ਅਣਪਛਾਤੇ ਗੈਂਗਸਟਰਾਂ ਨੇ ਕਾਰੋਬਾਰੀ ਦੀ ਗੱਡੀ ’ਤੇ ਚਲਾਈਆਂ ਗੋਲੀਆਂ
Wednesday, Feb 10, 2021 - 06:27 PM (IST)
ਮੋਗਾ (ਅਜ਼ਾਦ)- ਬੀਤੇ ਸਾਲ ਮੋਗਾ ਦੇ ਮੇਨ ਬਜ਼ਾਰ ਵਿਚ ਸਥਿਤ ਸ਼ਰਮਾ ਸਵੀਟਸ ਦੇ ਸੰਚਾਲਕਾਂ ਤੋਂ ਵਿਦੇਸ਼ਾਂ ਵਿਚ ਬੈਠੇ ਗੈਂਗਸਟਰ ਵੱਲੋਂ ਮੋਬਾਇਲ ਫੋਨ ’ਤੇ ਰੰਗਦਾਰੀ ਮੰਗੀ ਗਈ ਸੀ, ਜਿਸ ਕਾਰਣ ਮੋਗਾ ਪੁਲਸ ਨੇ ਉਨ੍ਹਾਂ ਦੀਆਂ ਦੁਕਾਨਾਂ ਅਤੇ ਘਰ ਦੇ ਮੂਹਰੇ ਪੁਲਸ ਦੇ ਸੁਰੱਖਿਆ ਪ੍ਰਬੰਧ ਕੀਤੇ ਗਏ। ਰੰਗਦਾਰੀ ਨਾ ਮਿਲਣ ਤੋਂ ਖਫ਼ਾ ਮੋਟਰਸਾਈਕਲ ਸਵਾਰ ਹਥਿਆਰਬੰਦ ਵਿਅਕਤੀਆਂ ਵੱਲੋਂ ਉਨ੍ਹਾਂ ਦੀ ਸਵਿਫਟ ਕਾਰ 'ਤੇ ਫਾਇਰਿੰਗ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਥਾਣਾ ਮਹਿਣਾ ਦੇ ਇੰਚਾਰਜ ਕੋਮਲਪ੍ਰੀਤ ਸਿੰਘ ਨੇ ਦੱਸਿਆ ਕਿ ਮੇਨ ਬਾਜ਼ਾਰ ਮੋਗਾ ਵਿਚ ਸਥਿਤ ਸਵੀਟਸ ਦੁਕਾਨ ਦੇ ਸੰਚਾਲਕ ਬਲਵੰਤ ਸ਼ਰਮਾ ਅਤੇ ਉਨ੍ਹਾਂ ਦਾ ਭਤੀਜਾ ਜਸ਼ਨਦੀਪ ਸ਼ਰਮਾ ਆਪਣੀ ਸਵਿਫਟ ਗੱਡੀ ਤੇ ਪਿੰਡ ਲੋਪੋਂ ਜਾ ਰਹੇ ਸਨ, ਜਦ ਉਹ ਧੂੜਕੋਟ ਅਤੇ ਬੁੱਟਰ ਦੇ ਵਿਚਕਾਰ ਪੁੱਜੇ ਤਾਂ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਨ੍ਹਾਂ ਦੀ ਗੱਡੀ 'ਤੇ ਫਾਇਰਿੰਗ ਕਰ ਦਿੱਤੀ ਪਰ ਉਹ ਵਾਲ-ਵਾਲ ਬਚ ਗਏ, ਜਿਸ 'ਤੇ ਉਨ੍ਹਾਂ ਪੁਲਸ ਨੂੰ ਸੂਚਿਤ ਕੀਤਾ। ਘਟਨਾ ਦੀ ਜਾਣਕਾਰੀ ਮਿਲਣ ਤੇ ਉਕਤ ਇਲਾਕੇ ਨੂੰ ਸੀਲ ਕੀਤਾ ਗਿਆ ਤਾਂ ਕਿ ਹਮਲਾਵਰ ਕਾਬੂ ਆ ਸਕੇ।
ਉਨ੍ਹਾਂ ਕਿਹਾ ਕਿ ਜਸ਼ਨਦੀਪ ਸ਼ਰਮਾ ਦੇ ਬਿਆਨਾਂ ਤੇ ਥਾਣਾ ਮਹਿਣਾ ਵਿਚ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਜਦ ਇਸ ਸਬੰਧ ਵਿਚ ਡੀ.ਐਸ.ਪੀ ਜੰਗਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਬੈਠੇ ਗੈਂਗਸਟਰਾਂ ਵੱਲੋਂ ਕਈ ਲੋਕਾਂ ਨੂੰ ਫੋਨ 'ਤੇ ਧਮਕੀਆਂ ਦੇ ਕੇ ਰੰਗਦਾਰੀ ਦੀ ਮੰਗ ਕੀਤੀ ਜਾ ਰਹੀ ਹੈ, ਜਿਨ੍ਹਾਂ ਖ਼ਿਲਾਫ਼ ਰੈਡ ਕਾਰਨਰ ਨੋਟਿਸ ਜਾਰੀ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਵੀ ਜਿਨ੍ਹਾਂ ਲੋਕਾਂ ਨੂੰ ਧਮਕੀਆਂ ਮਿਲੀਆਂ ਹਨ ਕਿ ਉਹ ਇਕੱਲੇ ਨਾ ਜਾਣ ਅਤੇ ਆਪਣੇ ਨਾਲ ਗੰਨਮੈਨ ਲੈ ਕੇ ਜਾਣ। ਜੇਕਰ ਸ਼ਰਮਾ ਸਵੀਟਸ ਦੇ ਨਾਲ ਗੰਨਮੈਨ ਹੁੰਦੇ ਤਾਂ ਅਣਪਛਾਤੇ ਹਮਲਾਵਰ ਕਾਬੂ ਆ ਸਕਦੇ ਸਨ।