ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਅਦਾਲਤ ''ਚ ਪੇਸ਼ ਕਰਨ ਦੇ ਹੁਕਮ
Thursday, Jan 03, 2019 - 11:26 AM (IST)
ਚੰਡੀਗੜ੍ਹ (ਸੰਦੀਪ) : ਸੈਕਟਰ-43 'ਚ ਪੁਲਸ 'ਤੇ ਫਾਇਰਿੰਗ ਕਰਨ ਦੇ ਮਾਮਲੇ 'ਚ ਮੁਲਜ਼ਮ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਉਰਫ ਬਾਬਾ ਨੂੰ ਜ਼ਿਲ ਅਦਾਲਤ ਨੇ ਪ੍ਰੋਡਕਸ਼ਨ ਵਾਰੰਟ 'ਤੇ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਥਾਣਾ ਪੁਲਸ ਰੋਪੜ ਜੇਲ 'ਚ ਬੰਦ ਦਿਲਪ੍ਰੀਤ ਨੂੰ 16 ਜਨਵਰੀ ਨੂੰ ਪ੍ਰੋਡੈਕਸ਼ਨ ਵਾਰੰਟ 'ਤੇ ਲਏਗੀ, ਜਿਸ ਤੋਂ ਬਾਅਦ ਕੇਸ 'ਚ ਅੱਗੇ ਦੀ ਸੁਣਵਾਈ ਕੀਤੀ ਜਾਵੇਗੀ। ਗੈਂਗਸਟਰ ਦਿਲਪ੍ਰੀਤ ਸਰਪੰਚ ਸਤਨਾਮ ਕਤਲ ਮਾਮਲੇ ਤੇ ਗਾਇਕ ਪਰਮੀਸ਼ ਵਰਮਾ ਨੂੰ ਗੋਲੀ ਮਾਰਨ ਵਰਗੇ ਗੰਭੀਰ ਮਾਮਲਿਆਂ 'ਚ ਵੀ ਮੁਲਜ਼ਮ ਹੈ। ਬੁੱਧਵਾਰ ਨੂੰ ਦਿਲਪ੍ਰੀਤ ਦੀ ਸੈਕਟਰ-43 'ਚ ਗ੍ਰਿਫਤਾਰੀ ਸਮੇਂ ਕੀਤੀ ਗਈ ਗੋਲੀਬਾਰੀ ਦੇ ਮਾਮਲਿਆਂ 'ਚ ਪੇਸ਼ੀ ਸੀ।
ਦਿਲਪ੍ਰੀਤ ਦੀ ਸੈਕਟਰ-43 ਤੋਂ ਹੋਈ ਗ੍ਰਿਫਤਾਰੀ ਤੋਂ ਬਾਅਦ ਸੈਕਟਰ-36 ਥਾਣਾ ਪੁਲਸ ਨੇ ਉਸ ਦੇ ਖਿਲਾਫ ਆਰਮਜ਼ ਐਕਟ ਅਤੇ ਕਤਲ ਦੀ ਕੋਸ਼ਿਸ਼ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਮੋਸਟ ਵਾਂਟੇਡ ਕਤਲ ਦੇ ਦੋਸ਼ੀ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ ਗ੍ਰਿਫਤਾਰੀ ਤੋਂ ਪਹਿਲਾਂ ਲੰਬੇ ਸਮੇਂ ਤੋਂ ਚੰਡੀਗੜ੍ਹ ਦੇ ਸੈਕਟਰ-38 'ਚ ਆਪਣੀ ਗਰਲਫ੍ਰੈਂਡ ਕੋਲ ਰਹਿ ਰਿਹਾ ਸੀ ਪਰ ਯੂ. ਟੀ. ਪੁਲਸ ਨੂੰ ਇਸਦੀ ਭਿਣਕ ਤਕ ਨਹੀਂ ਲੱਗੀ ਸੀ। ਫੇਸਬੁੱਕ ਰਾਹੀਂ ਤੇ ਹੋਰ ਵਾਰਦਾਤਾਂ 'ਚ ਦਿਲਪ੍ਰੀਤ ਅਜੇ ਤਕ ਪੱਗ ਬੰਨ੍ਹੀ ਤੇ ਲੰਬੀ ਦਾੜ੍ਹੀ-ਮੁੱਛ ਰੱਖੀ ਨਜ਼ਰ ਆਉਂਦਾ ਸੀ ਪਰ ਉਸਦੀ ਅਸਲ ਪਛਾਣ ਆਮ ਲੋਕਾਂ ਦੀ ਤਰ੍ਹਾਂ ਚਿਹਰੇ 'ਤੇ ਹਲਕੀ ਦਾੜ੍ਹੀ ਤੇ ਛੋਟੇ ਵਾਲਾਂ ਵਾਲੀ ਸੀ।
ਪੰਜਾਬ ਪੁਲਸ ਨੇ ਉਸ ਨੂੰ ਜਦੋਂ ਗ੍ਰਿਫਤਾਰ ਕੀਤਾ ਤਾਂ ਉਸ ਦੀ ਛੋਟੀ-ਛੋਟੀ ਦਾੜ੍ਹੀ ਤੇ ਛੋਟੇ-ਛੋਟੇ ਵਾਲ ਸਨ। 2017 'ਚ ਚੰਡੀਗੜ੍ਹ ਦੇ ਸੈਕਟਰ-38 ਸਥਿਤ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੁਸ਼ਿਆਰਪੁਰ ਦੇ ਪਿੰਡ ਖੁਰਦਾਂ ਨਿਵਾਸੀ ਸਰਪੰਚ ਸਤਨਾਮ ਸਿੰਘ ਦੇ ਕਤਲ ਮਾਮਲੇ 'ਚ ਦਿਲਪ੍ਰੀਤ ਉਰਫ ਬਾਬਾ ਮੁੱਖ ਦੋਸ਼ੀ ਰਿਹਾ ਹੈ। ਸਾਂਝੀ ਟੀਮ ਤਿਆਰ ਹੋਣ 'ਤੇ ਡੀ. ਐੱਸ. ਪੀ. ਤਜਿੰਦਰ ਸਿੰਘ ਸੰਧੂ, ਡੀ. ਐੱਸ. ਪੀ. ਰਾਕੇਸ਼ ਯਾਦਵ, ਇੰਸਪੈਕਟਰ ਗੁਰਚਰਨ ਸਿੰਘ ਅਤੇ ਇੰਸਪੈਕਟਰ ਭੁਪਿੰਦਰ ਸਿੰਘ ਦੀ ਨਿਗਰਾਨੀ 'ਚ ਜਾਣਕਾਰੀ ਤੇ ਪੁਸ਼ਟੀ ਹੋਣ 'ਤੇ ਸੈਕਟਰ-43 ਬੱਸ ਅੱਡੇ 'ਤੇ ਟਰੈਪ ਲਾਇਆ ਗਿਆ ਸੀ। ਦੁਪਹਿਰ ਸਵਾ 12 ਵਜੇ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ ਸਵਿਫਟ ਕਾਰ 'ਚ ਸਵਾਰ ਹੋ ਕੇ ਪਹੁੰਚਿਆ।
