ਅੰਮ੍ਰਿਤਪਾਲ ਸਿੰਘ ਦੇ ਡੇਰੇ ''ਚ ਪੁਲਸ ਦਾ ਛਾਪਾ, ਛਾਣ ''ਤਾ ਕੱਲਾ-ਕੱਲਾ ਕਮਰਾ

Tuesday, Nov 19, 2024 - 07:30 PM (IST)

ਫਿਲੋਰ,  ਪੰਜਾਬ ਪੁਲਸ ਵਲੋਂ ਅੱਜ ਸਥਾਨਕ ਪ੍ਰਸ਼ਾਸਨ ਦੇ ਸਹਿਯੋਗ ਨਾਲ ਅੰਮ੍ਰਿਤਪਾਲ ਸਿੰਘ ਦੇ ਡੇਰੇ ਵਿੱਚ ਭਾਰੀ ਪੁਲਸ ਫੋਰਸ ਨਾਲ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਪੁਲਸ ਮੁਲਜ਼ਮਾਂ ਵਲੋਂ ਡੇਰੇ ਅੰਦਰ ਬਣੇ ਕੱਲੇ-ਕੱਲੇ ਕਮਰੇ ਦੀ ਤਲਾਸ਼ੀ ਲਈ ਗਈ। ਮੌਕੇ ਉੱਤੇ ਪਹੁੰਚੇ ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਫਿਲੌਰ ਦੇ ਪੱਤੜ ਕਲਾਂ ਵਿੱਚ ਗੁਰਮਤ ਵਿਦਿਆਲਿਆ ਦੇ ਨਾਂ 'ਤੇ 2 ਥਾਈਂ ਡੀ-ਅਡੀਕਸ਼ਨ ਸੈਂਟਰ ਚਲਾਇਆ ਜਾ ਰਿਹਾ ਹੈ, ਜੋ ਕਿ ਗੈਰ-ਕਾਨੂੰਨੀ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਦੇ ਆਧਾਰ ਉੱਤੇ ਪੁਲਸ ਵਲੋਂ ਸਥਾਨਕ ਪ੍ਰਸ਼ਾਸਨਕ ਅਧਿਕਾਰੀਆਂ ਨੂੰ ਨਾਲ ਲੈ ਮੌਕੇ 'ਤੇ ਪਹੁੰਚ ਕੇ ਛਾਪੇਮਾਰੀ ਕੀਤੀ ਗਈ। 

ਛਾਪਾ ਮਾਰਨ ਆਈ ਟੀਮ ਮਨਪ੍ਰੀਤ ਸਿੰਘ ਢਿੱਲੋਂ ਪੁਲਸ ਕਪਤਾਨ ਸਪੈਸ਼ਲ ਬਰਾਂਚ ਜਲੰਧਰ ਦਿਹਾਤੀ ਦੀ ਨਿਗਰਾਨੀ ਹੇਠ ਆਈ ਸੀ, ਜਿਸ ਵਿੱਚ ਸੁਰਿੰਦਰ ਪਾਲ ਸਬ ਡਵੀਜਨ ਕਰਤਾਰਪੁਰ, ਇੰਸਪੈਕਟਰ ਰਮਨਦੀਪ ਸਿੰਘ ਮੁੱਖ ਅਫਸਰ ਥਾਣਾ ਕਰਤਾਰਪੁਰ, ਇੰਸਪੈਕਟਰ ਬਿਕਰਮ ਸਿੰਘ ਮੁੱਖ ਅਫਸਰ ਥਾਣਾ ਮਕਸੂਦਾ ਅਤੇ ਭਾਰੀ ਪੁਲਸ ਫੋਰਸ ਤਾਂ ਸ਼ਾਮਲ ਹੀ ਸੀ ਸਗੋਂ ਇਸ ਟੀਮ ਨਾਲ ਰਾਮ ਚੰਦ ਤਹਿਸੀਲਦਾਰ ਜਲੰਧਰ 2, ਡਾਕਟਰ ਸਰਬਜੀਤ ਸਿੰਘ SMO ਸਿਵਲ ਹਸਪਤਾਲ ਕਰਤਾਰਪੁਰ, ਡਾਕਟਰ ਅਭੈਰਾਜ ਸਿੰਘ (ਦਿਮਾਗੀ ਬਿਮਾਰੀ ਦੇ ਮਾਹਿਰ ) ਸਿਵਲ ਹਸਪਤਾਲ ਜਲੰਧਰ, ਅਮਿਤ ਬਾਂਸਲ ਡਰੱਗ ਇੰਸਪੈਕਟਰ ਵੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।

ਇਸ ਸਬੰਧੀ ਸੁਰਿੰਦਰ ਪਾਲ ਡੀ. ਐੱਸ. ਪੀ. ਸਬ ਡਵੀਜ਼ਨ ਕਰਤਾਰਪੁਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਪੱਤੜ ਕਲਾਂ ਵਿਖੇ ਅੰਮ੍ਰਿਤਪਾਲ ਸਿੰਘ ਨਾਮੀ ਵਿਅਕਤੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਗੁਰਮਤਿ ਵਿਦਿਆਲਿਆ ਅਤੇ ਹਰਜੀਤ ਸਿੰਘ ਵਾਸੀ ਪੱਤੜ ਕਲਾਂ ਗੁਰੂ ਤੇਗ ਬਹਾਦਰ ਗੁਰਮਤਿ ਵਿਦਿਆਲਿਆ ਨਾਮ 'ਤੇ ਵੱਖ-ਵੱਖ ਨਜਾਇਜ਼ ਨਸ਼ਾ ਛੁਡਾਓ ਕੇਂਦਰ ਚਲਾ ਰਹੇ ਹਨ।ਇਸ ਸੂਚਨਾ ਦੇ ਆਧਾਰ ਉਤੇ ਅੱਜ ਛਾਪੇਮਾਰੀ ਕੀਤੀ ਗਈ। ਜਿੱਥੇ ਪੁਲਸ ਨੂੰ ਫਿਲਹਾਲ ਕੋਈ ਵੀ ਨਸ਼ੇੜੀ ਵਿਅਕਤੀ ਨਹੀ ਮਿਲਿਆ ਹੈ। ਇਸ ਦੇ ਨਾਲ ਹੀ ਪੁਲਸ ਅਧਿਕਾਰੀ ਨੇ ਦੱਸਿਆ ਕਿ ਬੇਸ਼ਕ ਕੋਈ ਮਰੀਜ਼ ਇਥੇ ਨਹੀਂ ਮਿਲਿਆ ਹੈ, ਫਿਰ ਵੀ ਅਸੀਂ ਇਨ੍ਹਾਂ ਥਾਵਾਂ  ਦੀ ਵੱਖ ਵੱਖ ਸਮੇਂ 'ਤੇ ਚੈਕਿੰਗ ਕਰਦੇ ਰਹਾਂਗੇ। 


DILSHER

Content Editor

Related News