ਮਹਾਨਗਰ ਦੇ ਕਈ ਬੁੱਕੀਜ਼ ਸਨ ਗੈਂਗਸਟਰ ਭਾਲੂ ਦੀ ਰਾਡਾਰ ''ਤੇ

09/07/2017 4:05:14 AM

ਲੁਧਿਆਣਾ(ਪੰਕਜ)-ਜਲੰਧਰ ਪੁਲਸ ਵੱਲੋਂ ਲੁਧਿਆਣਾ ਦੇ ਸਹਿਯੋਗ ਨਾਲ ਮੋਸਟ ਵਾਂਟੇਡ ਗੈਂਗਸਟਰ ਗੁਰਸ਼ਰਨ ਸਿੰਘ ਭਾਲੂ ਨੂੰ ਕਾਬੂ ਕਰਨ ਦੀ ਖ਼ਬਰ ਨੇ ਮਹਾਨਗਰ ਦੇ ਕਈ ਨਾਮੀ ਬੁੱਕੀਜ਼ ਦੀ ਨੀਂਦ ਉਡਾ ਦਿੱਤੀ ਹੈ। ਆਪਣੀ 7 ਮਹੀਨੇ ਦੀ ਫਰਾਰੀ ਉਪਰੰਤ ਭਾਲੂ ਨਾ ਸਿਰਫ ਜ਼ਿਆਦਾ ਸਮਾਂ ਲੁਧਿਆਣਾ ਵਿਚ ਰਿਹਾ, ਬਲਕਿ ਇਸ ਦੌਰਾਨ ਉਸ ਨੇ ਕਈ ਬੁਕੀਜ਼ ਤੋਂ ਧਮਕਾ ਕੇ ਮੋਟੀ ਰਕਮ ਵੀ ਉਗਰਾਹੀ ਸੀ। ਪੁਲਸ ਰਿਮਾਂਡ 'ਤੇ ਅਧਿਕਾਰੀ ਭਾਲੂ ਤੋਂ ਉਨ੍ਹਾਂ ਸਾਰੇ ਲੋਕਾਂ ਦੇ ਨਾਂ ਉਗਲਵਾ ਰਹੀ ਹੈ, ਜਿਨ੍ਹਾਂ ਨੇ ਉਸ ਦੀ ਆਰਥਿਕ ਮਦਦ ਕੀਤੀ ਸੀ। ਅਸਲ ਵਿਚ ਪੰਜਾਬ ਵਿਚ ਜਿੰਨੇ ਵੀ ਖਤਰਨਾਕ ਗੈਂਗਸਟਰ ਐੱਸ. ਟੀ. ਐੱਫ. ਅਤੇ ਸਥਾਨਕ ਪੁਲਸ ਦੇ ਅਣਥੱਕ ਯਤਨਾਂ ਦੇ ਬਾਵਜੂਦ ਅਜੇ ਤੱਕ ਆਜ਼ਾਦ ਘੁੰਮ ਰਹੇ ਹਨ, ਉਨ੍ਹਾਂ ਦੇ ਸ਼ਾਹੀ ਖਰਚ ਕੋਈ ਹੋਰ ਨਹੀਂ ਬਲਕਿ ਨਾਮੀ ਬੁੱਕੀਜ਼ ਅਤੇ ਜੁਆਰੀ ਹੀ ਚੁੱਕਦੇ ਹਨ। ਗੈਂਗਸਟਰਾਂ ਲਈ ਸੋਨੇ ਦੀ ਖਾਨ ਬਣ ਚੁੱਕੇ ਰਾਜ ਵਿਚ ਸਰਗਰਮ ਬੁੱਕੀਜ਼ ਜਾਂ ਤਾਂ ਆਪਣਾ ਧੰਦਾ ਜਮਾਈ ਰੱਖਣ ਲਈ ਇਨ੍ਹਾਂ ਅਪਰਾਧੀਆਂ ਦੀ ਵਿੱਤੀ ਮਦਦ ਕਰਦੇ ਹਨ ਜਾਂ ਫਿਰ ਉਨ੍ਹਾਂ ਦੇ ਡਰ ਜਾਂ ਜੂਏ ਵਿਚ ਜਿੱਤੀ ਮੋਟੀ ਰਕਮ ਦੀ ਵਸੂਲੀ ਲਈ ਇਨ੍ਹਾਂ ਨਾਲ ਸਬੰਧ ਬਣਾਈ ਰੱਖਦੇ ਹਨ। ਆਟੋ ਡਰਾਈਵਰ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਗੈਂਗਸਟਰ ਗੋਰੂ ਬੱਚਾ ਦੇ ਪ੍ਰਕੋਪ ਦਾ ਸ਼ਿਕਾਰ ਹੋਇਆ ਕਥਿਤ ਫਾਈਨਾਂਸਰ ਵੀ ਇਸ ਦੇ ਸਮੇਂ-ਸਮੇਂ 'ਤੇ ਆਰਥਿਕ ਮਦਦ ਕਰਦਾ ਸੀ। ਜਲੰਧਰ ਵਿਚ ਪੰਚ ਮਨੂਰ 'ਤੇ ਕਾਤਲਾਨਾ ਹਮਲਾ ਕਰਨ ਤੋਂ ਬਾਅਦ ਤੋਂ ਲੈ ਕੇ ਫੜੇ ਜਾਣ ਤੱਕ ਗੈਂਗਸਟਰ ਭਾਲੂ ਨਾ ਸਿਰਫ ਜ਼ਿਆਦਾਤਰ ਲੁਧਿਆਣਾ ਡੇਰਾ ਜਮਾਈ ਰਿਹਾ ਸੀ ਬਲਕਿ ਇਸ ਦੌਰਾਨ ਉਸ ਨੇ ਕਈ ਨਾਮੀ ਬੁੱਕੀਜ਼ ਤੋਂ ਮੋਟੀ ਰਕਮ ਵੀ ਸਮੇਂ ਸਮੇਂ 'ਤੇ ਵਸੂਲੀ ਸੀ। ਜਲੰਧਰ ਪੁਲਸ ਵੱਲੋਂ ਪੁੱਛਗਿੱਛ ਦੌਰਾਨ ਕਈ ਖੁਲਾਸੇ ਹੋਣ ਦੀ ਖ਼ਬਰ ਨੇ ਜਲੰਧਰ ਅਤੇ ਲੁਧਿਆਣਾ ਦੇ ਬੁੱਕੀਜ਼ ਨੂੰ ਪੁਲਸ ਦੀ ਰਾਡਾਰ 'ਤੇ ਲਿਆ ਖੜ੍ਹਾ ਕੀਤਾ। ਬੀਤੇ ਦਿਨੀਂ ਫਿਰੋਜ਼ਪੁਰ ਰੋਡ 'ਤੇ ਪੁਲਸ ਵੱਲੋਂ ਕੀਤੀ ਛਾਪੇਮਾਰੀ ਦੌਰਾਨ ਗ੍ਰਿਫਤਾਰ ਕੀਤੇ ਜੁਆਰੀਆਂ ਵਿਚ ਜ਼ਿਆਦਾਤਰ ਉਹ ਸਨ, ਜਿਨ੍ਹਾਂ ਨੇ ਲੰਬੇ ਸਮੇਂ ਤੋਂ ਅੰਬਾਲਾ ਅਤੇ ਰਾਜਪੁਰਾ ਨੂੰ ਆਪਣਾ ਟਿਕਾਣਾ ਬਣਾਇਆ ਹੋਇਆ ਸੀ ਪਰ ਅੰਮ੍ਰਿਤਸਰ ਦੇ ਖਤਰਨਾਕ ਗੈਂਗਸਟਰ ਵੱਲੋਂ ਉਨ੍ਹਾਂ ਦੇ ਟਿਕਾਣੇ 'ਤੇ ਪੁੱਜ ਕੇ ਨਾ ਸਿਰਫ ਲੁਧਿਆਣਾ ਦੇ ਇਕ ਆਗੂ ਦੇ ਨੇੜਲੇ ਰਿਸ਼ਤੇਦਾਰ 'ਤੇ ਪਿਸਤੌਲ ਤਾਣ ਦਿੱਤੀ ਬਲਕਿ ਦੋਵਾਂ 'ਚ ਸਮਝੌਤਾ ਕਰਵਾਉਣ ਵਾਲਾ ਵਿਅਕਤੀ, ਜੋ ਕਿ ਆਪ ਇਨ੍ਹੀਂ ਦਿਨੀਂ ਮਹਾਨਗਰ ਦੀ ਪੁਲਸ ਦੇ ਨਿਸ਼ਾਨੇ 'ਤੇ ਹੈ, ਨੇ ਹੀ ਸਾਰੇ ਜੁਆਰੀਆਂ ਨੂੰ ਮਹਾਨਗਰ ਦੇ ਫਾਈਵ ਸਟਾਰ ਹੋਟਲ 'ਚ ਸੁਰੱਖਿਆ ਦੀ ਗਾਰੰਟੀ ਦੇ ਕੇ ਗੇਮ ਵਿਚ ਆਉਣ ਦਾ ਸੱਦਾ ਦਿੱਤਾ ਸੀ। ਸੂਤਰਾਂ ਦੀ ਮੰਨੀਏ ਤਾਂ ਪਿਛਲੇ 6 ਸਾਲਾਂ ਤੋਂ ਇਕ ਵਾਰ ਵੀ ਜੂਆ ਨਾ ਹਾਰਨ ਵਾਲੇ ਇਸ ਖਿਡਾਰੀ ਦਾ ਨਾ ਸਿਰਫ ਹੋਟਲ ਵਿਚ ਚੱਲ ਰਹੇ ਜੂਏ 'ਚ 60 ਪੈਸੇ ਹਿੱਸਾ ਸੀ ਬਲਕਿ ਹਾਰਨ ਵਾਲੇ ਨੂੰ ਵਿਆਜ 'ਤੇ ਰਕਮ ਦੇਣ ਲਈ ਇਸ ਨੇ ਆਪਣੇ ਦੋ ਭਰੋਸੇਯੋਗ ਵਿਅਕਤੀਆਂ ਨੂੰ ਲੱਖਾਂ ਰੁਪਏ ਨਕਦ ਦੇ ਕੇ ਉੱਥੇ ਤਾਇਨਾਤ ਕੀਤਾ ਹੋਇਆ ਸੀ। ਹਿਰਾਸਤ ਦੌਰਾਨ ਜੁਆਰੀਆਂ ਵੱਲੋਂ ਪੁਲਸ ਨੂੰ ਦੱਸੇ ਗਏ ਸੱਚ ਤੋਂ ਬਾਅਦ ਹੀ ਉਕਤ ਵਿਅਕਤੀ ਅਧਿਕਾਰੀਆਂ ਦੇ ਨਿਸ਼ਾਨੇ 'ਤੇ ਚੱਲ ਰਿਹਾ ਹੈ ਅਤੇ ਉਸ ਨੂੰ ਕਈ ਵਾਰ ਪੁੱਛਗਿੱਛ ਹਿੱਤ ਸੀ. ਆਈ. ਏ. ਵਿਚ ਬੁਲਾਇਆ ਵੀ ਜਾ ਚੁੱਕਾ ਹੈ ਪਰ ਅਧਿਕਾਰੀ ਬਿਨਾਂ ਪੁਖਤਾ ਸਬੂਤ ਜੁਟਾਏ ਉਸ ਨੂੰ ਹੱਥ ਪਾਉਣ ਤੋਂ ਗੁਰੇਜ਼ ਕਰ ਰਹੇ ਹਨ, ਕਿਉਂਕਿ ਕਈ ਸਥਾਨਕ ਆਗੂ ਖੁੱਲ੍ਹ ਕੇ ਇਸ ਵਿਅਕਤੀ ਦੀ ਸਿਫਾਰਸ਼ ਕਰਨ ਵਿਚ ਲੱਗੇ ਹੋਏ ਹਨ।


Related News