ਗੈਂਗਸਟਰਾਂ ਦੇ ਵਿਦੇਸ਼ ਭੱਜਣ ਦੇ ਮਾਮਲੇ ''ਚ ਵੱਡਾ ਖ਼ੁਲਾਸਾ, 3 ਏਜੰਟ ਗ੍ਰਿਫ਼ਤਾਰ
Tuesday, May 21, 2024 - 06:33 PM (IST)
ਮੋਹਾਲੀ (ਸੰਦੀਪ) : ਸਟੇਟ ਸਪੈਸ਼ਲ ਆਪਰੇਟਿੰਗ ਸੈੱਲ (ਐੱਸ.ਐੱਸ.ਓ.ਸੀ.) ਮੋਹਾਲੀ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਸੈੱਲ ਨੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਦੇਸ਼ ’ਚੋਂ ਫ਼ਰਾਰ ਹੋਣ ਵਿਚ ਮਦਦ ਕਰਨ ਵਾਲੇ 3 ਏਜੰਟਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਇਮੀਗ੍ਰੇਸ਼ਨ ਏਜੰਟ ਮੁੱਖ ਤੌਰ 'ਤੇ ਗੈਂਗਸਟਰਾਂ ਨੂੰ ਭਾਰਤ ਤੋਂ ਵਿਦੇਸ਼ ਭੇਜ ਕੇ ਉੱਥੇ ਸੈਟਲ ਵੀ ਕਰਵਾਉਂਦੇ ਸਨ। ਇਨ੍ਹਾਂ ਇਮੀਗ੍ਰੇਸ਼ਨ ਏਜੰਟਾਂ ਵੱਲੋਂ ਪਾਸਪੋਰਟ ਅਤੇ ਹੋਰ ਦਸਤਾਵੇਜ਼ ਤੱਕ ਜਾਅਲੀ ਬਣਾਏ ਜਾਂਦੇ ਸਨ। ਮੁਲਜ਼ਮਾਂ ਦੀ ਪਛਾਣ ਜਲੰਧਰ ਨਿਵਾਸੀ ਜਗਜੀਤ ਸਿੰਘ ਉਰਫ਼ ਜੀਤਾ, ਮੁਹੰਮਦ ਸਾਜੇਬ ਅਤੇ ਮੁਹੰਮਦ ਕੈਫ ਵਜੋਂ ਹੋਈ ਹੈ। ਸੈੱਲ ਵੱਲੋਂ ਤਿੰਨੇ ਮੁਲਾਜ਼ਮਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਫ਼ਿਲਹਾਲ ਇਸ ਮਾਮਲੇ ’ਚ ਕਈ ਵੱਡੇ ਖੁਲਾਸੇ ਹੋ ਸਕਦੇ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਮੁਲਜ਼ਮ ਹੁਣ ਤੱਕ 15 ਤੋਂ 20 ਗੈਂਗਸਟਰਾਂ ਨੂੰ ਵਿਦੇਸ਼ ਫ਼ਰਾਰ ਹੋਣ ’ਚ ਮਦਦ ਕਰ ਚੁੱਕੇ ਸਨ।
ਇਹ ਵੀ ਪੜ੍ਹੋ : ਪੰਜਾਬ ਵਿਚ ਰਿਕਾਰਡ ਤੋੜ ਗਰਮੀ ਦੇ ਚੱਲਦਿਆਂ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ
ਜਾਣਕਾਰੀ ਮੁਤਾਬਕ ਐੱਸ.ਐੱਸ.ਓ.ਸੀ. ਮੋਹਾਲੀ ਨੂੰ ਮੁਖਬਰਾਂ ਤੋਂ ਸੂਚਨਾ ਮਿਲੀ ਸੀ ਕਿ ਕਈ ਹਾਰਡਕੋਰ ਕ੍ਰਿਮੀਨਲ ਜਿਨ੍ਹਾਂ ਨੇ ਘਿਨਾਉਣੇ ਅਪਰਾਧ ਕੀਤੇ ਹਨ, ਉਹ ਜ਼ਮਾਨਤ ’ਤੇ ਜੇਲ੍ਹ ਤੋਂ ਬਾਹਰ ਆਏ ਹੋਏ ਹਨ ਪਰ ਇਹ ਭਾਰਤ ਛੱਡ ਵਿਦੇਸ਼ ਭੱਜਣ ਦੀ ਫਿਰਾਕ ਵਿਚ ਹਨ। ਕੁਝ ਜਾਅਲੀ ਇਮੀਗ੍ਰੇਸ਼ਨ ਏਜੰਟ ਇੰਨ੍ਹਾਂ ਦੀ ਮਦਦ ਕਰ ਰਹੇ ਹਨ। ਸੂਚਨਾ ਮਿਲਦੇ ਹੀ ਐੱਸ.ਐੱਸ.ਓ.ਸੀ. ਨੇ ਪਹਿਲਾਂ ਜਲੰਧਰ ਦੇ ਰਹਿਣ ਵਾਲੇ ਜਗਜੀਤ ਸਿੰਘ ਉਰਫ਼ ਜੀਤਾ ਨੂੰ ਗ੍ਰਿਫ਼ਤਾਰ ਕਰ ਲਿਆ। ਜਗਜੀਤ ਤੋਂ ਪੁੱਛਗਿੱਛ ’ਚ ਹੋਰ ਦੋ ਸਾਥੀਆਂ ਮੁਹੰਮਦ ਸਾਜੇਬ ਅਤੇ ਮੁਹੰਮਦ ਕੈਫ ਦੇ ਬਾਰੇ ਜਾਣਕਾਰੀ ਮਿਲੀ। ਇਨ੍ਹਾਂ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਰਿਕਾਰਡ ਤੋੜ ਰਹੀ ਗਰਮੀ, 46 ਡਿਗਰੀ ਪੁੱਜਾ ਇਸ ਜ਼ਿਲ੍ਹੇ ਦਾ ਤਾਪਮਾਨ, ਇਕ ਦੀ ਮੌਤ
ਜ਼ਮਾਨਤ ਜਾਂ ਪੈਰੋਲ ’ਤੇ ਬਾਹਰ ਆਏ ਅਪਰਾਧੀਆਂ ਨਾਲ ਕਰਦੇ ਸਨ ਸੰਪਰਕ
ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨੋਂ ਇੱਕੋ ਗਿਰੋਹ ਬਣਾ ਕੇ ਕੰਮ ਕਰਦੇ ਸਨ। ਤਿੰਨੇ ਹੀ ਪੈਰੋਲ ਜਾਂ ਫਿਰ ਜ਼ਮਾਨਤ ’ਤੇ ਆਏ ਅਪਰਾਧੀਆਂ ਨਾਲ ਸੰਪਰਕ ਕਰਦੇ ਸਨ। ਇਸ ਤੋਂ ਇਲਾਵਾ ਜੋ ਵੀ ਵਿਦੇਸ਼ ਫ਼ਰਾਰ ਹੋਣ ਦੀ ਇੱਛਾ ਰੱਖਦਾ ਸੀ, ਉਸ ਮੁਲਜ਼ਮ ਦੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਉਸ ਨੂੰ ਬੰਗਾਲ ਦੇ ਰਸਤੇ, ਹਾਂਗਕਾਂਗ ਜਾਂ ਯੂਰਪੀਅਨ ਦੇਸ਼ ਪੋਲੈਂਡ-ਪੁਰਤਗਾਲ ਭੇਜ ਦਿੰਦੇ ਸਨ ਜਿਸ ਤੋਂ ਬਾਅਦ ਉਹ ਅਪਰਾਧੀ ਉੱਥੇ ਲੁੱਕ ਕੇ ਰਹਿੰਦੇ ਸਨ। ਇਥੇ ਪੁਲਸ ਉਨ੍ਹਾਂ ਦੀ ਭਾਲ ਵਿਚ ਲੱਗੀ ਰਹਿੰਦੀ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, ਤਿੰਨ ਭਾਜਪਾ ਵਰਕਰਾਂ ਦੀ ਤੇਜ਼ਧਾਰ ਹਥਿਆਰਾਂ ਨਾਲ ਵੱਢ-ਟੁੱਕ
ਰਿੰਦਾ ਦੇ ਸਾਥੀ ਗੈਂਗਸਟਰ ਗੋਪੀ ਨਵਾਂਸ਼ਹਿਰੀਆ ਨੂੰ ਭੇਜਿਆ ਸੀ ਪੋਲੈਂਡ
ਐੱਸ.ਐੱਸ.ਓ.ਸੀ. ਦੀ ਜਾਂਚ ਵਿਚ ਸਾਹਮਣੇ ਆਇਆ ਕਿ ਇਨ੍ਹਾਂ ਨੇ 15-20 ਗੈਂਗਸਟਰਾਂ ਨੂੰ ਵਿਦੇਸ਼ ਭੇਜਿਆ ਹੈ। ਜਿਨ੍ਹਾਂ ਦੇ ਪਾਸਪੋਰਟ ਤੱਕ ਇਨ੍ਹਾਂ ਨੇ ਜਾਅਲੀ ਬਣਾਏ ਸਨ। ਇਨ੍ਹਾਂ ਵਿਚ ਗੈਂਗਸਟਰ ਗੋਪੀ ਨਵਾਂਸ਼ਹਿਰੀਆ ਵੀ ਸ਼ਾਮਲ ਹੈ, ਜੋ ਗੈਂਗਸਟਰ ਹਰਵਿੰਦਰ ਰਿੰਦਾ ਦਾ ਸਾਥੀ ਦੱਸਿਆ ਜਾਂਦਾ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਏਜੰਟਾਂ ਨੇ ਗੋਪੀ ਨਵਾਂਸ਼ਹਿਰੀਆ ਨੂੰ ਸਾਲ 2022 ਵਿਚ ਪੋਲੈਂਡ ਭੇਜਿਆ ਸੀ। ਸੰਗਰੂਰ ਦਾ ਗੈਂਗਸਟਰ ਸੁੱਖਾ ਕਲੌਦੀ ਵੀ ਅਮਰੀਕਾ ਸੈਟਲ ਕਰਵਾਇਆ। ਇਸ ਤੋਂ ਇਲਾਵਾ ਲੁਧਿਆਣਾ ਦੇ ਗੈਂਗਸਟਰ ਗੁਰਪ੍ਰੀਤ ਸਿੰਘ ਨੂੰ ਕੈਨੇਡਾ ਭੇਜਿਆ।
ਇਹ ਵੀ ਪੜ੍ਹੋ : ਸਕੂਲਾਂ ਦਾ ਸਮਾਂ ਬਦਲਣ ਤੋਂ ਬਾਅਦ ਸਿੱਖਿਆ ਵਿਭਾਗ ਨੇ ਜਾਰੀ ਕੀਤੀ ਐਡਵਾਈਜ਼ਰੀ, ਪ੍ਰਾਈਵੇਟ ਸਕੂਲਾਂ ਨੂੰ ਸਿੱਧੀ ਚੇਤਾਵਨੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8