ਵਿਦੇਸ਼ ਬੈਠੇ ਗੈਂਗਸਟਰ ਹੈਰੀ ਚੱਠਾ ਨੇ ਕਰਵਾਈ ਵੱਡੀ ਵਾਰਦਾਤ, ਆਈਲੈਟਸ ਸੈਂਟਰ ’ਤੇ ਚਲਵਾਈਆਂ ਗੋਲ਼ੀਆਂ
Wednesday, Dec 07, 2022 - 12:16 PM (IST)
ਤਰਨ ਤਾਰਨ (ਰਮਨ) : ਜ਼ਿਲ੍ਹੇ ਅਧੀਨ ਆਉਂਦੇ ਪਿੰਡ ਵਲਟੋਹਾ ਵਿਖੇ ਆਈਲੈਟਸ ਸੈਂਟਰ ਚਲਾਉਣ ਵਾਲੇ ਮਾਲਕ ਪਾਸੋਂ ਵਿਦੇਸ਼ ’ਚ ਬੈਠੇ ਗੈਂਗਸਟਰ ਸੁਪ੍ਰੀਤ ਸਿੰਘ ਉਰਫ ਹੈਰੀ ਚੱਠਾ ਵੱਲੋਂ 15 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਜਿਸ ਬਾਬਤ ਪੁਲਸ ਨੇ ਥਾਣਾ ਵਲਟੋਹਾ ਵਿਖੇ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕੀਤੀ ਹੀ ਸੀ ਕਿ ਮੰਗਲਵਾਰ ਸਵੇਰੇ ਅਣਪਛਾਤੇ ਵਿਅਕਤੀਆਂ ਵੱਲੋਂ ਆਇਲੈਟਸ ਸੈਂਟਰ ’ਤੇ ਸਿੱਧੀਆਂ ਗੋਲੀਆਂ ਚਲਾ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਇਸ ਵਾਰਦਾਤ ਦੀ ਫੁਟੇਜ ਨੂੰ ਕਬਜ਼ੇ ’ਚ ਲੈਂਦੇ ਹੋਏ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਮੈਲਬਰਨ ’ਚ ਖਾਲਿਸਤਾਨੀ ਝੰਡੇ ਲਹਿਰਾਏ ਜਾਣ ਤੋਂ ਬਾਅਦ ਭਾਰਤ ਦੀ ਆਸਟਰੇਲੀਆ ਨੂੰ ਚਿਤਾਵਨੀ
ਜਾਣਕਾਰੀ ਦਿੰਦੇ ਹੋਏ ਮਹਾਬੀਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਵਲਟੋਹਾ ਨੇ ਦੱਸਿਆ ਕਿ 30 ਨਵੰਬਰ ਦੀ ਸ਼ਾਮ ਉਸ ਦੇ ਮੋਬਾਇਲ ਉਪਰ ਵਿਦੇਸ਼ ਤੋਂ ਫੋਨ ਆਇਆ ਜਿਸ ਨੇ ਆਪਣਾ ਨਾਮ ਹੈਰੀ ਚੱਠਾ ਦੱਸਦੇ ਹੋਏ 15 ਲੱਖ ਰੁਪਏ ਦੀ ਫਿਰੌਤੀ ਦੇਣ ਦੀ ਮੰਗ ਕੀਤੀ ਸੀ। ਮਹਾਬੀਰ ਨੇ ਦੱਸਿਆ ਕਿ ਉਹ 2 ਸਾਲ ਤੋਂ ਅੱਡਾ ਵਲਟੋਹਾ ਵਿਖੇ ਆਈਲੈਟਸ ਸੈਂਟਰ ਚਲਾ ਰਿਹਾ ਹੈ। ਉਸ ਨੇ ਦੱਸਿਆ ਕਿ ਫਿਰੌਤੀ ਸਬੰਧੀ ਫੋਨ ਲਗਾਤਾਰ ਆਉਣੇ ਸ਼ੁਰੂ ਹੋ ਗਏ, ਜਿਸ ਬਾਬਤ ਥਾਣਾ ਵਲਟੋਹਾ ਦੇ ਮੁਖੀ ਨੂੰ ਕਾਰਵਾਈ ਕਰਨ ਸਬੰਧੀ ਬੇਨਤੀ ਕੀਤੀ ਗਈ ਸੀ।
ਇਹ ਵੀ ਪੜ੍ਹੋ : ਬਠਿੰਡਾ ਦੇ ਸਿਵਲ ਹਸਪਤਾਲ ’ਚੋਂ ਦਿਨ-ਦਿਹਾੜੇ ਨਵਜੰਮਿਆ ਬੱਚਾ ਚੋਰੀ ਕਰਨ ਵਾਲੀਆਂ ਔਰਤਾਂ ਗ੍ਰਿਫ਼ਤਾਰ
ਮਹਾਬੀਰ ਸਿੰਘ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਕਰੀਬ 10 ਵਜੇ ਜਦੋਂ ਉਹ ਆਪਣੇ ਆਈਲੈਟਸ ਸੈਂਟਰ ਤੋਂ ਥਾਣੇ ਲਈ ਰਵਾਨਾ ਹੋਇਆ ਤਾਂ 2 ਅਣਪਛਾਤੇ ਵਿਅਕਤੀਆਂ ਨੇ ਸੈਂਟਰ ਉਪਰ ਸਿੱਧੀਆਂ ਚਲਾ ਦਿੱਤੀਆਂ, ਜਿਸ ਦੌਰਾਨ ਸੈਂਟਰ ਅੰਦਰ ਮੌਜੂਦ ਕਰੀਬ ਤਿੰਨ ਦਰਜਨ ਤੋਂ ਵੱਧ ਵਿਦਿਆਰਥੀ ਅਤੇ ਸਟਾਫ ਵੱਲੋਂ ਆਪਣੀ ਜਾਨ ਬਡ਼ੀ ਮੁਸ਼ਕਲ ਨਾਲ ਬਚਾਈ ਗਈ। ਉਨ੍ਹਾਂ ਦੱਸਿਆ ਕਿ ਹਮਲਾਵਰ ਗੋਲੀਆਂ ਚਲਾਉਣ ਤੋਂ ਬਾਅਦ ਮੋਟਰਸਾਈਕਲ ਰਾਹੀਂ ਫਰਾਰ ਹੋ ਗਏ। ਐੱਸ. ਪੀ. ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਇਸ ਵਾਰਦਾਤ ਸਬੰਧੀ ਪੁਲਸ ਨੇ ਬਰੀਕੀ ਨਾਲ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਭਾਜਪਾ ਹਾਈਕਮਾਂਡ ਵਲੋਂ ਪੰਜਾਬ ਦੀ 17 ਮੈਂਬਰੀ ਕੋਰ ਕਮੇਟੀ ਦਾ ਐਲਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।