ਪ੍ਰੋਡੱਕਸ਼ਨ ਵਾਰੰਟ ''ਤੇ ਫਿਰੋਜ਼ਪੁਰ ਜੇਲ ਤੋਂ ਲਿਆਂਦੇ ਪ੍ਰਮੁੱਖ ਗੈਂਗਸਟਰ ਅਮਨਾ ਤੇ ਗੁਰਪ੍ਰੀਤ ਗੋਪੀ, ਹੋ ਸਕਦੇ ਨੇ ਵੱਡੇ ਖੁਲਾਸੇ

09/02/2017 3:00:57 PM

ਕਪੂਰਥਲਾ(ਭੂਸ਼ਣ)— ਸੂਬੇ 'ਚ ਅੱਤਵਾਦੀ ਗਤੀਵਿਧੀਆਂ ਨੂੰ ਫਿਰ ਤੋਂ ਜਿਊਂਦਾ ਕਰਨ ਦੀ ਸਾਜ਼ਿਸ਼ ਦੇ ਮਾਮਲੇ 'ਚ ਜੁਲਾਈ ਮਹੀਨੇ 'ਚ ਕਪੂਰਥਲਾ ਸੁਲਤਾਨਪੁਰ ਲੋਧੀ ਮਾਰਗ 'ਤੇ ਪਿੰਡ ਭਾਣੋਲੰਗਾ 'ਚ ਗ੍ਰਿਫਤਾਰ ਕੀਤੇ ਗਏ ਅੱਤਵਾਦੀ ਅਵਤਾਰ ਸਿੰਘ ਦੇ ਖੁਲਾਸਿਆਂ ਤੋਂ ਬਾਅਦ ਕਈ ਖਤਰਨਾਕ ਵਾਰਦਾਤਾਂ 'ਚ ਸ਼ਾਮਲ ਰਹੇ 2 ਪ੍ਰਮੁੱਖ ਗੈਂਗਸਟਰਾਂ ਨੂੰ ਕਪੂਰਥਲਾ ਪੁਲਸ ਨੇ ਫਿਰੋਜ਼ਪੁਰ ਜੇਲ ਤੋਂ ਪ੍ਰੋਡੱਕਸ਼ਨ ਵਾਰੰਟ ਦੇ ਆਧਾਰ 'ਤੇ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਗੈਂਗਸਟਰਾਂ ਨੂੰ ਅਦਾਲਤ ਨੇ 4 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। 
ਜ਼ਿਕਰਯੋਗ ਹੈ ਕਿ ਜੁਲਾਈ ਮਹੀਨੇ 'ਚ ਖੁਫੀਆ ਤੰਤਰ ਦੀ ਸੂਚਨਾ 'ਤੇ ਸੂਬੇ 'ਚ ਅੱਤਵਾਦੀ ਵਾਰਦਾਤਾਂ ਨੂੰ ਫਿਰ ਤੋਂ ਜਿਊਂਦਾ ਕਰਨ ਅਤੇ ਸਾਜ਼ਿਸ਼ ਤਿਆਰ ਕਰਨ ਦੇ ਮਾਮਲੇ 'ਚ ਲਗਾਤਾਰ ਮਿਲ ਰਹੀਆਂ ਸੂਚਨਾਵਾਂ ਦੇ ਆਧਾਰ 'ਤੇ ਕਪੂਰਥਲਾ ਪੁਲਸ ਨੇ ਫਿਰੋਜ਼ਪੁਰ ਪੁਲਸ ਦੀ ਮਦਦ ਨਾਲ ਸਾਂਝੇ ਤੌਰ 'ਤੇ ਇਕ ਵੱਡਾ ਆਪਰੇਸ਼ਨ ਚਲਾਉਂਦੇ ਹੋਏ ਪਿੰਡ ਭਾਣੋਲੰਗਾ ਤੋਂ ਅਵਤਾਰ ਸਿੰਘ ਨਾਮ ਦੇ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਨੇ ਫਿਰੋਜ਼ਪੁਰ ਖੇਤਰ ਦੇ 2 ਪ੍ਰਮੁੱਖ ਗੈਂਗਸਟਰਾਂ ਗੁਰਪ੍ਰੀਤ ਸਿੰਘ ਗੋਪੀ ਅਤੇ ਅਸ਼ੋਕ ਅਮਨਾ ਨਿਵਾਸੀ ਪਿੰਡ ਕੋਹਾਲਾ ਦੇ ਸੰਪਰਕ ਆਪਣੇ ਨਾਲ ਹੋਣ ਅਤੇ ਉਨ੍ਹਾਂ ਦੇ ਖੇਤਰ 'ਚ ਆਉਣ ਸਬੰਧੀ ਕਈ ਅਹਿਮ ਖੁਲਾਸੇ ਕੀਤੇ ਸਨ। 
ਪਿੰਡ ਜਵਾਹਰਕੇ 'ਚ ਕਤਲ ਦੇ ਨਾਲ-ਨਾਲ ਦਹਿਸ਼ਤ ਫੈਲਾਉਣ ਦੀ ਤਿਆਰ ਕੀਤੀ ਸੀ ਸਾਜ਼ਿਸ਼
ਜਾਂਚ ਦੌਰਾਨ ਇਹ ਵੀ ਖੁਲਾਸਾ ਹੋਇਆ ਸੀ ਕਿ ਗੁਰਪ੍ਰੀਤ ਗੋਪੀ ਅਤੇ ਅਸ਼ੋਕ ਅਮਨਾ ਨੇ ਪਿੰਡ ਜਹਵਾਰਕੇ 'ਚ ਇਕ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਅਤੇ ਸੂਬੇ 'ਚ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਤਿਆਰ ਕੀਤੀ ਸੀ, ਜਿਸ ਨੂੰ ਲੈ ਕੇ ਪੰਜਾਬ ਪੁਲਸ ਦੀਆਂ ਵੱਖ-ਵੱਖ ਟੀਮਾਂ ਦੋਵੇਂ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ 'ਚ ਜੁੱਟ ਗਈਆਂ ਸਨ। ਬੀਤੇ ਦਿਨੀ ਫਿਰੋਜ਼ਪੁਰ ਪੁਲਸ ਨੇ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਗੁਰਪ੍ਰੀਤ ਸਿੰਘ ਗੋਪੀ ਅਤੇ ਅਸ਼ੋਕ ਅਮਨਾ ਨੂੰ ਗ੍ਰਿਫਤਾਰ ਕਰ ਲਿਆ ਸੀ, ਜੋ ਅੱਜਕਲ ਫਿਰੋਜ਼ਪੁਰ ਜੇਲ 'ਚ ਬੰਦ ਹਨ। 
ਇਸ ਦੌਰਾਨ ਕਪੂਰਥਲਾ ਪੁਲਸ ਨੇ ਅਦਾਲਤ ਤੋਂ ਪ੍ਰੋਡੱਕਸ਼ਨ ਵਾਰੰਟ ਹਾਸਲ ਕਰਦੇ ਹੋਏ ਡੀ. ਐੈੱਸ. ਪੀ. ਸਬ-ਡਿਵੀਜ਼ਨ ਗੁਰਮੀਤ ਸਿੰਘ ਦੀ ਅਗਵਾਈ 'ਚ ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ ਅਸ਼ੋਕ ਉਰਫ ਅਮਨਾ ਨੂੰ ਗ੍ਰਿਫਤਾਰ ਕਰ ਲਿਆ। ਸ਼ੁੱਕਰਵਾਰ ਨੂੰ ਡੀ. ਐੱਸ. ਪੀ. ਸਬ-ਡਿਵੀਜ਼ਨ ਦੀ ਅਗਵਾਈ 'ਚ ਦੋਵੇਂ ਮੁਲਜ਼ਮਾਂ ਨੂੰ ਸਖਤ ਪ੍ਰਬੰਧਾਂ 'ਚ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਦੋਵੇਂ ਮੁਲਜ਼ਮਾਂ ਨੂੰ 4 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ। 
ਰਈਆ ਗੋਲੀਕਾਂਡ ਨੂੰ ਲੈ ਕੇ ਪੁਲਸ ਨੇ ਕੀਤੇ ਸਨ ਸਖਤ ਪ੍ਰਬੰਧ 
ਸ਼ੁੱਕਰਵਾਰ ਨੂੰ ਕੇਂਦਰੀ ਜੇਲ ਕਪੂਰਥਲਾ ਅਤੇ ਜਲੰਧਰ ਤੋਂ ਪੇਸ਼ੀ ਲਈ ਜਾ ਰਹੇ ਇਕ ਖਤਰਨਾਕ ਅਪਰਾਧੀ ਨੂੰ ਜ਼ਿਲਾ ਅੰਮ੍ਰਿਤਸਰ ਦੇ ਕਸਬੇ ਰਈਆ 'ਚ ਇਕ ਏ. ਐੱਸ. ਆਈ. ਨੂੰ ਗੋਲੀ ਮਾਰ ਕੇ ਛੁਡਾਉਣ ਦੇ ਮਾਮਲੇ ਨੂੰ ਲੈ ਕੇ ਹਰਕਤ 'ਚ ਆਈ ਕਪੂਰਥਲਾ ਪੁਲਸ ਨੇ ਜਿੱਥੇ ਫਿਰੋਜ਼ਪੁਰ ਜੇਲ ਤੋਂ ਲਿਆਂਦੇ ਗਏ ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ ਅਸ਼ੋਕ ਅਮਨਾ ਨੂੰ ਭਾਰੀ ਪੁਲਸ ਟੀਮ ਦੀ ਹਾਜ਼ਰੀ 'ਚ ਅਦਾਲਤ 'ਚ ਪੇਸ਼ ਕੀਤਾ, ਉਥੇ ਹੀ ਇਸ ਦੀ ਕਿਸੇ ਨੂੰ ਭਿਣਕ ਨਹੀਂ ਲੱਗਣ ਦਿੱਤੀ ਅਤੇ ਦੋਵਾਂ ਗੈਂਗਸਟਰਾਂ ਨੂੰ ਸਖਤ ਸੁਰੱਖਿਆ 'ਚ ਫਿਰ ਤੋਂ ਸੀ. ਆਈ. ਏ. ਸਟਾਫ ਕਪੂਰਥਲਾ ਲਿਆਂਦਾ ਗਿਆ। 


Related News