2 ਸਾਲ ਪਹਿਲਾਂ ਚੱਲਦੀ ਗੱਡੀ 'ਚ ਹੋਇਆ ਸੀ ਗੈਂਗਰੇਪ, ਪੁਲਸ ਨੇ ਨਾ ਸੁਣੀ ਤਾਂ ਪੀੜਤਾ ਨੇ ਖ਼ੁਦ ਹੀ ਲੱਭ ਲਏ ਮੁਲਜ਼ਮ

Monday, Aug 08, 2022 - 12:58 PM (IST)

2 ਸਾਲ ਪਹਿਲਾਂ ਚੱਲਦੀ ਗੱਡੀ 'ਚ ਹੋਇਆ ਸੀ ਗੈਂਗਰੇਪ, ਪੁਲਸ ਨੇ ਨਾ ਸੁਣੀ ਤਾਂ ਪੀੜਤਾ ਨੇ ਖ਼ੁਦ ਹੀ ਲੱਭ ਲਏ ਮੁਲਜ਼ਮ

ਲੁਧਿਆਣਾ (ਰਾਜ) : 2 ਸਾਲ ਪਹਿਲਾਂ ਜਲੰਧਰ ਬਾਈਪਾਸ ਤੋਂ ਇਕ ਔਰਤ ਨੂੰ ਕਾਰ ਸਵਾਰ 4 ਵਿਅਕਤੀਆਂ ਨੇ ਅਗਵਾ ਕਰ ਲਿਆ ਸੀ, ਫਿਰ ਚੱਲਦੀ ਗੱਡੀ ’ਚ ਜਬਰ-ਜ਼ਿਨਾਹ ਕਰ ਕੇ ਉਸ ਨੂੰ ਖਰੜ ਛੱਡ ਦਿੱਤਾ ਸੀ। ਔਰਤ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਅਤੇ ਜਦੋਂ ਕੋਈ ਕਾਰਵਾਈ ਨਾ ਹੋਈ ਤਾਂ ਔਰਤ ਮੁੜ ਮੁਲਜ਼ਮਾਂ ਦੀ ਭਾਲ ’ਚ ਜਲੰਧਰ ਬਾਈਪਾਸ ਪਹੁੰਚੀ, ਜਿੱਥੋਂ ਮੁੜ 2 ਮੁਲਜ਼ਮਾਂ ਨੇ ਉਸ ਨੂੰ ਅਗਵਾ ਕਰ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਔਰਤ ਨੇ ਇਸ ਦੀ ਸ਼ਿਕਾਇਤ ਵੱਖ-ਵੱਖ ਥਾਣਿਆਂ ਦੀ ਪੁਲਸ ਨੂੰ ਕੀਤੀ। ਇਸ ਤੋਂ ਬਾਅਦ ਹੁਣ ਥਾਣਾ ਹੈਬੋਵਾਲ ਦੀ ਪੁਲਸ ਨੇ 4 ਮੁਲਜ਼ਮਾਂ ’ਤੇ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਪੰਜਾਬ ਭਰ ਦੀਆਂ ਤਹਿਸੀਲਾਂ 'ਚ ਅੱਜ ਕਾਲੋਨਾਈਜ਼ਰਾਂ ਤੇ ਪ੍ਰਾਪਰਟੀ ਡੀਲਰਾਂ ਵੱਲੋਂ ਧਰਨਾ-ਪ੍ਰਦਰਸ਼ਨ

ਮੁਲਜ਼ਮਾਂ ’ਚ ਬਰਜਿੰਦਰ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਸੁਖਦੇਵ ਸਿੰਘ ਉਰਫ਼ ਹੈਪੀ ਅਤੇ ਪਰਮਜੀਤ ਸਿੰਘ ਉਰਫ਼ ਪੰਮਾ ਵਾਸੀ ਗੁਰਦਾਸਪੁਰ ਸ਼ਾਮਲ ਹਨ। ਪੁਲਸ ਨੇ ਮੁਲਜ਼ਮਾਂ ਦੀ ਭਾਲ ’ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਪੀੜਤ ਔਰਤ ਨੇ ਦੱਸਿਆ ਕਿ ਉਹ ਇਕ ਨਿੱਜੀ ਕੰਪਨੀ ’ਚ ਕੰਮ ਕਰਦੀ ਹੈ। ਸਾਲ 2020 ’ਚ ਉਹ ਕੰਮ ਤੋਂ ਛੁੱਟੀ ਲੈ ਕੇ ਘਰ ਵਾਪਸ ਜਾ ਰਹੀ ਸੀ। ਜਦੋਂ ਉਹ ਜਲੰਧਰ ਬਾਈਪਾਸ ’ਤੇ ਖੜ੍ਹੀ ਸੀ ਤਾਂ ਉਦੋਂ ਇਕ ਚਿੱਟੇ ਰੰਗ ਦੀ ਕਾਰ ਉਸ ਦੇ ਨੇੜੇ ਆ ਕੇ ਰੁਕੀ, ਜਿਸ 'ਚ ਪੱਗਾਂ ਵਾਲੇ 4 ਵਿਅਕਤੀ ਸਵਾਰ ਸਨ। ਮੁਲਜ਼ਮਾਂ ਨੇ ਪਹਿਲਾਂ ਉਸ ਦਾ ਪਤਾ ਪੁੱਛਣ ਦੇ ਬਹਾਨੇ ਉਸ ਨਾਲ ਗੱਲ ਕੀਤੀ, ਫਿਰ ਉਸ ਨੂੰ ਜ਼ਬਰਦਸਤੀ ਕਾਰ ’ਚ ਬਿਠਾ ਕੇ ਚੰਡੀਗੜ੍ਹ ਲੈ ਗਏ।

ਇਹ ਵੀ ਪੜ੍ਹੋ : ਲੁਧਿਆਣਾ 'ਚ ਲੰਪੀ ਸਕਿਨ ਬੀਮਾਰੀ ਕਾਰਨ 10 ਤੇ ਬਨੂੜ 'ਚ 40 ਪਸ਼ੂਆਂ ਦੀ ਮੌਤ, ਵਿਭਾਗ ਵੱਲੋਂ ਮੁਫ਼ਤ ਇਲਾਜ ਸ਼ੁਰੂ

ਇਸ ਦੌਰਾਨ ਮੁਲਜ਼ਮਾਂ ਨੇ ਚੱਲਦੀ ਗੱਡੀ ’ਚ ਉਸ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ। ਫਿਰ ਵਾਪਸ ਆ ਕੇ ਉਸ ਨੂੰ ਖਰੜ ਇਲਾਕੇ ’ਚ ਛੱਡ ਦਿੱਤਾ, ਜਿੱਥੋਂ ਉਹ ਕਿਸੇ ਅਣਪਛਾਤੇ ਵਿਅਕਤੀ ਤੋਂ ਪੈਸੇ ਮੰਗ ਕੇ ਵਾਪਸ ਆਪਣੇ ਘਰ ਪਹੁੰਚੀ। ਇਸ ਸਬੰਧੀ ਉਸ ਨੇ ਗੁਰਦਾਸਪੁਰ, ਚੰਡੀਗੜ੍ਹ ਅਤੇ ਲੁਧਿਆਣਾ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ। ਉਸ ਕੋਲ ਸਿਰਫ਼ ਮੁਲਜ਼ਮਾਂ ਦੀ ਗੱਡੀ ਦਾ ਨੰਬਰ ਸੀ। ਇਸ ਲਈ ਪੁਲਸ ਨੇ ਉਸ ਦੀ ਕਿਸੇ ਵੀ ਸ਼ਿਕਾਇਤ ’ਤੇ ਕੋਈ ਧਿਆਨ ਨਹੀਂ ਦਿੱਤਾ। ਅਖ਼ੀਰ ਉਸ ਨੇ ਆਪਣੇ ਪੱਧਰ ’ਤੇ ਮੁਲਜ਼ਮਾਂ ਨੂੰ ਟਰੇਸ ਕਰਨ ਦਾ ਫ਼ੈਸਲਾ ਕੀਤਾ ਅਤੇ ਲਗਾਤਾਰ ਜਲੰਧਰ ਬਾਈਪਾਸ ਵੱਲ ਜਾਣਾ ਸ਼ੁਰੂ ਕਰ ਦਿੱਤਾ। ਜਦੋਂ ਉਹ 12 ਜੁਲਾਈ, 2022 ਨੂੰ ਜਲੰਧਰ ਬਾਈਪਾਸ ਚੌਂਕ ’ਤੇ ਪਹੁੰਚੀ ਤਾਂ ਉਸ ਨੇ ਚਾਰ ਮੁਲਜ਼ਮਾਂ ’ਚੋਂ 2 ਨੂੰ ਇਕ ਹੋਰ ਗੱਡੀ ’ਚ ਦੇਖਿਆ। ਮੁਲਜ਼ਮਾਂ ਨੇ ਉਸ ਨੂੰ ਦੇਖ ਲਿਆ ਅਤੇ ਫਿਰ ਉਸ ਨੂੰ ਕਾਰ ’ਚ ਬਿਠਾ ਕੇ ਚੰਡੀਗੜ੍ਹ ਵੱਲ ਲੈ ਗਏ।

ਇਹ ਵੀ ਪੜ੍ਹੋ : NRI ਮੁੰਡੇ ਨਾਲ ਵਿਆਹ ਕਰਵਾ ਅਮਰੀਕਾ ਪੁੱਜੀ ਕੁੜੀ, ਅਸਲੀਅਤ ਸਾਹਮਣੇ ਆਈ ਤਾਂ ਸਹੁਰਿਆਂ ਦੇ ਉੱਡੇ ਹੋਸ਼

ਫਿਰ ਮੁਲਜ਼ਮਾਂ ਨੇ ਗੱਡੀ ਦੇ ਅੰਦਰ ਉਸ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ। ਜਦੋਂ ਮੁਲਜ਼ਮ ਉਸ ਨੂੰ ਖਰੜ ਛੱਡ ਕੇ ਜਾਣ ਲੱਗਾ ਤਾਂ ਉਸ ਨੇ ਕਾਰ ’ਚ ਪਿਆ ਇਕ ਮੁਲਜ਼ਮ ਦਾ ਆਧਾਰ ਕਾਰਡ ਚੁੱਕ ਲਿਆ, ਜਿਸ ’ਤੇ ਨਾਮ ਪਤਾ ਵੀ ਸੀ। ਇਸ ਤੋਂ ਇਲਾਵਾ ਹੋਰ ਮੁਲਜ਼ਮਾਂ ਦੇ ਨਾਂ-ਪਤੇ ਵੀ ਪਤਾ ਲੱਗੇ, ਜਿਸ ਤੋਂ ਬਾਅਦ ਉਸ ਨੇ ਦੁਬਾਰਾ ਪੁਲਸ ਨੂੰ ਸ਼ਿਕਾਇਤ ਦਿੱਤੀ। ਥਾਣਾ ਹੈਬੋਵਾਲ ਦੇ ਐੱਸ. ਐੱਚ. ਓ. ਅੰਮ੍ਰਿਤਪਾਲ ਸ਼ਰਮਾ ਦਾ ਕਹਿਣਾ ਹੈ ਕਿ ਪਹਿਲਾਂ ਦੀ ਸ਼ਿਕਾਇਤ ਬਾਰੇ ਨਹੀਂ ਪਤਾ। ਹੁਣ ਔਰਤ ਦੀ ਸ਼ਿਕਾਇਤ ਮਿਲਣ ਦੇ ਤੁਰੰਤ ਬਾਅਦ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


author

Babita

Content Editor

Related News