ਗੈਂਗਸਟਰ ਦਿਲਪ੍ਰੀਤ ਨੇ ਗਾਇਕ ਪਰਮੀਸ਼ ਵਰਮਾ ਦੇ ਪਰਿਵਾਰ ਤੋਂ ਲਏ ਸਨ 20 ਲੱਖ
Sunday, Jul 29, 2018 - 03:43 AM (IST)
ਮੋਹਾਲੀ, (ਕੁਲਦੀਪ)- ਕੁਲਦੀਪ ਸਿੰਘ ਚਾਹਲ ਆਈ. ਪੀ. ਐੱਸ. ਸੀਨੀਅਰ ਕਪਤਾਨ ਪੁਲਸ ਮੋਹਾਲੀ ਨੇ ਦੱਸਿਆ ਕਿ ਥਾਣਾ ਫੇਜ਼-1 ਮੋਹਾਲੀ ਵਿਚ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਗ੍ਰਿਫਤਾਰ ਕੀਤੇ ਗਏ ਨਾਮੀ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਉਰਫ ਬਾਬਾ ਦਾ 23 ਜੁਲਾਈ ਨੂੰ ਮਾਣਯੋਗ ਅਦਾਲਤ ਵਲੋਂ 7 ਦਿਨਾਂ ਦਾ ਪੁਲਸ ਰਿਮਾਂਡ ਮਿਲਿਆ ਸੀ। ਪੁਲਸ ਰਿਮਾਂਡ ਅਧੀਨ ਕੰਵਲਪ੍ਰੀਤ ਸਿੰਘ ਚਾਹਲ ਡੀ. ਐੱਸ. ਪੀ. (ਇਨਵੈਸਟੀਗੇਸ਼ਨ) ਮੋਹਾਲੀ ਤੇ ਅਮਰੋਜ ਸਿੰਘ ਡੀ. ਐੱਸ. ਪੀ. ਸਿਟੀ-1 ਮੋਹਾਲੀ ਦੀ ਨਿਗਰਾਨੀ ਹੇਠ ਇੰਚਾਰਜ ਸੀ. ਆਈ. ਏ. ਸਟਾਫ ਮੋਹਾਲੀ ਤੇ ਮੁੱਖ ਅਫਸਰ ਥਾਣਾ ਫੇਜ਼-1 ਮੋਹਾਲੀ ਦੀ ਟੀਮ ਵਲੋਂ ਪੁੱਛਗਿੱਛ ਉਪਰੰਤ ਗੈਂਗਸਟਰ ਢਾਹਾਂ ਉਰਫ ਬਾਬਾ ਦੀ ਨਿਸ਼ਾਨਦੇਹੀ ’ਤੇ ਫਿਰੌਤੀ ਵਜੋਂ ਲਈ ਰਕਮ ਵਿਚੋਂ 4 ਲੱਖ ਰੁਪਏ ਬਰਾਮਦ ਕਰਵਾਏ ਗਏ ਹਨ। ਗੈਂਗਸਟਰ ਦਿਲਪ੍ਰੀਤ ਨੇ ਇਸੇ ਸਾਲ ਅਪ੍ਰੈਲ ਵਿਚ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ’ਤੇ ਫਾਇਰਿੰਗ ਕਰਵਾ ਕੇ ਤੇ ਉਸ ਨੂੰ ਡਰਾ-ਧਮਕਾ ਕੇ ਉਸ ਦੇ ਪਰਿਵਾਰ ਤੋਂ 20 ਲੱਖ ਰੁਪਏ ਫਿਰੌਤੀ ਵਜੋਂ ਲਏ ਸਨ। ਮੁਲਜ਼ਮ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਕਤ ਫਿਰੌਤੀ ਦੀ ਰਕਮ ਵਿਚੋਂ ਉਸ ਦੇ ਹਿੱਸੇ 6 ਲੱਖ ਰੁਪਏ ਆਏ ਸਨ, ਜਿਨ੍ਹਾਂ ਵਿਚੋਂ ਗ੍ਰਿਫਤਾਰੀ ਤੋਂ ਪਹਿਲਾਂ ਉਸ ਨੇ 2 ਲੱਖ ਰੁਪਏ ਖਰਚ ਕਰ ਲਏ ਸਨ। ਗੈਂਗਸਟਰ ਦਿਲਪ੍ਰੀਤ ਉਕਤ ਮੁਕੱਦਮੇ ਵਿਚ ਪੁਲਸ ਰਿਮਾਂਡ ਅਧੀਨ ਹੈ, ਜਿਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
