ਗੈਂਗਰੈਪ ਕੇਸ : ਸੁਣਵਾਈ 17 ਦਸੰਬਰ ਲਈ ਟਲੀ, ਬਾਕੀ 4 ਗਵਾਹ ਅਦਾਲਤ ''ਚ ਪੇਸ਼

12/13/2019 5:00:39 PM

ਲੁਧਿਆਣਾ (ਮਹਿਰਾ) : ਵਧੀਕ ਸੈਸ਼ਨ ਜੱਜ ਰਸ਼ਮੀ ਸ਼ਰਮਾ ਦੀ ਅਦਾਲਤ 'ਚ ਮਹਾਨਗਰ ਦੇ ਬਹੁ-ਚਰਚਿਤ ਈਸੇਵਾਲ ਨਹਿਰ ਕੋਲ ਗੈਂਗਰੈਪ ਮਾਮਲੇ 'ਚ ਬਾਕੀ 4 ਗਵਾਹ ਵੀ ਅਦਾਲਤ 'ਚ ਪੇਸ਼ ਹੋਏ। ਸਰਕਾਰੀ ਵਕੀਲ ਬੀ. ਡੀ. ਗੁਪਤਾ ਨੇ ਦੱਸਿਆ ਕਿ ਅਦਾਲਤ 'ਚ 4 ਸਰਕਾਰੀ ਗਵਾਹ ਪੇਸ਼ ਹੋਏ ਅਤੇ ਉਨ੍ਹਾਂ ਦੀ ਗਵਾਹੀ ਕਲਮਬੰਦ ਕਰਵਾਈ ਗਈ। ਉਨ੍ਹਾਂ 'ਤੇ ਬਚਾਅ ਪੱਖ ਦੇ ਵਕੀਲਾਂ ਵੱਲੋਂ ਖਾਸ ਐਗਜ਼ਾਮੀਨੇਸ਼ਨ ਵੀ ਪੂਰਾ ਕਰ ਲਿਆ ਗਿਆ ਹੈ, ਜਿਸ ਤੋਂ ਬਾਅਦ ਅਦਾਲਤ ਵੱਲੋਂ ਮਾਮਲੇ ਨੂੰ 17 ਦਸੰਬਰ ਤੱਕ ਲਈ ਟਾਲਦੇ ਹੋਏ ਸਰਕਾਰੀ ਪੱਖ ਨੂੰ ਆਪਣੀਆਂ ਬਾਕੀ ਗਵਾਹੀਆਂ ਅਦਾਲਤ 'ਚ ਪੇਸ਼ ਕਰਨ ਨੂੰ ਕਿਹਾ ਹੈ। ਸਰਕਾਰੀ ਵਕੀਲ ਨੇ ਦੱਸਿਆ ਕਿ ਅਦਾਲਤ 'ਚ ਪੀੜਤਾ ਦੀ ਗਵਾਹੀ ਪਹਿਲਾਂ ਕਲਮਬੰਦ ਕਰਵਾਈ ਜਾ ਚੁੱਕੀ ਹੈ।

ਪੁਲਸ ਵੱਲੋਂ ਅਪ੍ਰੈਲ 'ਚ ਹੀ ਦੋਸ਼ੀਆਂ ਖਿਲਾਫ ਚਾਰਜਸ਼ੀਟ ਫਾਈਲ ਕਰ ਦਿੱਤੀ ਗਈ ਸੀ। ਪੁਲਸ ਦਾਖਾ ਵੱਲੋਂ ਪੀੜਤ ਲੜਕੀ ਦੀ ਸ਼ਿਕਾਇਤ 'ਤੇ ਦੋਸ਼ੀ ਸਾਦਿਕ ਅਲੀ ਵਾਸੀ ਥਾਣਾ ਮੁਕੰਦਪੁਰ ਜ਼ਿਲਾ ਨਵਾਂਸਹਿਰ, ਜਗਰੂਪ ਸਿੰਘ ਉਰਫ ਰੂਪੀ ਵਾਸੀ ਪਿੰਡ ਜਸਪਾਲ ਬਾਗੜ, ਅਜੇ ਉਰਫ ਬਿਰਜਨੰਦਨ ਵਾਸੀ ਯੂ.ਪੀ., ਸੈਫ ਅਲੀ ਵਾਸੀ ਹਿਮਾਚਲ ਪ੍ਰਦੇਸ਼, ਸੂਰਮਾ ਵਾਸੀ ਖਾਨਪੁਰ ਪੁਲਸ ਥਾਣਾ ਡੇਹਲੋਂ ਦੇ ਗੈਂਗਰੈਪ ਦੇ ਦੋਸ਼ 'ਚ ਧਾਰਾ 376ਡੀ, 342, 384,354 ਬੀ, 279 ਬੀ 364 ਏ, 397 ਆਈ.ਪੀ. ਐੱਸ. ਤਹਿਤ 10 ਫਰਵਰੀ 2019 ਨੂੰ ਪੁਲਸ ਨੇ ਮਾਮਲਾ ਦਰਜ ਕੀਤਾ ਸੀ।

ਇਹ ਸੀ ਮਾਮਲਾ
ਵਰਣਨਯੋਗ ਹੈ ਕਿ 9 ਫਰਵਰੀ ਦੀ ਰਾਤ ਪੀੜਤਾ ਆਪਣੇ ਇਕ ਮਰਦ ਮਿੱਤਰ ਨਾਲ ਲੁਧਿਆਣਾ ਦੇ ਦਾਖਾ ਪੁਲਸ ਥਾਣੇ ਦੇ ਅਧੀਨ ਆਉਂਦੇ ਇਕ ਨਹਿਰ ਦੇ ਕੋਲ ਪੁੱਜੇ ਤਾਂ ਤਿੰਨ ਦੋਸ਼ੀਆਂ ਨੇ ਆਪਣਾ ਮੋਟਰਸਾਈਕਲ ਉਨ੍ਹਾਂ ਦੀ ਕਾਰ ਦੇ ਅੱਗੇ ਲਾ ਦਿੱਤਾ ਅਤੇ 1 ਦੋਸ਼ੀ ਨੇ ਉਨ੍ਹਾਂ ਦੀ ਕਾਰ 'ਤੇ ਇੱਟ ਮਾਰੀ ਤੇ 2 ਨੇ ਉਨ੍ਹਾਂ ਦੀ ਕਾਰ ਦਾ ਸਟੇਰਿੰਗ ਫੜ ਲਿਆ। ਉਨ੍ਹਾਂ ਨੇ ਮੌਕੇ 'ਤੇ ਹੋਰ ਲੜਕੇ ਬੁਲਾ ਲਏ ਜਿਨ੍ਹਾਂ ਨੇ ਆਉਂਦੇ ਹੀ ਉਸ ਦੇ ਮਿੱਤਰ ਨੂੰ ਕਾਰ ਦੀ ਪਿਛਲੀ ਸੀਟ 'ਤੇ ਸੁੱਟ ਦਿੱਤਾ ਅਤੇ ਸਾਰੇ ਵਿਅਕਤੀ ਉਸ ਨੂੰ ਕਾਰ ਸਮੇਤ ਇਕ ਸੁੰਨਸਾਨ ਪਲਾਟ 'ਚ ਲੈ ਗਏ ਜਿੱਥੇ ਉਨ੍ਹਾਂ ਨੇ ਉਸ ਦੇ ਮਰਦ ਮਿੱਤਰ ਨੂੰ ਕਾਰ 'ਚ ਹੀ ਬੰਦੀ ਬਣਾ ਲਿਆ ਅਤੇ ਉਸ ਨਾਲ 10 ਵਿਅਕਤੀਆਂ ਨੇ ਗੈਂਗਰੇਪ ਕੀਤਾ।


Anuradha

Content Editor

Related News