ਲੁਧਿਆਣਾ ਤੋਂ ਬਾਅਦ ਹੁਣ ਫਿਲੌਰ ''ਚ ਹੋਇਆ ਨਾਬਾਲਿਗਾ ਨਾਲ ਗੈਂਗਰੇਪ

02/12/2019 11:47:31 PM

ਫਿਲੌਰ, (ਭਾਖੜੀ)- ਲੁਧਿਆਣਾ ਦੇ ਈਸੇਵਾਲ 'ਚ ਲੜਕੀ ਨਾਲ ਹੋਏ ਗੈਂਗ ਰੇਪ ਦਾ ਮਾਮਲਾ ਅਜੇ ਪੂਰੀ ਤਰ੍ਹਾਂ ਸੁਲਝਿਆ ਵੀ ਨਹੀਂ ਕਿ ਸਥਾਨਕ ਸ਼ਹਿਰ ਵਿਚ ਬੀਤੀ ਰਾਤ ਇਕ ਹੋਰ ਸ਼ਮਰਨਾਕ ਵਾਰਦਾਤ ਨੂੰ ਮੁਲਜ਼ਮਾਂ ਨੇ ਅੰਜਾਮ ਦੇ ਦਿੱਤਾ। ਰਾਤ ਸਾਢੇ 9 ਵਜੇ ਆਪਣੇ ਦੋਸਤ ਨਾਲ ਪੈਦਲ ਸੈਰ ਕਰ ਰਹੀ 15 ਸਾਲਾ ਨਾਬਾਲਿਗਾ ਨੂੰ ਤਿੰਨ ਲੜਕਿਆਂ ਨੇ ਕਿਡਨੈਪ ਕਰ ਕੇ 2 ਨੇ ਗੈਂਗ ਰੇਪ ਕੀਤਾ। ਲੜਕਿਆਂ ਨਾਲ ਮੁਕਾਬਲਾ ਕਰਦਿਆਂ ਲੜਕੀ ਦੀ ਇਕ ਲੱਤ ਟੁੱਟ ਗਈ, ਉਹ ਦਰਦ ਨਾਲ ਤੜਫ ਰਹੀ ਸੀ। ਉਸ ਦੇ ਬਾਵਜੂਦ ਦਰਿੰਦਿਆਂ ਨੇ ਆਪਣੀ ਹਵਸ ਬੁਝਾਏ ਬਿਨਾਂ ਲੜਕੀ ਨੂੰ ਨਹੀਂ ਬਖਸ਼ਿਆ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਪੀੜਤਾ ਦੇ ਦੋਸਤ ਤੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਇਕ ਮੁਲਜ਼ਮ ਅਜੇ ਫਰਾਰ ਦੱਸਿਆ ਜਾ ਰਿਹਾ ਹੈ। ਸਥਾਨਕ ਸਿਵਲ ਹਸਪਤਾਲ 'ਚ ਦਾਖਲ ਲੜਕੀ ਨਾਲ ਬੈਠੀ ਉਸ ਦੀ ਮਾਂ ਨੇ ਦੱਸਿਆ ਕਿ ਬੀਤੀ ਰਾਤ ਸਾਢੇ 9 ਵਜੇ ਉਨ੍ਹਾਂ ਦੇ ਮੁਹੱਲੇ ਦਾ ਰਹਿਣ ਵਾਲਾ ਰਾਜੀਵ (23) ਬੇਟੀ ਨੂੰ ਸੈਰ ਕਰਨ ਦੇ ਬਹਾਨੇ ਆਪਣੇ ਨਾਲ ਜੰਗਲ ਵੱਲ ਲੈ ਗਿਆ, ਜਿਥੇ ਝਾੜੀਆਂ 'ਚ ਲਿਜਾ ਕੇ ਉਸ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਉਸੇ ਸਮੇਂ ਉਥੇ ਸ਼ਰਾਬ ਦੇ ਨਸ਼ੇ ਵਿਚ ਧੁੱਤ ਤਿੰਨ ਲੜਕੇ ਪੁੱਜ ਗਏ, ਜੋ ਸੈਰ ਕਰਨ ਜਾਂਦੇ ਸਮੇਂ ਉਨ੍ਹਾਂ ਨੂੰ ਰਸਤੇ ਵਿਚ ਵੀ ਮਿਲੇ ਸਨ।
ਪੀੜਤ ਲੜਕੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਪਹਿਲਾਂ ਰਾਜੀਵ ਨੂੰ ਫੜ ਕੇ ਉਸ ਦੀ ਚੁੰਨੀ ਨਾਲ ਦੋਵੇਂ ਬਾਹਾਂ ਬੰਨ੍ਹ ਦਿੱਤੀਆਂ। ਰੌਲਾ  ਪਾਉਣ 'ਤੇ ਮੁਲਜ਼ਮਾਂ ਨੇ ਦੋਵਾਂ ਨਾਲ ਬੁਰੀ ਤਰ੍ਹਾਂ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਪੀੜਤ ਲੜਕੀ ਕਿਸੇ ਤਰ੍ਹਾਂ ਮੁਲਜ਼ਮਾਂ ਨਾਲ ਮੁਕਾਬਲਾ ਕਰ ਕੇ ਉਥੋਂ ਭੱਜਣ ਵਿਚ ਕਾਮਯਾਬ ਤਾਂ ਹੋ ਗਈ ਪਰ ਕਿਸਮਤ ਨੇ ਉਸ ਦਾ ਸਾਥ ਨਹੀਂ ਦਿੱਤਾ। ਹਨੇਰਾ ਹੋਣ ਕਾਰਨ ਉਹ ਇਕ ਟੋਏ ਵਿਚ ਡਿੱਗ ਗਈ, ਜਿਸ ਕਾਰਨ ਉਸ ਦੀ ਇਕ ਲੱਤ ਟੁੱਟ ਗਈ। ਲੜਕੀ ਦਰਦ ਨਾਲ ਤੜਫ ਰਹੀ ਸੀ। ਦਰਿੰਦਿਆਂ ਨੂੰ ਉਸ 'ਤੇ ਤਰਸ ਨਾ ਆਇਆ ਤੇ 2 ਲੜਕਿਆਂ ਨੇ ਉਸ ਨਾਲ ਜਬਰ-ਜ਼ਨਾਹ ਕੀਤਾ, ਜਦੋਂ ਕਿ ਤੀਜਾ ਮੁਲਜ਼ਮ ਜਬਰ-ਜ਼ਨਾਹ ਕਰਨ ਵਿਚ ਅਸਫਲ ਰਿਹਾ।
ਨਾਬਾਲਿਗਾ ਦੇ ਦੋਸਤ ਨੇ ਹੀ ਮਦਦ ਲਈ ਪਾਇਆ ਰੌਲਾ
ਗੜ੍ਹਾ ਰੋਡ ਵਾਸੀ ਜਸਪਾਲ ਸਿੰਘ ਜੋ ਘਰ ਦੇ ਬਾਹਰ ਕਰਿਆਨੇ ਦੀ ਦੁਕਾਨ ਕਰਦਾ ਹੈ, ਨੇ ਦੱਸਿਆ ਕਿ ਰਾਤ ਸਾਢੇ 10 ਵਜੇ ਕਾਫੀ ਬੁਰੀ ਹਾਲਤ 'ਚ ਰਾਜੀਵ ਕੁਮਾਰ ਉਨ੍ਹਾਂ ਦੇ ਘਰ ਦੇ ਬਾਹਰ ਪੁੱਜਾ, ਜਿਸ ਦੀਆਂ ਦੋਵੇਂ ਬਾਹਾਂ ਪਿੱਛੇ ਚੁੰਨੀ ਨਾਲ ਬੰਨ੍ਹੀਆਂ ਹੋਈਆਂ ਸਨ ਅਤੇ ਉਸ ਦੀ ਪੈਂਟ ਉੱਤਰੀ ਹੋਈ ਸੀ। ਉਸ ਨੇ ਸਾਰੀ ਗੱਲ ਦੱਸੀ, ਜਿਵੇਂ ਹੀ ਉਹ ਮੁਹੱਲਾ ਵਾਸੀਆਂ ਨੂੰ ਇਕੱਠਾ ਕਰ ਕੇ ਜੰਗਲ ਦੇ ਅੰਦਰ ਦਾਖਲ ਹੋਏ ਤਾਂ ਲੜਕੀ ਝਾੜੀਆਂ ਵਿਚ ਜ਼ਖਮੀ ਹਾਲਤ 'ਚ ਪਈ ਸੀ। ਉਸ ਦੌਰਾਨ ਪਤਾ ਲੱਗਾ ਕਿ ਉਸ ਦੀ ਇਕ ਲੱਤ ਟੁੱਟ ਚੁੱਕੀ ਹੈ, ਜਿਸ ਨੂੰ ਲੋਕਾਂ ਨੇ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਫਿਲੌਰ ਵਿਚ ਦਾਖਲ ਕਰਵਾਇਆ।
ਫਿਲੌਰ ਪੁਲਸ ਦੀ ਕਾਰਜਪ੍ਰਣਾਲੀ ਦੀ ਹਰ ਪਾਸੇ ਹੋ ਰਹੀ ਹੈ ਪ੍ਰਸ਼ੰਸਾ
ਇਸ ਸਬੰਧੀ ਪੁੱਛਣ 'ਤੇ ਥਾਣਾ ਮੁਖੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਪੀੜਤ ਲੜਕੀ ਦੇ ਬਿਆਨਾਂ 'ਤੇ ਰਾਜੀਵ ਕੁਮਾਰ ਨੂੰ ਸ਼ਿਕਾਇਤ ਮਿਲਦਿਆਂ ਹੀ ਸਵੇਰ ਸਮੇਂ ਫੜ ਲਿਆ। ਉਕਤ ਲੜਕੇ ਨੇ ਰਾਤ ਦੀ ਘਟਨਾ ਦੱਸਦੇ ਹੋਏ ਤਿੰਨਾਂ ਲੜਕਿਆਂ ਦੇ ਜੋ ਹੁਲੀਏ ਦੱਸੇ, ਉਸ ਆਧਾਰ 'ਤੇ ਕਥਿਤ ਜਬਰ-ਜ਼ਨਾਹ ਕਰਨ ਵਾਲੇ ਅਮਿਤ ਉਰਫ ਚੇਤੂ, ਜਤਿੰਦਰ ਉਰਫ ਜੋਗਿੰਦਰ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ, ਜਦੋਂਕਿ ਉਨ੍ਹਾਂ ਦਾ ਤੀਜਾ ਸਾਥੀ ਬੰਟੀ ਘਟਨਾ ਤੋਂ ਬਾਅਦ ਫਰਾਰ ਹੋ ਗਿਆ, ਜਿਸ ਦੀ ਭਾਲ 'ਚ ਪੁਲਸ ਛਾਪੇਮਾਰੀ ਕਰ ਰਹੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਆਪਣਾ ਜੁਰਮ ਕਬੂਲਦੇ ਹੋਏ ਮੰਨਿਆ ਕਿ ਪੀੜਤ ਲੜਕੀ ਦਾ ਪਹਿਲਾਂ ਬੰਟੀ ਨੇ ਰੇਪ ਕੀਤਾ, ਬਾਅਦ ਵਿਚ ਅਮਿਤ ਨੇ, ਜਦੋਂਕਿ ਜੋਗਿੰਦਰ ਜਬਰ-ਜ਼ਨਾਹ ਕਰਨ ਵਿਚ ਅਸਫਲ ਰਿਹਾ। ਮੁਲਜ਼ਮਾਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ।


KamalJeet Singh

Content Editor

Related News