ਗੈਂਗਸਟਰ ਗੋਪੀ ਲਾਹੋਰੀਆ ਦਾ ਸਾਥੀ ਅਸਲੇ ਸਮੇਤ ਕਾਬੂ, ਇਕ ਦਿਨ ਦਾ ਪੁਲਸ ਰਿਮਾਂਡ

Thursday, Mar 14, 2024 - 05:48 PM (IST)

ਗੈਂਗਸਟਰ ਗੋਪੀ ਲਾਹੋਰੀਆ ਦਾ ਸਾਥੀ ਅਸਲੇ ਸਮੇਤ ਕਾਬੂ, ਇਕ ਦਿਨ ਦਾ ਪੁਲਸ ਰਿਮਾਂਡ

ਮੋਗਾ (ਆਜ਼ਾਦ) : ਜ਼ਿਲ੍ਹਾ ਪੁਲਸ ਮੁਖੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਮੋਗਾ ਪੁਲਸ ਵੱਲੋਂ ਗੈਂਗਸਟਰਾਂ ਨਾਲ ਸਬੰਧ ਰੱਖਣ ਵਾਲੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਕੈਨੇਡਾ ਰਹਿੰਦੇ ਕਥਿਤ ਗੈਂਗਸਟਰ ਦਵਿੰਦਰਪਾਲ ਸਿੰਘ ਉਰਫ ਗੋਪੀ ਲਾਹੋਰੀਆ ਦੇ ਸਾਥੀ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨਿਵਾਸੀ ਮੋਗਾ ਨੂੰ ਕਾਬੂ ਕਰ ਕੇ ਉਸ ਕੋਲੋਂ ਅਸਲਾ ਬਰਾਮਦ ਕੀਤਾ। ਉਨ੍ਹਾਂ ਕਿਹਾ ਕਿ ਐੱਸ. ਪੀ. ਆਈ. ਬਾਲ ਕ੍ਰਿਸ਼ਨ ਸਿੰਗਲਾ, ਡੀ. ਐੱਸ. ਪੀ. ਆਈ. ਹਰਿੰਦਰ ਸਿੰਘ ਡੋਡ ਦੀ ਅਗਵਾਈ ਹੇਠ ਜਦੋਂ ਸੀ. ਆਈ. ਏ. ਸਟਾਫ਼ ਮੋਗਾ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਦੀ ਅਗਵਾਈ ਵਿਚ ਸਹਾਇਕ ਥਾਣੇਦਾਰ ਗੁਰਜੀਤ ਸਿੰਘ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ ਕਰਦੇ ਹੋਏ ਚੜਿੱਕ ਰੋਡ ਜੀ. ਟੀ. ਰੋਡ ਮੋਗਾ-ਬਾਘਾ ਪੁਰਾਣਾ ’ਤੇ ਜਾ ਰਹੇ ਸੀ ਤਾਂ ਉਨ੍ਹਾਂ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਕਥਿਤ ਗੈਂਗਸਟਰ ਦਵਿੰਦਰਪਾਲ ਸਿੰਘ ਉਰਫ ਗੋਪੀ ਲਾਹੋਰੀਆ ਨਿਵਾਸੀ ਮੋਗਾ ਜੋ ਕੈਨੇਡਾ ਰਹਿੰਦਾ ਹੈ, ਨੇ ਆਪਣੇ ਸਾਥੀ ਗੁਰਪ੍ਰੀਤ ਸਿੰਘ ਉਰਫ ਗੋਪੀ ਨਿਵਾਸੀ ਬੁੱਕਣ ਵਾਲਾ ਰੋਡ ਮੋਗਾ ਨੂੰ ਵਾਰਦਾਤਾਂ ਕਰਵਾਉਣ ਲਈ ਨਾਜਾਇਜ਼ ਅਸਲੇ ਸਪਲਾਈ ਕਰਵਾਏ ਹਨ।

ਅੱਜ ਉਹ ਚੁੰਗੀ ਨੰਬਰ 3 ਮੋਗਾ ਤੋਂ ਥੋੜਾ ਅੱਗੇ ਕੋਟਕਪੂਰਾ ਰੋਡ ’ਤੇ ਬਾਬਾ ਮੱਲਣ ਸ਼ਾਹ ਦੀ ਦਰਗਾਹ ਨੂੰ ਜਾਂਦੇ ਰਸਤੇ ਕੋਲ ਖੜ੍ਹਾ ਕਿਸੇ ਦੀ ਉਡੀਕ ਕਰ ਰਿਹਾ ਹੈ ਜੇਕਰ ਛਾਪੇਮਾਰੀ ਕੀਤੀ ਜਾਵੇ ਤਾਂ ਉਹ ਅਸਲੇ ਸਮੇਤ ਕਾਬੂ ਆ ਸਕਦਾ ਹੈ, ਜਿਸ ’ਤੇ ਪੁਲਸ ਪਾਰਟੀ ਨੇ ਦੱਸੀ ਗਈ ਜਗ੍ਹਾ ’ਤੇ ਛਾਪੇਮਾਰੀ ਕਰ ਕੇ ਗੁਰਪ੍ਰੀਤ ਸਿੰਘ ਉਰਫ ਗੋਪੀ ਨੂੰ ਕਾਬੂ ਕੀਤਾ, ਜਿਸ ਕੋਲੋਂ ਦੋ ਦੇਸੀ ਪਿਸਤੌਲ 32 ਬੋਰ ਸਮੇਤ ਕਾਰਤੂਸ ਅਤੇ ਇਕ ਦੇਸੀ ਕੱਟਾ 315 ਬੋਰ ਸਮੇਤ ਇਕ ਕਾਰਤੂਸ ਬਰਾਮਦ ਕੀਤੇ ਗਏ। ਕਥਿਤ ਮੁਲਜ਼ਮ ਖ਼ਿਲਾਫ ਥਾਣਾ ਸਿਟੀ ਸਾਊਥ ਵਿਚ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਉਕਤ ਮਾਮਲੇ ਵਿਚ ਦੋ ਹੋਰ ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਜਾ ਰਿਹਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਸਾਰਿਆਂ ਨੇ ਮਿਲ ਕੇ ਮੋਗਾ ਜ਼ਿਲ੍ਹੇ ਤੋਂ ਬਾਹਰਲੇ ਜ਼ਿਲ੍ਹੇ ਵਿਚ ਕਿਸੇ ਵਿਅਕਤੀ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਸੀ ਪਰ ਪੁਲਸ ਨੇ ਦਬੋਚ ਲਿਆ। ਉਨ੍ਹਾਂ ਕਿਹਾ ਕਿ ਕਥਿਤ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਇਹ ਵੀ ਮੰਨਿਆ ਕਿ ਉਕਤ ਅਸਲੇ ਉਸ ਨੂੰ ਦਵਿੰਦਰਪਾਲ ਸਿੰਘ ਉਰਫ਼ ਗੋਪੀ ਲਾਹੋਰੀਆ ਨੇ ਮੁਹੱਈਆ ਕਰਵਾਏ ਹਨ। ਕਥਿਤ ਮੁਲਜ਼ਮ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ। ਪੁਲਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਇਹ ਜਾਨਣ ਦਾ ਯਤਨ ਕਰ ਰਹੀ ਹੈ ਕਿ ਕਿਸ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ। ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ 18 ਅਪ੍ਰੈਲ 2023 ਨੂੰ ਥਾਣਾ ਸਿਟੀ ਸਾਊਥ ਮੋਗਾ ਵਿਚ ਲੜਾਈ ਝਗੜੇ ਦਾ ਮਾਮਲਾ ਦਰਜ ਹੋਇਆ ਸੀ, ਜਦਕਿ ਦਵਿੰਦਰਪਾਲ ਸਿੰਘ ਉਰਫ ਲਾਹੋਰੀਆ ਖ਼ਿਲਾਫ 5 ਮਾਮਲੇ ਵੱਖ-ਵੱਖ ਥਾਣਿਆਂ ਵਿਚ ਦਰਜ ਹਨ।


author

Gurminder Singh

Content Editor

Related News