ਘਰ ''ਚ ਸੁੱਤੇ ਜੀਆਂ ਨੂੰ ਪਿਸਤੌਲ ਦੀ ਨੋਕ ''ਤੇ ਜਗਾਇਆ, ਇਕ ਦਾ ਕਤਲ ਕਰ ਲਲਕਾਰੇ ਮਾਰਦੇ ਦੌੜੇ ਗੈਂਗਸਟਰ (ਵੀਡੀਓ)

04/07/2017 5:57:24 PM

 ਨੂਰਪੁਰਬੇਦੀ (ਭੰਡਾਰੀ) : ਸ਼ੁੱਕਰਵਾਰ ਤੜਕੇ ਕਰੀਬ 3 ਵਜੇ ਬਲਾਕ ਦੇ ਪਿੰਡ ਬਾਹਮਣ ਮਾਜਰਾ ਵਿਖੇ ਗੱਡੀ ''ਚ ਸਵਾਰ ਹਥਿਆਰਾਂ ਨਾਲ ਲੈੱਸ ਹੋ ਕੇ ਆਏ ਕੁਝ ਨੌਜਵਾਨਾਂ ਨੇ ਇੱਕ ਵਿਅਕਤੀ ਦਾ ਘਰ ''ਚ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਜਦੋਂ ਉਕਤ ਵਾਰਦਾਤ ਵਾਪਰੀ, ਉਸ ਸਮੇਂ ਘਰ ਦੇ ਸਾਰੇ ਜੀਅ ਗੂੜ੍ਹੀ ਨੀਂਦ ਸੁੱਤੇ ਹੋਏ ਸਨ ਤੇ ਜਿਨ੍ਹਾਂ ਨੂੰ ਪਿਸਤੌਲ ਦੀ ਨੋਕ ਹੇਠ ਜਗਾ ਕੇ ਸਿਰਫ ਘਰ ਦੇ ਮੁਖੀ ਨੂੰ ਹੀ ਨਿਸ਼ਾਨਾ ਬਣਾਇਆ ਗਿਆ। ਇਸ ਘਟਨਾ ਦੌਰਾਨ ਮਾਰੇ ਗਏ 48 ਸਾਲਾ ਦੇਸਰਾਜ ਸਿੰਘ ਉਰਫ ਮੱਲ੍ਹ ਪੁੱਤਰ ਕਰਮ ਚੰਦ ਦੇ ਲੜਕੇ ਫੌਜੀ ਜਸਵਿੰਦਰ ਸਿੰਘ ਵਲੋਂ ਕਾਤਲਾਂ ਦੀ ਪਛਾਣ ਨਾਮੀ ਗੈਂਗਸਟਰ ਬਾਬਾ ਦਿਲਪ੍ਰੀਤ ਸਿੰਘ ਢਾਂਹਾਂ, ਜੱਸੀ ਕਲਵਾਂ, ਰਿੰਦਾ ਤੇ ਹਰਜਿੰਦਰ ਸਿੰਘ ਉਰਫ ਆਕਾਸ਼ ਵਜੋਂ ਕੀਤੀ ਗਈ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਜ਼ਿਲੇ ਦੇ ਸਮੁੱਚੇ ਪੁਲਸ ਅਧਿਕਾਰੀ ਵਾਰਦਾਤ ਵਾਲੀ ਥਾਂ ''ਤੇ ਪਹੁੰਚ ਗਏ ਤੇ ਦੇਖਦੇ ਹੀ ਦੇਖਦੇ ਪੁਲਸ ਨੇ ਕਾਤਲਾਂ ਦੀ ਧਰਪਕੜ ਲਈ ਵੱਖ-ਵੱਖ ਥਾਣਿਆਂ ਤੋਂ ਮੁਲਾਜ਼ਮ ਬੁਲਾ ਕੇ ਥਾਂ-ਥਾਂ ਨਾਕੇ ਲਗਾ ਦਿੱਤੇ ਪਰ ਇਸ ਤੋਂ ਪਹਿਲਾਂ ਹੀ ਕਾਤਲ ਵਾਰਦਾਤ ਨੂੰ ਅੰਜ਼ਾਮ ਦੇ ਕੇ ਰਫੂਚੱਕਰ ਹੋਣ ''ਚ ਸਫਲ ਹੋ ਗਏ। ਪੁਲਸ ਨੂੰ ਸਮੁੱਚੀ ਘਟਨਾ ਦੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇਸਰਾਜ ਸਿੰਘ ਉਰਫ ਮੱਲ੍ਹ ਨਿਵਾਸੀ ਬਾਹਮਣਮਾਜਰਾ ਦੇ ਪੁੱਤਰ ਫੌਜੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਕਥਿਤ ਕਾਤਲ ਅੱਜ ਤੜਕੇ ਕਰੀਬ 3 ਵਜੇ ਗੇਟ ਖੋਲ੍ਹ ਕੇ ਉਨ੍ਹਾਂ ਦੇ ਘਰ ''ਚ ਦਾਖਲ ਹੋਏ ਤੇ ਜਿਨ੍ਹਾਂ ''ਚੋਂ ਨੌਜਵਾਨ ਰਿੰਦਾ ਨੇ ਘਰ ਦੇ ਵਿਹੜੇ ''ਚ ਸੁੱਤੀ ਪਈ ਮੇਰੀ ਮਾਤਾ ਦੇ ਮੱਥੇ ''ਤੇ ਪਿਸਟਲ ਲਗਾ ਕੇ ਮੇਰੇ ਪਿਤਾ ਦੇਸਰਾਜ ਵਾਰੇ ਪੁੱਛਿਆ ਜਦਕਿ ਇਸ ਦੌਰਾਨ ਹਰਜਿੰਦਰ ਸਿੰਘ ਉਰਫ ਆਕਾਸ਼ ਨੇ ਮੇਰੇ ਮੱਥੇ ''ਤੇ ਪਿਸਟਲ ਲਗਾ ਦਿੱਤਾ ਤੇ ਇਸ ਦੌਰਾਨ ਸਮੁੱਚੇ ਪਰਿਵਾਰਿਕ ਮੈਂਬਰ ਜਾਗ ਗਏ। ਇੰਨੇ ਨੂੰ ਦੂਜੇ ਦਰਵਾਜ਼ੇ ਤੋਂ ਅੰਦਰ ਦਾਖਲ ਹੋਏ ਦਿਲਪ੍ਰੀਤ ਸਿੰਘ ਨੇ ਮੇਰੇ ਪਿਤਾ ਦੇਸਰਾਜ ਦੀ ਛਾਤੀ ''ਚ 2 ਗੋਲੀਆਂ ਦਾਗ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਉਸਨੇ ਅੱਗੇ ਦੱਸਿਆ ਕਿ ਹਰਜਿੰਦਰ ਸਿੰਘ ਉਰਫ ਆਕਾਸ਼ ਤੇ ਰਿੰਦਾ ਨੇ ਵੀ ਅਪਣੇ ਪਿਸਟਲ ਰਾਹੀਂ 2-2 ਫਾਇਰ ਕੀਤੇ ਤੇ ਜਿਸਤੋਂ ਉਪਰੰਤ ਚਾਰੋਂ ਜਣੇ ਧਮਕੀਆਂ ਦਿੰਦੇ ਤੇ ਲਲਕਾਰੇ ਮਾਰਦੇ ਹੋਏ ਫਰਾਰ ਹੋ ਗਏ। ਉਸ ਨੇ ਦੱਸਿਆ ਕਿ ਹਮਲਾਵਰਾਂ ਦਾ ਇਕ ਨੌਜਵਾਨ ਸਾਥੀ ਜੱਸੀ ਕਲਵਾਂ ਜੋ ਪਹਿਲਾਂ ਹੀ ਘਰ ਦੇ ਬਾਹਰ ਆਈ ਟਵੰਟੀ ਗੱਡੀ ਲੈ ਕੇ ਖੜ੍ਹਾ ਸੀ ''ਚ ਜਿਸ ''ਚ ਕਾਤਲ ਸਵਾਰ ਹੋ ਕੇ ਭੱਜ ਗਏ। 
ਸਾਲ ਪਹਿਲਾਂ ਹੋਈ ਤੂੰ-ਤੂੰ, ਮੈਂ-ਮੈਂ ਬਣੀ ਕਤਲ ਦਾ ਕਾਰਣ
ਕਤਲ ਹੋਏ ਦੇਸਰਾਜ ਸਿੰਘ ਦੇ ਲੜਕੇ ਫੌਜ਼ੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਕਰੀਬ 1 ਸਾਲ ਪਹਿਲਾਂ ਮੇਰੇ ਪਿਤਾ ਦੇਸਰਾਜ ਸਿੰਘ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਦਾਲਤ ''ਚ ਪੇਸ਼ੀ ਲਈ ਗਏ ਹੋਏ ਸਨ ਤੇ ਇਸ ਦੌਰਾਨ ਗੈਂਗਸਟਰ ਬਾਬਾ ਦਿਲਪ੍ਰੀਤ ਸਿੰਘ ਤੇ ਜੱਸੀ ਕਲਵਾਂ ਵੀ ਉੱਥੇ ਹੀ ਮੌਜ਼ੂਦ ਸਨ। ਅਦਾਲਤ ਦੇ ਬਾਹਰ ਮੇਰੇ ਪਿਤਾ ਤੇ ਇਨ੍ਹਾਂ ਦੋਵਾਂ ਨੌਜਵਾਨਾਂ ਵਿੱਚਕਾਰ ਕਿਸੀ ਗੱਲ ਨੂੰ ਲੈ ਕੇ ਤੂੰਂ-ਤੂੰਂ, ਮੈਂ-ਮੈਂ ਹੋ ਗਈ ਤੇ ਉਦੋਂ ਤੋਂ ਹੀ ਇਹ ਮੇਰੇ ਪਿਤਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਰਹੇ ਸਨ ਤੇ ਜਿਸ ਸਬੰਧੀ ਕਈ ਵਾਰ ਪੁਲਸ ਨੂੰ ਵੀ ਸੂਚਿਤ ਕੀਤਾ ਗਿਆ ਸੀ। ਉਸਨੇ ਦੱਸਿਆ ਕਿ ਹਮਲਾਵਰ ਹਰਜਿੰਦਰ ਸਿੰਘ ਉਰਫ ਆਕਾਸ਼ ਤੇ ਰਿੰਦਾ ਦੀ ਪਛਾਣ ਅਸੀਂ ਪੁਲਸ ਵੱਲੋਂ ਦਿਖਾਈਆਂ ਗਈਆਂ ਤਸਵੀਰਾਂ ਤੋਂ ਕੀਤੀ ਹੈ ਜਦਕਿ ਉਨ੍ਹਾਂ ਦੇ ਦੂਜੇ ਸਾਥੀਆਂ ਨੂੰ ਤਾਂ ਅਸੀਂ ਪਹਿਲਾਂ ਹੀ ਜਾਣਦੇ ਹਾਂ। 
ਡੀ.ਆਈ.ਜੀ. ਤੇ ਐੱਸ.ਐੱਸ.ਪੀ. ਨੇ ਕੀਤਾ ਘਰ ਦਾ ਦੌਰਾ
ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਆਈ.ਜੀ. ਰੂਪਨਗਰ ਬਾਬੂ ਲਾਲ ਮੀਨਾ, ਐੱਸ.ਐੱਸ.ਪੀ ਰੂਪਨਗਰ ਨੀਲਾਂਬਰੀ ਵਿਜੇ ਜਗਦਲੇ ਤੋਂ ਇਲਾਵਾ ਐੱਸ.ਪੀ ਮਨਜੀਤ ਸਿੰਘ, ਡੀ.ਐੱਸ.ਪੀ ਰਣਧੀਰ ਸਿੰਘ ਅਨੰਦਪੁਰ ਸਾਹਿਬ, ਡੀ.ਅੱੈਸ.ਪੀ. ਟੀ.ਐੱਸ. ਸੰਧੂ (ਐਚ) ਤੇ ਥਾਣਾ ਮੁਖੀ ਗੁਰਦੀਪ ਸਿੰਘ ਸੈਣੀ ਭਾਰੀ ਪੁਲਸ ਫੋਰਸ ਸਹਿਤ ਮੌਕੇ ''ਤੇ ਪਹੁੰਚ ਗਏ ਤੇ ਘਰ ਦੇ ਜੀਆਂ ਤੋਂ ਵਾਰਦਾਤ ਸਬੰਧੀ ਪੁੱਛਗਿੱਛ ਕੀਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਕਤਲ ਕੇਸ ਦੀ ਗੰਭੀਰਤਾ ਨਾਲ ਜ਼ਾਂਚ ਕੀਤੀ ਜਾ ਰਹੀ ਹੈ ਤੇ ਜਲਦ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵਾਰਦਾਤ ''ਚ ਸ਼ਾਮਿਲ ਜਿਨ੍ਹਾਂ ਵਿਅਕਤੀਆਂ ਦਾ ਨਾਂ ਸਾਹਮਣੇ ਆਇਆ ਹੈ ''ਤੇ ਪਹਿਲਾਂ ਵੀ ਵੱਖ-ਵੱਖ ਥਾਨਿਆਂ ''ਚ ਦਰਜਨਾਂ ਮੁਕੱਦਮੇ ਦਰਜ ਹਨ। ਇਸ ਦੌਰਾਨ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਅਨੰਦਪੁਰ ਸਾਹਿਬ ਵਿਖੇ ਭੇਜ ਕੇ ਪੁਲਸ ਨੇ ਕਥਿਤ ਦੋਸ਼ੀਆਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

Babita Marhas

News Editor

Related News