲ ਸਿੰਘ ਦਾ ਕਤਲ ਕਰਕੇ ਫਰਾਰ ਹੋ ਗਏ ਸਨ।
ਕਿਰਾਏ 'ਤੇ ਕਰਕੇ ਖੋਹੀ ਸਵਿਫਟ ਡਿਜਾਇਰ
ਉਕਤ ਗੈਂਗਸਟਰਾਂ ਨੇ 4 ਨੰਬਰ ਨੂੰ ਸ਼ੇਰਪੁਰ ਤੋਂ ਸਵਿਫਟ ਡਿਜ਼ਾਇਰ ਕਾਰ ਰੰਗ ਚਿੱਟਾ ਟੈਕਸੀ ਕਰਕੇ ਕਾਰ ਖੋਹ ਲਈ ਸੀ ਜੋ ਧਨੌਲਾ ਤੋਂ ਹਾਇਰ ਕੀਤੀ  ਗਈ ਜਿਸ ਸਬੰਧੀ ਮਾਮਲਾ ਸ਼ੇਰਪੁਰ ਵਿਖੇ ਦਰਜ ਹੈ।
ਇਕ ਕਤਲ ਹੋਰ ਮੰਨਿਆ ਤੇ ਦੋ ਦੀ ਸੀ ਤਿਆਰੀ
ਉਕਤ ਗੈਂਗਸਟਰਾਂ ਨੇ ਖੋਹੀ ਹੋਈ ਕਾਰ 'ਚ ਸਵਾਰ ਹੋ ਕੇ 7 ਨਵੰਬਰ ਨੂੰ ਪਿੰਡ ਫਫੜੇ ਭਾਈਕੇ ਥਾਣਾ ਭੀਖੀ ਜ਼ਿਲਾ ਮਾਨਸਾ ਵਿਖੇ ਸੁਖਦੀਪ ਖਾਨ ਪੁੱਤਰ  ਬੁੱਧੂ ਖਾਨ ਨਾਮ ਦੇ ਵਿਅਕਤੀ ਦੇ ਕਤਲ ਕਰ ਦਿੱਤਾ ਸੀ ਜਿਸ ਸਬੰਧੀ ਮੁਕੱਦਮਾ ਥਾਣਾ ਭੀਖੀ ਮਾਨਸਾ ਵਿਖੇ ਬਰਖਿਲਾਫ਼ ਨਾਮਲੂਮ ਦੋਸ਼ੀਆਂ ਖਿਲਾਫ ਦਰਜ ਹੋਇਆ ਹੈ। ਤਿੰਨਾਂ ਨੇ ਮਿਲ ਕੇ ਬਲਵੰਤ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਮੁਬਾਰਕਪੁਰ ਚੁੰਘਾਂ 'ਤੇ ਜਾਨਲੇਵਾ ਹਮਲਾ ਕੀਤਾ ਜਿਸ ਸਬੰਧੀ ਥਾਣਾ ਸੰਦੌੜ 'ਚ ਮਾਮਲਾ ਦਰਜ ਹੈ। ਕਥਿਤ ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਹੋਰ ਮੰਨਿਆ ਕਿ ਦੋ ਹੋਰ ਵਿਅਕਤੀ ਦੇ ਕਤਲ ਕਰਨੇ ਸਨ। ਪੁਲਸ ਵੱਲੋਂ ਡੂੰਘਾਈ ਨਾਲ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।


Related News