ਆਈ. ਪੀ. ਐੱਲ. ਸ਼ੁਰੂ ਹੋਣ ਨਾਲ ਉਤਸ਼ਾਹਿਤ ਬੁਕੀਜ਼ ਤੇ ਗੈਂਗਸਟਰ ਪੁਲਸ ਰਾਡਾਰ ''ਤੇ

04/08/2018 6:33:18 AM

ਲੁਧਿਆਣਾ(ਪੰਕਜ)-ਸ਼ਨੀਵਾਰ ਤੋਂ ਸ਼ੁਰੂ ਹੋਈ ਆਈ.ਪੀ.ਐੱਲ. ਕ੍ਰਿਕਟ ਸੀਰੀਜ਼ ਵਿਚ ਪੂਰੀ ਤਰ੍ਹਾਂ ਉਤਸ਼ਾਹਿਤ ਸੱਟਾ ਮਾਫੀਆ ਲਈ ਇਹ ਸੀਜ਼ਨ ਭਾਰੀ ਪੈ ਸਕਦਾ ਹੈ। ਪੰਜਾਬ ਵਿਚ ਸਰਗਰਮ ਖਤਰਨਾਕ ਗੈਂਗਸਟਰਾਂ ਲਈ ਸੋਨੇ ਦੀ ਖਾਨ ਬਣ ਚੁੱਕੇ ਬੁਕੀਜ਼ ਇਸ ਵਾਰ ਰਾਜ ਭਰ ਦੀ ਪੁਲਸ ਦੇ ਨਿਸ਼ਾਨੇ 'ਤੇ ਹਨ। ਗੈਂਗਸਟਰਾਂ ਤੇ ਬੁਕੀਜ਼ 'ਤੇ ਇਕੋ ਸਮੇਂ ਸ਼ਿਕੰਜਾ ਕੱਸ ਕੇ ਪੁਲਸ ਰਾਜ ਵਿਚ ਛਿੜੀ ਖੂਨੀ ਗੈਂਗਵਾਰ ਤੇ ਆਰਥਿਕ ਤੰਗੀ ਦੋਵਾਂ 'ਤੇ ਕਾਬੂ ਪਾਉਣ ਦੀ ਰਣਨੀਤੀ ਬਣਾ ਚੁੱਕੀ ਹੈ। ਦੁਬਈ, ਮੁੰਬਈ, ਦਿੱਲੀ, ਨਾਗਪੁਰ ਤੇ ਗੋਆ ਤੋਂ ਬਾਅਦ ਪੰਜਾਬ ਅਜਿਹਾ ਸੂਬਾ ਹੈ, ਜਿਸ ਵਿਚ ਸਰਗਰਮ ਖਤਰਨਾਕ ਗੈਂਗਸਟਰਾਂ ਨੂੰ ਐਸ਼ੋ-ਆਰਾਮ ਵਾਲੀ ਸ਼ਾਹੀ ਜ਼ਿੰਦਗੀ ਤੇ ਮਹਿੰਗੇ ਹਥਿਆਰ ਖਰੀਦਣ ਲਈ ਸਾਰਾ ਪੈਸਾ ਜਾਂ ਤਾਂ ਵੱਡੇ ਨਸ਼ਾ ਸਮੱਗਲਰਾਂ ਤੋਂ ਮਿਲਦਾ ਹੈ ਜਾਂ ਫਿਰ ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਵਿਚ ਸਰਗਮ ਵੱਡੇ ਬੁਕੀਜ਼ ਤੋਂ। ਨਾਭਾ ਜੇਲ ਬਰੇਕ ਕਾਂਡ ਵਿਚ ਮੁੱਖ ਮੁਲਜ਼ਮ ਤੇ ਖਤਰਨਾਕ ਗੈਂਗਸਟਰ ਵਿੱਕੀ ਗੌਂਡਰ ਤੇ ਪ੍ਰੇਮਾ ਲਹੌਰੀਆ ਦਾ ਐਨਕਾਊਂਟਰ ਕਰਨ ਵਾਲੀ ਪੰਜਾਬ ਪੁਲਸ ਦਾ ਅਗਲਾ ਨਿਸ਼ਾਨਾ ਚੋਣਵੇਂ ਨਾਮੀ ਗੈਂਗਸਟਰ ਹਨ, ਜੋ ਕਿ ਵਿਭਾਗ ਲਈ ਚੁਣੌਤੀ ਬਣੇ ਹੋਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਨਕਾਊਂਟਰ ਕਰਨ ਵਾਲੇ ਅਧਿਕਾਰੀਆਂ ਦੀ ਖੁੱਲ੍ਹ ਕੇ ਪਿੱਠ ਥਾਪੜਨ ਦੀ ਨੀਤੀ ਨੇ ਵਿਭਾਗ ਵਿਚ ਜੋਸ਼ ਭਰਿਆ ਹੋਇਆ ਹੈ ਅਤੇ ਅਧਿਕਾਰੀਆਂ ਨੇ ਆਪਣੀ ਮੁਹਿੰਮ ਨੂੰ ਖਤਮ ਕਰਨ ਲਈ ਕਮਰ ਕੱਸ ਲਈ ਹੈ।
ਸ਼੍ਰੀਲੰਕਾ ਤੇ ਗੋਆ ਟੂਰ ਲਿਜਾਣ ਵਾਲਾ ਬੁਕੀਜ਼ ਨਿਸ਼ਾਨੇ 'ਤੇ
ਸੂਤਰਾਂ ਦੀ ਮੰਨੀਏ ਤਾਂ ਸ਼ਹਿਰ ਦੇ ਨਾਮੀ ਉਦਯੋਗਪਤੀਆਂ, ਜਿਨ੍ਹਾਂ ਨੂੰ ਸੱਟਾ ਲਾਉਣ ਦਾ ਸ਼ੌਕ ਹੈ ਨੂੰ ਸ਼੍ਰੀਲੰਕਾ ਤੇ ਗੋਆ ਟੂਰ 'ਤੇ ਲਿਜਾਣ ਵਾਲਾ ਨਾਮੀ ਖਿਡਾਰੀ ਮੁੱਖ ਤੌਰ 'ਤੇ ਅਧਿਕਾਰੀਆਂ ਦੇ ਨਿਸ਼ਾਨ 'ਤੇ ਹਨ। ਸੂਤਰਾਂ ਦੀ ਮੰਨੀਏ ਤਾਂ ਸ਼੍ਰੀ ਲੰਕਾ-ਨੇਪਾਲ ਹੋਵੇ ਜਾਂ ਫਿਰ ਗੋਆ ਦੇ ਕੈਸੀਨੋ, ਉਥੇ ਮੌਜੂਦਾ ਸਮੇਂ ਵਿਚ ਸਿਰਫ ਇਸੇ ਬੁਕੀਜ਼ ਦੀ ਆਵਾਜ਼ (ਗਾਰੰਟੀ) ਚਲਦੀ ਹੈ। ਇਸ ਕਾਰਨ ਲੁਧਿਆਣਾ ਤੇ ਜਲੰਧਰ ਦੇ ਸਾਰੇ ਵੱਡੇ ਬੁਕੀਜ਼ ਇਸ ਦੇ ਮਾਰਫਤ ਕਰੋੜਾਂ ਰੁਪਏ ਦੇ ਦਾਅ ਲਾਉਂਦੇ ਹਨ। ਕੇ. ਅਖਰ ਨਾਲ ਸ਼ੁਰੂ ਹੁੰਦੇ ਨਾਂ ਵਾਲੇ ਪਿਤਾ-ਪੁੱਤਰ ਦੀ ਜੋੜੀ ਸਾਰੇ ਸੱਟਾ ਸ਼ੌਕੀਨਾਂ ਦੀ ਗੌਡਫਾਦਰ ਬਣੀ ਹੋਈ ਹੈ। ਇਕ ਸੰਗੀਨ ਅਪਰਾਧਿਕ ਮਾਮਲੇ ਵਿਚ ਨਾਂ ਆਉਣ ਦੇ ਬਾਵਜੂਦ ਆਜ਼ਾਦ ਘੁੰਮ ਰਹੇ ਬੁਕੀਜ਼ ਦਾ ਬੇਟਾ ਖੁਦ ਵੀ 20 ਕਰੋੜ ਰੁਪਏ ਦੀ ਹਾਰ ਜਿੱਤ ਕਰ ਚੁੱਕਾ ਦੱਸਿਆ ਜਾ ਰਿਹਾ ਹੈ।
ਨੇਪਾਲ ਦਾ ਰਾਜਾ ਨਾਂ ਨਾਲ ਮਸ਼ਹੂਰ ਖਿਡਾਰੀ
ਕੁਝ ਸਾਲ ਪਹਿਲਾਂ ਦਿਹਾੜੀ ਲਾਉਣ ਵਾਲਾ ਦੂਸਰਾ ਖਿਡਾਰੀ ਸੱਟਾ ਮਾਫੀਆ ਦੀ ਦੁਨੀਆ ਵਿਚ ਨੇਪਾਲ ਦਾ ਰਾਜਾ ਨਾਂ ਨਾਲ ਮਸ਼ਹੂਰ ਹੋ ਚੁੱਕਾ ਹੈ। 2 ਤੋਂ 5 ਲੱਖ ਰੁਪਏ ਪ੍ਰਤੀ ਸਕੋਰ ਦਾ ਦਾਅ ਲਾਉਣ ਵਿਚ ਮਸ਼ਹੂਰ ਇਹ ਵਿਅਕਤੀ ਨੇਪਾਲ ਵਿਚ ਆਪਣਾ ਦੂਸਰਾ ਘਰ ਵਸਾਉਣ ਕਾਰਨ ਉਥੇ ਜਾ ਕੇ ਸੁਰੱਖਿਅਤ ਖੇਡਣ ਵਾਲਿਆਂ ਲਈ ਗਰੁੱਪ ਦਾ ਪਤਾ ਬਣ ਚੁੱਕਾ ਹੈ। ਗੋਆ ਵਿਚ ਪੂਰਾ ਜਹਾਜ਼ ਖਰੀਦ ਕੇ ਗੇਮ ਕਰਵਾਉਣ ਵਾਲੇ ਇਸ ਖਿਡਾਰੀ ਦੇ ਸਬੰਧ ਗੈਂਗਸਟਰਾਂ ਨਾਲ ਦੱਸੇ ਜਾ ਰਹੇ ਹਨ।
ਦੋ ਭਰਾਵਾਂ ਦੀ ਜੋੜੀ ਵੀ ਨਿਸ਼ਾਨੇ 'ਤੇ
ਸ਼ਹਿਰ ਵਿਚ ਦੋ ਭਰਾਵਾਂ ਦੀ ਜੋੜੀ ਆਈ.ਪੀ.ਐੱਲ. ਵਿਚ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੀ ਹੈ। ਇਕ ਭਰਾ ਜਿਥੇ ਹਾਰਨ 'ਤੇ ਗੁੰਡਾਗਰਦੀ ਲਈ ਚਰਚਾ ਵਿਚ ਹੈ, ਉਥੇ ਦੂਸਰੇ ਨੇ ਪਿਛਲੇ ਦਿਨੀਂ ਪੰਜਾਬ ਤੋਂ ਬਾਹਰ 1 ਕਰੋੜ ਰੁਪਏ ਹਾਰੇ ਸਨ ਪਰੰਤੂ ਵਾਪਸ ਆਉਂਦੇ ਹੀ ਭੁਗਤਾਨ ਕਰ ਦਿੱਤਾ। ਖਾਕੀ ਤੇ ਖਾਦੀ ਨਾਲ ਨੇੜਲਾ ਰਿਸ਼ਤਾ ਹੋਣ ਦਾ ਦਮ ਭਰਨ ਵਾਲੀ ਇਸ ਜੋੜੀ ਵਿਚੋਂ ਇਕ ਦੇ ਗੈਂਗਸਟਰ ਨਾਲ ਸਬੰਧ ਕਿਸੇ ਤੋਂ ਲੁਕੇ ਨਹੀਂ ਹਨ।
10 ਕਰੋੜ ਮਾਰ ਕੇ ਦਿੱਲੀ ਭੱਜਿਆ ਬੁਕੀਜ਼ ਵੀ ਸਰਗਰਮ
10 ਕਰੋੜ ਰੁਪਏ ਦੇ ਦਾਅ ਲਾ ਕੇ ਹਾਰਨ ਉਪਰੰਤ ਭੁਗਤਾਨ ਕਰਨ ਦੀ ਜਗ੍ਹਾ ਦਿੱਲੀ ਜਾ ਕੇ ਸੱਟਾ ਸ਼ੁਰੂ ਕਰਨ ਵਾਲਾ ਇਕ ਬੁਕੀਜ਼ ਸ਼ਹਿਰ ਦੇ ਉਨ੍ਹਾਂ ਉਦਯੋਗਪਤੀਆਂ ਨਾਲ ਦੁਬਾਰਾ ਸਬੰਧ ਬਣਾਉਣ ਦੀ ਕੋਸ਼ਿਸ਼ 'ਚ ਹੈ, ਜੋ ਮੈਚ ਨੂੰ ਖਤਮ ਹੁੰਦੇ ਹੀ ਹਾਰ ਜਿੱਤ ਦੀ ਰਕਮ ਫਿਰ ਉਹ ਚਾਹੇ ਕਿੰਨੀ ਵੀ ਹੋਵੇ, ਦਾ ਤੁਰੰਤ ਭੁਗਤਾਨ ਕਰ ਦਿੰਦੇ ਹਨ।
ਪਾਸਪੋਰਟ ਕਰਨਗੇ ਕਹਾਣੀ ਬਿਆਨ
ਆਈ.ਪੀ.ਐੱਲ. ਦੇ ਸ਼ੁਰੂ ਹੁੰਦੇ ਹੀ ਸੱਟਾ ਲਗਵਾਉਣ ਵਾਲੇ ਖਿਡਾਰੀਆਂ ਨੇ ਹੁਣ ਸ਼ਹਿਰ ਵਿਚ ਰਹਿ ਕੇ ਸਾਰਾ ਖੇਡ ਸ਼ੁਰੂ ਕਰ ਦਿੱਤਾ ਹੈ। ਹਰ ਮੈਚ 'ਤੇ ਕਰੋੜਾਂ ਰੁਪਏ ਦੀ ਹਾਰ ਜਿੱਤ ਦਾ ਮੈਚ ਖਤਮ ਹੁੰਦੇ ਭੁਗਤਾਨ ਕਰਨ ਲਈ ਲੋਕਲ ਲੈਵਲ 'ਤੇ ਜਿਥੇ ਵੱਡੇ ਬੁਕੀਜ਼ ਛੋਟੇ ਮੋਟੇ ਗੈਂਗਸਟਰਾਂ ਦੀ ਸੇਵਾ ਲੈਣ ਲੱਗੇ ਹਨ, ਉਥੇ ਦੂਸਰੇ ਸ਼ਹਿਰਾਂ ਅਤੇ ਰਾਜਾਂ ਵਿਚ ਹਵਾਲੇ ਰਾਹੀਂ ਰਕਮ ਅਦਾ ਕੀਤੀ ਜਾ ਰਹੀ ਹੈ। ਸ਼੍ਰੀਲੰਕਾ ਤੇ ਗੋਆ ਨੂੰ ਲੋਕਲ ਦੀ ਤਰ੍ਹਾਂ ਸਮਝਣ ਵਾਲੇ ਬੁਕੀਜ਼ ਦੇ ਪਾਸਪੋਰਟ ਪੁਲਸ ਨੂੰ ਸਾਰੀ ਕਹਾਣੀ ਬਿਆਨ ਕਰਨਗੇ।
ਜੇਲਾਂ 'ਚ ਬੰਦ ਗੈਂਗਸਟਰਾਂ ਦੀ ਕਾਲ ਸਰਵਿਸ ਲਾਈਨ 'ਤੇ
ਬੁਕੀਜ਼ ਤੇ ਗੈਂਗਸਟਰਾਂ ਵਿਚਕਾਰ ਸਬੰਧਾਂ ਦੀ ਲੜੀ ਲੱਭ ਰਹੀ ਪੁਲਸ ਲਈ ਜੇਲਾਂ ਵਿਚ ਬੰਦ ਖਤਰਨਾਕ ਗੈਂਗਸਟਰਾਂ ਵੱਲੋਂ ਕੀਤੀ ਜਾ ਰਹੀ ਕਾਲ ਕਾਫੀ ਮਦਦਗਾਰ ਬਣ ਸਕਦੀ ਹੈ। ਸੂਤਰਾਂ ਦੀ ਮੰਨੀਏ ਤਾਂ ਚੁਣਵੇਂ ਗੈਂਗਸਟਰਾਂ ਵੱਲੋਂ ਜੇਲਾਂ ਵਿਚ ਵਰਤੇ ਜਾ ਰਹੇ ਮੋਬਾਇਲ ਨੰਬਰ ਸਰਵਿਸ ਲਾਈਨ 'ਤੇ ਲੱਗੇ ਹੋਏ ਹਨ।


Related News